ਪੀਰ ਹਮਜ਼ਾ ਗੌਂਸ


ਸਿਆਲਕੋਟ ਵਿਖੇ ਉਨ੍ਹਾਂ ਸਮਿਆਂ ਵਿਚ ਇਕ ਹਮਜ਼ਾ ਗੌਂਸ ਨਾਮੀ ਉੱਘਾ ਫਕੀਰ ਰਹਿੰਦਾ ਸੀ। ਉਸ ਨੇ ਕਈ ਪ੍ਰਕਾਰ ਦੇ ਤਪ ਅਤੇ ਚਿਲ੍ਹੇ ਸਾਧੇ ਹੋਏ ਸਨ। ਸਿਆਲਕੋਟ ਸ਼ਹਿਰ ਵਿਚ ਵੀ ਇਕ ਧਨਾਢ ਖੱਤਰੀ ਰਹਿੰਦਾ ਸੀ। ਕੋਈ ਔਲਾਦ ਨਾ ਹੋਣ ਕਰਕੇ ਉਹ ਬੜਾ ਫਿਕਰਮੰਦ ਸੀ। ਲੋਕਾਂ ਦੇ ਕਹਿਣ ਉਤੇ ਉਹ ਪੀਰ ਪਾਸ ਗਿਆ ਅਤੇ ਬੇਨਤੀ ਕੀਤੀ ਕਿ ਉਸ ਨੂੰ ਪੁੱਤਰ ਦੀ ਦਾਤ ਦੀ ਬਖਸ਼ਿਸ਼ ਹੋਵੇ।

ਉਸ ਨੇ ਪੀਰ ਨਾਲ ਇਹ ਇਕਰਾਰ ਵੀ ਕੀਤਾ ਕਿ ਉਹ ਆਪਣਾ ਪਹਿਲਾ ਪੁੱਤਰ ਪੀਰ ਦੇ ਡੇਰੇ ਉਤੇ ਚੜ੍ਹਾ ਦੇਵੇਗਾ। ਕੁਝ ਸਮਾਂ ਪਾ ਕੇ ਧਨਾਢ ਦੇ ਘਰ ਤਿੰਨ ਪੁੱਤਰ ਹੋਏ, ਉਹ ਆਪਣੇ ਵੱਡੇ ਪੁੱਤਰ ਨੂੰ ਲੈ ਕੇ ਪੀਰ ਹਮਜ਼ਾ ਗੌਂਸ ਪਾਸ ਗਿਆ ਅਤੇ ਕਹਿਣ ਲੱਗਾ,

'ਪੀਰ ਜੀ, ਮੈਂ ਆਪਣੇ ਇਕਰਾਰ ਮੁਤਾਬਿਕ ਆਪਣਾ ਪਹਿਲਾ ਪੁੱਤਰ ਤੇਹਾਡੇ ਡੇਰੇ ਚੜ੍ਹਾਉਣ ਵਾਸਤੇ ਲਿਆਇਆ ਹਾਂ। ਇਸ ਦੇ ਮੁੱਲ ਦੀ ਅਦਾਇਗੀ ਕਰਕੇ ਮੈਂ ਇਸ ਨੂੰ ਆਪਣੇ ਨਾਲ ਵਾਪਿਸ ਲੈ ਜਾਵਾਂਗਾ। ਪਰ ਪੀਰ ਉਸ ਧਨਾਢ ਦੀ ਇਹ ਗੱਲ ਸੁਣ ਕੇ ਬੜੇ ਕਰੋਧ ਵਿਚ ਆ ਗਿਆ ਅਤੇ ਕੜਕਿਆ, 'ਮੈ ਇਸ ਪੁੱਤਰ ਨੂੰ ਵੇਚਣਾ ਨਹੀਂ ਹੈ, ਮੈਨੂੰ ਧਨ ਦੌਲਤ ਦੀ ਘਾਟ ਨਹੀਂ , ਮੈਨੂੰ ਪੁੱਤਰ ਚਾਹੀਦਾ ਹੈ, ਇਸ ਲਈ ਇਸ ਨੂੰ ਏਥੇ ਛੱਡ ਜਾ ਤੇ ਚਲਦਾ ਬਣ'।

ਪਰ ਧਨਾਢ ਫਿਰ ਤਰਲੇ ਕਰਨ ਲੱਗਾ ਅਤੇ ਉਹ ਆਪਣੇ ਪੁੱਤਰ ਲਈ ਕੋਈ ਰਕਮ ਵੀ ਦੇਣ ਨੂੰ ਤਿਆਰ ਸੀ। ਪਰ ਜਦ ਪੀਰ ਨੇ ਉਸਦੀ ਇਕ ਨਾ ਸੁਨੀ ਤਾਂ ਉਹ ਆਪਣੇ ਪੁੱਤਰ ਨੂੰ ਆਪਣੇ ਘਰ ਵਾਪਿਸ ਲੈ ਗਿਆ। ਪੀਰ ਨੂੰ ਧਨਾਢ ਦੀ ਇਸ ਬੇਜ਼ਬਾਨੀ ਉਤੇ ਗੁੱਸਾ ਆਇਆ। ਉਹ ਆਪਣੇ ਮੁਰੀਦਾਂ ਨੂੰ ਕਹਿਣ ਲੱਗਾ, 'ਮੈਂ ਚਾਲ੍ਹੀ ਦਿਨ ਦਾ ਚਿਲ੍ਹਾ ਕਰਾਂਗਾ ਅਤੇ ਜਿਸ ਸ਼ਹਿਰ ਵਿਚ ਇਹ ਧਨਾਢ ਵਸਦਾ ਹੈ, ਉਸ ਸ਼ਹਿਰ ਨੂੰ ਸਾੜ ਕੇ ਸਵਾਹ ਕਰ ਦੇਵਾਂਗਾ'।

ਆਪਣੇ ਕਹੇ ਮੁਤਾਬਿਕ ਉਹ ਇਕ ਗੁੰਬਦ ਨੁਮਾ ਕਮਰੇ ਦੇ ਅੰਦਰ ਵੜ ਗਿਆ ਅਤੇ ਆਪਣੇ ਮੁਰੀਦਾਂ ਨੂੰ ਉਸ ਨੇ ਹਦਾਇਤ ਕਰ ਦਿੱਤੀ ਕਿ ਭਾਵੇਂ ਕੋਈ ਵੀ ਆਵੇ ਮੈਨੂੰ ਨਹੀਂ ਬੁਲਾਉਣਾ ਅਤੇ ਨਾ ਹੀ ਮੇਰਾ ਦਰਵਾਜ਼ਾ ਖੜਕਾਉਣਾ। ਉਸ ਨੇ ਦਰਵਾਜ਼ਾ ਅੰਦਰੋ ਬੰਦ ਕਰ ਲਿਤਾ ਅਤੇ ਸ਼ਹਿਰ ਵਾਲੇ ਪਾਸੇ ਮੂੰਹ ਕਰਕੇ ਘੋਰ ਤਪੱੱਸਿਆ ਕਰਨ ਲੱਗ ਪਿਆ।

ਜਦ ਸ਼ਹਿਰ ਵਿਚ ਇਹ ਖ਼ਬਰ ਪੁੱਜੀ ਤਾਂ ਲੋਕ ਬਹੁਤ ਘਬਰਾਏ ਅਤੇ ਇਕੱਠੇ ਹੋ ਕੇ ਪੀਰ ਦਰ ਤੇ ਆਏ। ਪਰ ਪੀਰ ਦੇ ਮੁਰੀਦਾਂ ਨੇ ਉਨਾਂ ਨੂੰ ਅੱਗੇ ਨਾ ਜਾਣ ਦਿੱਤਾ। ਜਦ ਗੁਰੂ ਨਾਨਕ ਜੀ ਸਿਆਲਕੋਟ ਪਹੁੰਚੇ ਤਾਂ ਉਨਾਂ ਨੂੰ ਪੀਰ ਦੇ ਇਸ ਘੁਮੰਡ ਅਤੇ ਕਰੋਧ ਦਾ ਪਤਾ ਲੱਗਾ ਤਾਂ ਉਹ ਪੀਰ ਦੇ ਗੁੰਬਦ ਤੋਂ ਕੁਝ ਦੂਰ, ਗੁੰਬਦ ਵੱਲ ਧਿਆਨ ਧਰ ਕੇ ਬੈਠ ਗਏ।

ਗੁਰੂ ਜੀ ਨੇ ਵੀ ਪਹਿਲਾਂ ਇਕ ਦੋ ਸਿੱਖ ਪੀਰ ਵਲ ਭੇਜੇ, ਪਰ ਜਦ ਪੀਰ ਦੇ ਮੁਰੀਦਾਂ ਨੇ ਮਿਲਣ ਨਾ ਦਿੱਤਾ ਤਾਂ ਗੁਰੂ ਜੀ ਨੇ ਇਹ ਸੁਨੇਹਾ ਭੇਜ ਦਿੱਤਾ ਕਿ ਅੱਜ ਦੁਪਹਿਰ ਸਮੇਂ ਪੀਰ ਦਾ ਗੁੰਬਦ ਫਟ ਜਾਵੇਗਾ। ਜਦ ਸ਼ਹਿਰ ਦੇ ਲੋਕਾਂ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹ ਇਕੱਠੇ ਹੋ ਕੇ ਗੁਰੂ ਜੀ ਪਾਸ ਪੁੱਜੇ। ਗੁਰੂ ਜੀ ਦੇ ਲਿਬਾਸ ਅਤੇ ਉਨਾਂ ਦੇ ਚਿਹਰੇ ਦੇ ਨੂਰ ਨੂੰ ਤਕ ਕੇ ਉਹ ਬਹੁਤ ਹੈਰਾਨ ਹੋਏ।

ਪੀਰ ਨੂੰ ਵੀ ਜਦ ਪਤਾ ਲੱਗਾ ਤਾਂ ਉਹ ਵੀ ਗੁਰੂ ਜੀ ਪਾਸ ਆਇਆ। ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ, 'ਜਿਹੜਾ ਧਿਆਨ ਤੂੰ ਸਰਾਪ ਵੱਲ ਲਾ ਰਿਹਾ ਸੀ ਜੇ ਉਹੋ ਧਿਆਨ ਆਪਣੇ ਅੱਲਾ ਤਾਅਲਾ ਨਾਲ ਜੋੜਦਾ ਤਾਂ ਤੂੰ ਤਰ ਜਾਂਦਾ। ਪੀਰਾਂ ਫਕੀਰਾਂ ਦਾ ਕੰਮ ਹੈ ਕਿ ਉਹ ਲੋਕਾਂ ਵਿਚ ਪਿਆਰ ਅਤੇ ਇਨਸਾਫ ਦਾ ਪ੍ਰਚਾਰ ਕਰਨ ਅਤੇ ਉਨ੍ਹਾਂ ਦੇ ਤਪਦੇ ਹਿਰਦਿਆਂ ਨੂੰ ਠੰਢ ਪਾਉਣ, ਨਾ ਕਿ ਉਨ੍ਹਾਂ ਦੇ ਹਿਰਦਿਆਂ ਨੂੰ ਖੁਦ ਸਾੜਨ ਲੱਗ ਜਾਣ'।

ਗੁਰੂ ਜੀ ਪੀਰ ਹਮਜ਼ਾ ਗੌਂਸ ਨੂੰ ਇਲਾਹੀ ਰੌਸ਼ਨੀ ਅਤੇ ਰੱਬੀ ਨੂਰ ਦੀ ਝਲਕ ਵਿਖਾ ਕੇ ਅੱਗੇ ਚਲ ਪਏ।

Disclaimer Privacy Policy Contact us About us