ਲੰਕਾ ਦੀ ਯਾਤਰਾ


ਦੱਖਣ ਦੀ ਯਾਤਰਾ ਤੇ ਗੁਰੂ ਨਾਨਕ ਦੇਵ ਜੀ ਗੋਲਕੰਡਾ, ਮਦਰਾਸ, ਤੰਜੋਰ, ਮਦੁਰਾ ਆਦਿ ਥਾਂਵਾਂ ਤੇ ਧਰਮ ਪਰਚਾਰ ਕਰਦੇ ਹੋਏ ਧੁਰ ਸਾਗਰ ਦੇ ਕੰਢੇ ਤੇ ਜਾ ਪਹੁੰਚੇ। ਉਥੇ ਕਈ ਬੇੜੇ ਲੰਕਾ ਸੰਗਲਾਦੀਪ ਨੂੰ ਜਾ ਰਹੇ ਸਨ। ਗੁਰੂ ਜੀ ਅਤੇ ਭਾਈ ਮਰਦਾਨਾ ਵੀ ਇਕ ਬੇੜੇ ਵਿਚ ਚੜ੍ਹ ਗਏ।

ਇਹ ਬੇੜਾ ਜਿਥੇ ਪੁੱਜਾ, ਉਹ ਰਾਜੇ ਸ਼ਿਵਨਾਭ ਦੀ ਰਾਜਧਾਨੀ ਸੀ। ਗੁਰੂ ਜੀ ਦਾ ਇਕ ਲਾਹੌਰ ਨਿਵਾਸੀ ਸਿੱਖ ਭਾਈ ਮਨਸੁੱਖ ਵਿਉਪਾਰ ਦੇ ਸੰਬੰਧ ਵਿਚ ਸੰਗਲਾਦੀਪ ਜਾਇਆ ਕਰਦਾ ਸੀ। ਉਹ ਆਮ ਤੌਰ ਤੇ ਰਾਜੇ ਸ਼ਿਵਨਾਭ ਨੂੰ ਵੀ ਮਿਲਿਆ ਕਰਦਾ ਸੀ।

ਰਾਜੇ ਨੂੰ ਉਸ ਨੇ ਗੁਰੂ ਜੀ ਬਾਰੇ ਦੱਸਿਆ ਸੀ। ਰਾਜਾ ਭਾਈ ਮਨਸੁੱਖ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਉਸ ਦੇ ਮਨ ਵਿਚ ਗੁਰੂ ਜੀ ਨੂੰ ਮਿਲਣ ਲਈ ਬੜੀ ਤਾਂਘ ਅਤੇ ਖਿੱਚ ਸੀ। ਭਾਈ ਮਨਸੁੱਖ ਨੂੰ ਉਸ ਕਈ ਵਾਰ ਇਹ ਬੇਨਤੀ ਕੀਤੀ ਸੀ ਕਿ ਉਸ ਨੂੰ ਗੁਰੂ ਜੀ ਨਾਲ ਮਿਲਾਏ। ਪਰ ਭਾਈ ਮਨਸੁੱਖ ਨੇ ਰਾਜੇ ਨੂੰ ਏਨੀ ਲੰਮੀ ਯਾਤਰਾ ਤੇ ਲੈ ਜਾਣਾ ਯੋਗ ਨਾ ਸਮਝਿਆ।

ਉਸ ਨੇ ਰਾਜੇ ਨੂੰ ਸਮਝਾਇਆ ਕਿ ਆਪ ਆਪਣੇ ਰਾਜ ਕਾਜ ਦੇ ਕਰਤੱਵ ਨਿਭਾਉਂਦੇ ਰਹੋ। ਅਤੇ ਕਿਹਾ ਕਿ ਜਿਹੜਾ ਵੀ ਸੱਚੇ ਦਿਲੋ ਗੁਰੂ ਜੀ ਨੂੰ ਮਿਲਣ ਦੀ ਚਾਹ ਰਖਦਾ ਹੈ। ਉਸ ਨੂੰ ਹਰ ਹਾਲਤ ਵਿਚ ਗੁਰੂ ਜੀ ਦੇ ਦਰਸ਼ਨ ਹੁੰਦੇ ਹਨ। ਰਾਜਾ ਸ਼ਿਵਨਾਭ ਨੇ ਅਜਿਹਾ ਹੀ ਕੀਤਾ। ਉਹ ਆਪਣਾ ਰਾਜ ਕਾਜ ਦਾ ਕਾਰਜ ਚਲਾਉਂਦਾ ਰਿਹਾ ਪਰ ਉਸ ਦੀ ਦਰਸ਼ਨਾਂ ਦੀ ਚਾਹ ਦਿਨੋਂ ਦਿਨ ਵਧੱਦੀ ਗਈ।

ਇਹ ਗੱਲ ਆਮ ਪ੍ਰਗਟ ਹੋ ਗਈ ਕਿ ਰਾਜੇ ਨੇ ਗੁਰੂ ਨਾਨਕ ਨੂੰ ਆਪਣਾ ਇਸ਼ਟ ਧਾਰ ਲਿਆ ਹੈ ਤੇ ਉਨ੍ਹਾਂ ਦਾ ਦਿਨ ਰਾਤ ਰਾਹ ਵੇਖਿਆ ਕਰਦਾ ਹੈ। ਇਸ ਗੱਲ ਦਾ ਲਾਭ ਉਠਾਉਣ ਲਈ ਕਈ ਭੇਖਾ ਧਾਰੀ ਸਾਧੂ, ਸੰਤ, ਫਕੀਰ ਆਪਣੇ ਆਪ ਨੂੰ ਗੁਰੂ ਨਾਨਕ ਜ਼ਾਹਰ ਕਰਕੇ ਰਾਜੇ ਕੋਲ ਆਉਣ ਲਗੇ।

ਰਾਜੇ ਨੂੰ ਗੁਰੂ ਨਾਨਕ ਦੇਵ ਜੀ ਦੀ ਪਛਾਣ ਤਾਂ ਹੈ ਨਹੀਂ ਸੀ। ਉਹ ਹਰ ਸਾਧੂ ਸੰਤ ਨੂੰ ਸਰਕਾਰੀ ਅਤਿਥੀ ਘਰ ਵਿਚ ਬਿਸਰਾਮ ਕਰਾਉਂਦਾ ਤੇ ਖੂਬ ਸੇਵਾ ਟਹਿਲ ਕਰਦਾ। ਫਿਰ ਸਚ ਦੀ ਪਰਖ ਕਰਨ ਲਈ ਧਨ ਦੌਲਤ ਸੁੰਦਰ ਨਾਰੀਆਂ ਉਸ ਕੋਲ ਭੇਜਦਾ। ਭੇਖੀ ਸਾਧੂ ਇਸ ਤੇ ਡੋਲ ਜਾਂਦੇ ਤੇ ਰਾਜੇ ਨੂੰ ਉਸ ਦੇ ਪਖੰਡੀ ਹੋਣ ਦਾ ਪਤਾ ਲੱਗ ਜਾਂਦਾ।

ਸੰਗਲਾਦੀਪ ਪਹੁੰਚ ਕੇ ਗੁਰੂ ਜੀ ਅਤੇ ਭਾਈ ਮਰਦਾਨੇ ਨੇ ਇਕ ਬਾਗ ਵਿਚ ਡੇਰਾ ਜਮਾਇਆ। ਉਥੇ ਉਹ ਰੋਜ਼ ਕੀਰਤਨ ਕਰਦੇ ਅਤੇ ਸਤਿਸੰਗ ਵਿਚ ਲੋਕਾਂ ਨੂੰ ਉਪਦੇਸ਼ ਦਿੰਦੇ। ਥੋੜ੍ਹੇ ਸਮੇਂ ਵਿਚ ਹੀ ਬੜੀ ਸੰਗਤ ਇਕੱਠੀ ਹੋਣ ਲੱਗ ਗਈ। ਇਸ ਬਾਰੇ ਸ਼ਿਵਨਾਭ ਨੂੰ ਵੀ ਪਤਾ ਲੱਗਾ ਕਿ ਉਸ ਦੇ ਬਾਗ ਵਿਚ ਇਕ ਮਹਾਤਮਾ ਠਹਿਰੇ ਹਨ।

ਸ਼ਿਵਨਾਭ ਨੇ ਪਰਖਣ ਵਾਸਤੇ ਸੁੰਦਰ ਇਸਤਰੀਆਂ ਭੇਜੀਆਂ, ਜਿਹੜੀਆਂ ਗੁਰੂ ਜੀ ਸਾਹਮਣੇ ਆ ਕੇ ਨੱਚਣ ਲੱਗੀਆਂ। ਪਰ ਗੁਰੂ ਜੀ ਆਪਣੀ ਸਮਾਧੀ ਵਿਚ ਬੈਠੇ ਰਹੇ ਅਤੇ ਉਨ੍ਹਾਂ ਨੇ ਇਸਤਰੀਆਂ ਦੇ ਨਾਚ ਵੱਲ ਕੋਈ ਧਿਆਨ ਨਾ ਦਿੱਤਾ।

ਸ਼ਿਵਨਾਭ ਦੇ ਮਨ ਦੀ ਦੁਚਿੱਤੀ ਨੂੰ ਸਮਝ ਕੇ ਗੁਰੂ ਜੀ ਨੇ ਫੁਰਮਾਇਆ, 'ਰਾਜਾ ਸ਼ਿਵਨਾਭ, ਬ੍ਰਾਹਮਣ ਉਹ ਹੈ ਜੋ ਬ੍ਰਹਮ ਦੇ ਗਿਆਨ ਦਾ ਇਸ਼ਨਾਨ ਕਰਦਾ ਹੈ ਅਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ। ਸਾਰਾ ਬ੍ਰਹਿਮੰਡ ਇਕ ਘਰ ਹੈ ਜਿਸ ਦਾ ਇਕੋ ਇਕ ਸ਼ਾਹ ਕਰਤਾਰ ਆਪ ਹੈ ਅਤੇ ਅਸੀਂ ਕਰਤਾਰ ਦੇ ਨਾਮ ਦੇ ਅਭਿਲਾਸ਼ੀ ਵਚਜਾਰੇ ਹਾਂ। ਪਰਮਾਤਮਾ ਦੇ ਪਿਆਰਿਆਂ ਲਈ ਹਿੰਦੂ ਮੁਸਲਮਾਨ ਇਕੋ ਹਨ ਅਤੇ ਸਾਰਾ ਸੰਸਾਰ ਹੀ ਉਨ੍ਹਾਂ ਦਾ ਘਰ ਹੈ'।

ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜੇ ਸ਼ਿਵਨਾਭ ਦੀ ਤਸੱਲੀ ਹੋ ਗਈ ਕਿ ਉਹ ਮਹਾਤਮਾ ਗੁਰੂ ਨਾਨਕ ਹੀ ਹਨ। ਉਹ ਉਨ੍ਹਾਂ ਦੇ ਚਰਣੀਂ ਲੱਗ ਗਿਆ ਅਤੇ ਨਾਮ ਦਾਨ ਪ੍ਰਾਪਤ ਕਰਕੇ ਗੁਰੂ ਜੀ ਦਾ ਸੱਚਾ ਸਿੱਖ ਬਣਿਆ। ਗੁਰੂ ਜੀ ਵਾਸਤੇ ਸਤਿਸੰਗ ਕਰਨ ਲਈ ਉਸ ਆਪਣੇ ਮਹਿਲਾਂ ਦੇ ਨਾਲ ਹੀ ਇਕ ਵੱਡੀ ਧਰਮਸਾਲਾ ਬਣਵਾ ਦਿੱਤੀ।

ਸਤਿਗੁਰੂ ਜੀ ਕਾਫੀ ਸਮਾਂ ਉਥੇ ਬਿਰਾਜੇ। ਰਾਜਾ ਸ਼ਿਵਨਾਭ ਰੋਜ਼ ਹਾਜ਼ਰ ਹੋ ਕੇ ਦਰਸ਼ਨਾਂ ਤੇ ਕੀਰਤਨ ਦਾ ਰਸ ਮਾਣਦਾ। ਫਿਰ ਆਪ ਰਾਜਾ ਸ਼ਿਵਨਾਭ ਨੂੰ ਆਪਣੇ ਰਾਜ ਵਿਚ ਸਿੱਖੀ ਦਾ ਪਰਚਾਰ ਕਾਰਜ ਸੌਂਪ ਕੇ ਵਾਪਸ ਪਰਤੇ।

Disclaimer Privacy Policy Contact us About us