ਗੁਰੂ ਜੀ ਨੂੰ ਪਥੱਰ ਮਾਰਨੇ


ਮੱਕਾ ਤੋਂ ਗੁਰੂ ਜੀ ਬਗਦਾਦ ਪਹੁੰਚੇ। ਇਹ ਸ਼ਹਿਰ ਵੀ ਇਸਲਾਮ ਦਾ ਵੱਡਾ ਗੜ੍ਹ ਸੀ। ਆਪ ਨਗਰ ਤੋਂ ਬਾਹਰ ਇਕ ਨਿਵੇਕਲੀ ਥਾਂ ਤੇ ਜਾ ਟਿਕੇ। ਫ਼ਜਰ ਦੇ ਸਮੇਂ ਮੁੱਲਾਂ ਨੇ ਬਾਂਗ ਦਿੱਤੀ ਅਤੇ ਲੋਕ ਨਿਮਾਜ਼ ਪੜ੍ਹਨ ਲਈ ਮਸੀਤੇ ਜਾਣੇ ਸ਼ੁਰੂ ਹੋਏ। ਗੁਰੂ ਜੀ ਨੇ ਮਿੱਠੀ ਧੁਨ ਵਿਚ ‘ਸਤਿ ਕਰਤਾਰ, ਸਤਿ ਕਰਤਾਰ' ਦਾ ਜਾਪ ਸ਼ੁਰੂ ਕਿਤਾ। ਲੋਕਾਂ ਦੇ ਕੰਨੀਂ ਇਹ ਨਵੀਂ ਕਿਸਮ ਦੀ ਬਾਂਗ ਪਈ ਤਾਂ ਉਹ ਹੈਰਾਨ ਹੋਣ ਲਗੇ।

ਇਸੇ ਵੇਲੇ ਭਾਈ ਮਰਦਾਨਾ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਤੇ ਗੁਰੂ ਜੀ ਉਸ ਦੀ ਤਾਲ ਨਾਲ ਸ਼ਬਦ ਉਚਾਰਨ ਲਗੇ। ਇਸਲਾਮ ਵਿਚ ਰਾਗ ਸੰਗੀਤ ਨਖਿੱਧ ਮੰਨਿਆ ਜਾਂਦਾ ਹੈ। ਉਸੇ ਇਸਲਾਮ ਦੇ ਗੜ੍ਹ ਵਿਚ ਸ਼ਰ੍ਹਾ ਦੀ ਇਹ ਉਲੰਘਣਾ ਹੁੰਦੀ ਵੇਖ ਕੇ ਕੱਟੜਵਾਦੀ ਮੁਸਲਮਾਨ ਕ੍ਰੋਧਵਾਨ ਹੋ ਉੱਠੇ।

ਉਹਨਾਂ ਨੇ ਉਸੇ ਵੇਲੇ ਬਗਦਾਦ ਦੇ ਹਾਕਮ ਤੇ ਵੱਡੇ ਪੀਰ ਕੋਲ ਜਾ ਸ਼ਿਕਾਇਤ ਕੀਤੀ। ਉਨ੍ਹਾਂ ਨੇ ਵਿਚਾਰ ਕਰਕੇ ਹੁਕਮ ਜਾਰੀ ਕੀਤਾ ਕਿ ਦੋਹਾਂ ਕਾਫ਼ਰਾਂ ਨੂੰ ਫੋਰਨ ਸੰਗਸਾਰ ਕੀਤਾ ਜਾਵੇ ਭਾਵ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਏ। ਹੁਕਮ ਮਿਲਦਿਆਂ ਹੀ ਲੋਕ ਰੋੜੇ ਲੈ ਕੇ ਗੁਰੂ ਜੀ ਤੇ ਭਾਈ ਮਰਦਾਨੇ ਵਲ ਉਮ੍ਹਲ ਪਏ। ਪਰ ਜਿਵੇਂ ਹੀ ਉਨ੍ਹਾਂ ਦੀਆਂ ਨਜ਼ਰਾਂ ਸਤਿਗੁਰਾਂ ਦੇ ਇਲਾਹੀ ਨੂਰ ਭਰੇ ਚਿਹਰੇ ਤੇ ਪਈਆਂ।

ਉਨ੍ਹਾਂ ਦੇ ਹੱਥ ਰੁਕ ਗਏ ਤੇ ਉਹ ਗੁਰੂ ਜੀ ਵਲ ਵੇਖਦੇ ਰਹਿ ਗਏ। ਤਦ ਗੁਰੂ ਜੀ ਨੇ ਮਿੱਠੇ ਬਚਨਾਂ ਦੁਆਰਾ ਉਹਨਾਂ ਨੂੰ ਸੱਚ ਧਰਮ ਦਾ ਗਿਆਨ ਕਰਵਾਇਆ। ਲੋਕਾਂ ਦਾ ਕ੍ਰੋਧ ਸ਼ਾਂਤ ਹੋ ਗਿਆ। ਉਹ ਅਸਚਰਜ ਵਿਚ ਡੁੱਬੇ ਸਤਿਗੁਰਾਂ ਦੇ ਸਤ ਬਚਨ ਸੁਣਦੇ ਗਏ ਤੇ ਨਿਹਾਲ ਹੁੰਦੇ ਗਏ। ਵੱਡੇ ਪੀਰ ਨੂੰ ਖ਼ਬਰ ਹੋਈ ਤਾਂ ਉਹ ਵੀ ਇਸ ਅਨੋਖੇ ਫ਼ਕੀਰ ਨੂੰ ਵੇਖਣ ਪਹੁੰਚਾ। ਉਸ ਨੇ ਗੁਰੂ ਜੀ ਤੇ ਕਈ ਪ੍ਰਕਾਰ ਦੇ ਸਵਾਲ ਕੀਤੇ।

ਗੁਰੂ ਜੀ ਨੇ ਦਲੀਲ ਭਰੇ ਢੰਗ ਨਾਲ ੳੱਤਰ ਦਿੱਤੇ ਜਿਸ ਨਾਲ ਪੀਰ ਹੁਰਾਂ ਦੀ ਪੂਰੀ ਤਰ੍ਹਾਂ ਤਸੱਲੀ ਹੋ ਗਈ। ਗੁਰੂ ਜੀ ਨੇ ਸਭਨਾਂ ਨੂੰ ਕੱਟੜਵਾਦ ਤੇ ਅੰਧ ਵਿਸ਼ਵਾਸ ਤਿਆਗ ਕੇ ਸੱਚ ਧਰਮ ਦਾ ਰਾਹ ਪਕੜਨ ਦਾ ਉਪਦੇਸ਼ ਦਿਤਾ ਅਤੇ ਮਨੁੱਖ ਮਾਤਰ ਨੂੰ ਰੱਬ ਦਾ ਰੂਪ ਸਮਝ ਕੇ ਪਿਆਰਨ ਤੇ ਉਸ ਦੀ ਸੇਵਾ ਕਰਨ ਦੀ ਪ੍ਰੇਰਨਾ ਕੀਤੀ।

Disclaimer Privacy Policy Contact us About us