ਮੀਆਂ ਮਿੱਠੇ ਸ਼ਾਹ


ਸਿਆਲਕੋਟ ਹੀ ਗੁਰੂ ਜੀ ਨੂੰ ਪਤਾ ਲੱਗਾ ਕਿ ਸਿਆਲਕੋਟ ਤੋਂ ਹੀ ਥੋੜ੍ਹੀ ਦੂਰੀ ਉਤੇ ਮੀਆਂ ਮਿੱਠੇ ਸ਼ਾਹ ਇਕ ਪ੍ਰਸਿੱਧ ਕਰਾਮਾਤੀ ਫਕੀਰ ਰਹਿੰਦਾ ਹੈ। ਆਪਣੀਆਂ ਕਰਾਮਾਤਾਂ ਦੇ ਜ਼ੋਰ ਨਾਲ ਉਸਨੇ ਕਈ ਹਿੰਦੂਆਂ ਨੂੰ ਵੀ ਮੁਸਲਮਾਨ ਬਣਾ ਲਿਆ ਹੈ। ਉਹ ਕਈ ਪ੍ਰਕਾਰ ਦੇ ਤਪ ਅਤੇ ਚਿਲ੍ਹੇ ਕਮਾਉਂਦਾ ਰਹਿੰਦਾ ਹੈ। ਆਪਣੀਆਂ ਕਰਾਮਾਤਾਂ ਦੇ ਘੁਮੰਡ ਕਰਕੇ ਉਹ ਬੜਾ ਨਿਰਦਈ, ਕਠੋਰ ਅਤੇ ਅਭਿਮਾਨੀ ਹੋ ਗਿਆ ਹੈ।

ਗੁਰੂ ਜੀ ਉਸ ਦਾ ਘੁਮੰਡ ਤੋੜਨ ਵਾਸਤੇ ਮਿਠਨਕੋਟ ਪਹੁੰਚ ਗਏ। ਉਥੇ ਉਨ੍ਹਾਂ ਨੇ ਮੀਆਂ ਮਿੱਠੇ ਸ਼ਾਹ ਦੇ ਡੇਰੇ ਤੋਂ ਕੁਝ ਦੂਰ ਇਕ ਬਾਗ ਵਿਚ ਡੇਰੇ ਲਾਏ। ਉਹ ਉਥੇ ਜਾ ਕੇ ਇਲਾਹੀ ਕੀਰਤਨ ਕਰਨ ਲੱਗੇ ਅਤੇ ਦੂਰੋਂ ਦੂਰੋਂ ਲੋਕ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਲੱਗੇ। ਮੀਆਂ ਮਿੱਠੇ ਸ਼ਾਹ ਨੂੰ ਇਸ ਬਾਰੇ ਪਤਾ ਲੱਗਾ ਸੀ, ਪਰ ਉਸਨੂੰ ਇਹ ਸੁਣ ਕੇ ਬਹੁਤ ਕਰੋਧ ਆਇਆ ਸੀ, ਕਿ ਇਕ ਮੁਸਲਮਾਨ ਫਕੀਰ ਇਕ ਹਿੰਦੂ ਫਕੀਰ ਅੱਗੇ ਝੁਕ ਗਿਆ ਹੈ।

ਉਸਦੇ ਚੇਲੇ ਗੁਰੂ ਜੀ ਦਾ ਸਤਿਸੰਗ ਸੁਣਨ ਜਾਂਦੇ ਸਨ ਅਤੇ ਉਹ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਸਨ। ਉਨਾਂ ਵੀ ਮੀਆਂ ਮਿੱਠੇ ਸ਼ਾਹ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਿਆ। ਪਰ ਝੂਠੀ ਆਕੜ ਨੇ ਉਸਦੀ ਮੱਤ ਮਾਰੀ ਹੋਈ ਸੀ। ਗੁਰੂ ਜੀ ਦੀ ਸ਼ੋਭਾ ਸੁਣ ਕੇ ਇਕ ਦਿਨ ਉਸ ਵੀ ਮਨ ਬਣਾਇਆ ਕਿ ਗੁਰੂ ਜੀ ਨੂੰ ਮਿਲਣ ਜਾਵੇ ਅਤੇ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਬਾਰੇ ਸਮਝਾਵੇ, ਪਰ ਜਦ ਉਸ ਨੇ ਜਾ ਕੇ ਗੁਰੂ ਜੀ ਦੇ ਨੂਰਾਨੀ ਚਿਹਰੇ ਵੱਲ ਤਕਿਆ ਤਾਂ ਉਹ ਠਠੰਬਰ ਗਿਆ।

ਫਿਰ ਵੀ ਉਹ ਆਪਣੀ ਜ਼ਿੱਦ ਦਾ ਪੱਕਾ ਸੀ, ਉਹ ਗੁਰੂ ਜੀ ਨੂੰ ਕਹਿਣ ਲੱਗਾ, 'ਤੁਸੀਂ ਹਿੰਦੂ ਫਕੀਰ ਹੋ, ਤੁਸੀਂ ਕਿਹੜੇ ਦੇਵਤੇ ਨੂੰ ਮੰਨਦੇ ਹੋ?' ਗੁਰੂ ਜੀ ਮੁਸਕਰਾਉਂਦੇ ਹੋਏ ਮੀਆਂ ਮਿੱਠੇ ਸ਼ਾਹ ਵੱਲ ਵੇਖ ਕੇ ਬੋਲੇ, 'ਮੈਂ ਕੇਵਲ ਇਕ ਰੱਬ ਨੂੰ ਮੰਨਦਾ ਹਾਂ ਜੋ ਸਭ ਦਾ ਸਿਰਜਣਹਾਰ ਹੈ'।

ਮੀਆਂ ਮਿੱਠੇ ਸ਼ਾਹ ਹੈਰਾਨ ਹੋਇਆ ਕਿ ਹਿੰਦੂ ਤਾਂ ਕਈ ਦੇਵੀ ਦੇਵਤਿਆਂ ਨੂੰ ਮੰਨਦੇ ਹਨ, ਪਰ ਇਹ ਤਾਂ ਮੁਸਲਮਾਨਾਂ ਵਾਂਗ ਇਕ ਹੀ ਰੱਬ ਨੂੰ ਮੰਨਦੇ ਹਨ। ਆਪਣਾ ਸ਼ੱਕ ਦੂਰ ਕਰਨ ਵਾਸਤੇ ਉਸ ਨੇ ਕਿਹਾ, 'ਪਰ ਇਕ ਰੱਬ ਨੂੰ ਪਾਉਣ ਵਾਸਤੇ ਰਸੂਲ ਦੀ ਲੋੜ ਹੈ, ਤੁਹਾਡਾ ਕੌਣ ਹੈ?'

ਗੁਰੂ ਜੀ ਮਿੱਠੇ ਸ਼ਾਹ ਦੀ ਰਮਜ਼ ਨੂੰ ਸਮਝ ਗਏ ਸਨ, ਉਨ੍ਹਾਂ ਉੱਤਰ ਦਿੱਤਾ, 'ਰੱਬ ਦੇ ਬੰਦਿਆ! ਰੱਬ ਨੂੰ ਪਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੁੰਦੀ। ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਕਿਸੇ ਵਿਚੋਲੇ ਤੋਂ ਬਗੈਰ ਰੱਬ ਦਾ ਸਿਮਰਨ ਕਰਦੇ ਹਨ। ਮੁਸਲਮਾਨਾਂ ਦਾ ਇਕ ਰਸੂਲ ਹੈ ਅਤੇ ਹਿੰਦੂਆਂ ਦੇ ਕਈ ਦੇਵੀ ਦੇਵਤੇ ਰਸੂਲ ਦਾ ਰੂਪ ਹਨ। ਇਸ ਲਈ ਭਾਵੇਂ ਇਕ ਵਿਚੋਲਾ ਹੋਵੇ ਭਾਵੇਂ ਕਈ, ਕੋਈ ਫਰਕ ਨਹੀਂ ਪੈਂਦਾ। ਰੱਬ ਕੇਵਲ ਉਨ੍ਹਾਂ ਨੂੰ ਹੀ ਮਿਲਦਾ ਹੈ ਜਿਹੜੇ ਵਿਚੋਲੇ ਦਾ ਆਸਰਾ ਲਏ ਬਗੈਰ ਰੱਬ ਨਾਲ ਇਕਮਿਕ ਹੁੰਦੇ ਹਨ'।

ਮੀਆਂ ਮਿੱਠੇ ਸ਼ਾਹ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਲਾਜ਼ਵਾਬ ਹੋ ਗਿਆ, ਪਰ ਉਸਦੇ ਸਾਹਮਣੇ ਕਈ ਹੋਰ ਸ਼ੱਕ ਖੜੇ ਹੋ ਗੇੲ, ਜਿਨ੍ਹਾਂ ਕਰਕੇ ਉਹ ਮੁਸਲਮਾਨਾਂ ਨੂੰ ਹਿੰਦੂਆਂ ਨਾਲੋਂ ਚੰਗਾ ਸਮਝਦਾ ਸੀ। ਉਸ ਫਿਰ ਪੁੱਛਿਆ, 'ਪਰ ਕੀ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਕਿਆਮਤ ਵਾਲੇ ਦਿਨ ਮੁਸਲਮਾਨਾਂ ਦੀਆਂ ਰੂਹਾਂ ਜਿਹੜੀਆਂ ਧਰਤੀ ਦੇ ਹਵਾਲੇ ਕੀਤੀਆਂ ਹਨ, ਅੱਲ੍ਹਾਂ ਦੇ ਫਰਿਸ਼ਤੇ ਵੱਲੋਂ ਤੁਰੀ ਵਜਾਉਣ ਉੱਤੇ ਬਹਿਸ਼ਤਾਂ ਵਿਚ ਚਲੇ ਜਾਣਗੀਆਂ, ਪਰ ਹਿੰਦੂਆਂ ਵਿਚਾਰਿਆਂ ਦਾ ਕੀ ਬਣੇਗਾ ਜਿਨ੍ਹਾਂ ਦੇ ਸਰੀਰਾਂ ਨੂੰ ਸਾੜ ਦਿੱਤਾ ਜਾਂਦਾ ਹੈ ਅਤੇ ਹੱਡੀਆਂ ਪਾਣੀ ਦੇ ਸਪੁਰਦ ਕਰ ਦਿੱਤੀਆਂ ਜਾਂਦੀਆਂ ਹਨ?'

ਗੁਰੂ ਜੀ ਉਸ ਦੀ ਇਹ ਗੱਲ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, 'ਮੀਆਂ ਜੀ! ਜਦ ਸਰੀਰ ਨੂੰ ਰੂਹ ਛੱਡ ਜਾਂਦੀ ਹੈ ਤਾਂ ਉਸ ਮਿੱਟੀ ਰੂਪ ਸਰੀਰ ਨੂੰ ਭਾਵੇਂ ਮਿੱਟੀ ਗਾਲ ਦੇਵੇ ਤੇ ਭਾਵੇਂ ਅੱਗ ਸਾੜ ਦੇਵੇ ਕੋਈ ਫਰਕ ਨਹੀਂ ਪੈਂਦਾ। ਅੱਗੇ ਜਾ ਕੇ ਤਾਂ ਕੀਤੇ ਕਰਮਾਂ ਅਤੇ ਅਮਲਾਂ ਉਤੇ ਨਿਬੇੜੇ ਹੋਣੇ ਹਨ ਭਾਵੇਂ ਕੋਈ ਨਾਲ ਸੰਬੰਧ ਰੱਖਦਾ ਹੋਵੇ'। ਮੀਆਂ ਮਿੱਠੇ ਸ਼ਾਹ ਉਤੇ ਗੁਰੂ ਜੀ ਦਾ ਬਹੁਤ ਪ੍ਰਭਾਵ ਪਿਆ ਅਤੇ ਬਾਅਦ ਵਿਚ ਆਪਣਾ ਸਾਰਾ ਹੰਕਾਰ ਛੱਡ ਕੇ ਉਹ ਗੁਰੂ ਜੀ ਦਾ ਸਿੱਖ ਬਣ ਗਿਆ।

Disclaimer Privacy Policy Contact us About us