ਸੁਮੇਰ ਪਰਬਤ ਅਤੇ ਸਿੱਧ


ਗੁਰੂ ਜੀ ਕਸ਼ਮੀਰ ਦੀ ਉਦਾਸੀ ਵਕਤ ਕੁਝ ਸਮਾਂ ਸ੍ਰੀ ਨਗਰ ਵੀ ਰੁਕੇ। ਫਿਰ ਉਹ ਉੱਤਰ ਦਿਸ਼ਾ ਵੱਲ ਚੱਲ ਪਏ। ਕਠਿਨ ਪਹਾੜੀਆਂ, ਸੰਘਣੇ ਜੰਗਲ ਅਤੇ ਫੁੱਲ ਬੁਟੇ ਨੂੰ ਪਾਰ ਕਰਦੇ ਹੋਏ ਸੁਮੇਰ ਪਰਬਤ ਉਤੇ ਪਹੁੰਚ ਗਏ। ਉਥੇ ਉਨ੍ਹਾਂ ਨੂੰ ਬੜੇ ਪ੍ਰਸਿੱਧ ਸਿੱਧ ਮਿਲੇ। ਇਹ ਲੋਕ ਸੰਸਾਰ ਨੂੰ ਤਿਆਗ ਕੇ ਨਿਕੰਮਿਆਂ ਵਾਲਾ ਜੀਵਾਨ ਬਤੀਤ ਕਰ ਰਹੇ ਸਨ। ਕਰਮਾਤਾਂ ਦਾ ਡਰਾਵਾ ਦੇ ਕੇ ਪਹਾੜੀ ਲੋਕਾਂ ਨੂੰ ਉੱਲੂ ਬਣਾ ਕੇ ਬੜੀ ਐਸ਼ ਦਾ ਜੀਵਨ ਬੀਤਾ ਰਹੇ ਸਨ।

ਇਕ ਸਾਧਾਰਨ ਬੰਦੇ ਨੂੰ ਸੁਮੇਰ ਪਰਬਤ ਤੇ ਪਹੁੰਚਿਆ ਵੇਖ ਕੇ ਉਹ ਹੈਰਾਨ ਹੋਏ ਅਤੇ ਝੱਟ ਗੁਰੂਜੀ ਦੇ ਦੁਆਲੇ ਆ ਜੁੜੇ। ਉਹ ਪੁਛੱਣ ਲੱਗੇ, 'ਨਾ ਹੀ ਤੁਸੀਂ ਸਿੱਧ ਲਗਦੇ ਹੋ ਅਤੇ ਨਾ ਹੀ ਕੋਈ ਸੰਨਿਆਸੀ, ਫਿਰ ਕਿਹੜੀ ਸ਼ਕਤੀ ਤੁਹਾਨੂੰ ਏਥੇ ਲੈ ਆਈ ਹੈ'?

ਗੁਰੂ ਜੀ ਨੁ ਉੱਤਰ ਦਿੱਤਾ, ' ਮੈ ਸਰਬ ਸ਼ਕਤੀਮਾਨ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹਾਂ, ਉਸ ਦੀ ਕ੍ਰਿਪਾ ਕਰਕੇ ਹੀ ਮੈ ਏਥੇ ਪਹੁੰਚ ਗਿਆ ਹਾਂ'। ਫਿਰ ਸਿੱਧਾ ਨੇ ਪੁੱਛਿਆ, 'ਤੁਹਾਡਾ ਨਾਂ ਕੀ ਹੈ ਅਤੇ ਤੁਸੀਂ ਕਿਸ ਮਤ ਨਾਲ ਸੰਬੰਧਿਤ ਹੋ?'

ਗੁਰੂ ਜੀ ਨੇ ਫੁਰਮਾਇਆ, 'ਨਾਂ ਮੇਰਾ ਨਾਨਕ ਨਿਰੰਕਾਰੀ ਹੈ ਅਤੇ ਮਤ ਮੇਰਾ ਪਰਮਾਤਮਾ ਅਤੇ ਉਸ ਦੀ ਰਚੀ ਕਾਇਨਾਤ ਨੂੰ ਪਿਆਰ ਕਰਨਾ ਹੈ'। ਫਿਰ ਸਿੱਧ ਕਹਿਣ ਲਗੇ, 'ਤੁਸੀ ਮਾਤ ਲੋਕ ਵਿਚੋਂ ਆਏ ਹੋ, ਉਥੇ ਦਾ ਕੀ ਹਾਲ ਹੈ'?

ਗੁਰੂ ਜੀ ਮੁਸਕਰਾ ਕੇ ਬੋਲੇ, 'ਤੁਸੀਂ ਤਾਂ ਡਰਦੇ ਮਾਰੇ ਮਾਤ ਲੋਕ ਨੂੰ ਛੱਡ ਕੇ ਏਥੇ ਲੁਕ ਕੇ ਬੈਠੇ ਹੋ, ਹੁਣ ਤੁਹਾਨੂੰ ਮਾਤ ਲੋਕ ਨਾਲ ਕੀ ਮਤਲਬ? ਝੇ ਤੁਹਾਡੇ ਵਰਗੇ ਸਿੱਧੀਆਂ ਦੇ ਮਾਲਕ ਹੀ ਪਹਾੜਾਂ ਉਤੇ ਚੜ੍ਹ ਕੇ ਛੁਪ ਜਾਣ ਅਤੇ ਗਰੀਬ ਪਹਾੜੀਆਂ ਨੂੰ ਲੁਟ ਲੁਟ ਖਾਈ ਜਾਣ ਤਾਂ ਮਾਤ ਲੋਕ ਦੀ ਕੌਣ ਸਾਰ ਲਵੇਗਾ।

ਅੱਜ ਮਾਤ ਲੋਕ ਵਿਚ ਹਨੇਰ ਮੱਚਿਆ ਹੈ, ਹਰ ਪਾਸੇ ਕੂੜ ਦਾ ਪਸਾਰਾ ਹੈ, ਸੱਚ ਤੇ ਧਰਮ ਤੁਹਾਡੇ ਵਾਂਗ ਲੁਕ ਕੇ ਬੈਠ ਗਏ ਹਨ। ਰਾਜੇ ਪਰਜਾ ਦੀ ਰੱਖਿਆ ਕਰਨ ਦੀ ਬਜਾਏ, ਉਲਟਾ ਉਨ੍ਹਾਂ ਤੇ ਜ਼ੁਲਮ ਢਾਹ ਰਹੇ ਹਨ, ਪਰਜਾ ਕੁਰਲਾ ਰਹੀ ਹੈ, ਪਰ ਉਨ੍ਹਾਂ ਦੀ ਕੋਈ ਅਗਵਾਈ ਨਹੀਂ ਕਰ ਰਿਹਾ। ਤੁਸੀਂ ਵਿਹਲੜ ਇਨ੍ਹਾਂ ਪਹਾੜਾਂ ਉਤੇ ਚੜ੍ਹੇ ਬੈਠੇ ਹੋ, ਕਿਉਂ ਨਹੀਂ ਮਾਤ ਲੋਕ ਵਿਚ ਜਾ ਕੇ ਲੋਕਾਂ ਦੇ ਦੁੱਖਾਂ ਦੇ ਭਾਈਵਾਲ ਬਣਦੇ'?

ਗੁਰੂ ਜੀ ਦੀ ਇਹ ਗੱਲ ਸੁਣ ਕੇ ਸਿੱਧ ਬੋਲੇ, 'ਸਾਡੇ ਅਨੇਕਾਂ ਚੇਲੇ ਮਾਤ ਲੋਕ ਵਿਚ ਵਿਚਰ ਰਹੇ ਹਨ ਅਤੇ ਉਹ ਲੋਕਾਂ ਦਾ ਕਲਿਆਣ ਕਰ ਰਹੇ ਹਨ'। ਸਿੱਧਾਂ ਦੀ ਇਸ ਟਿੱਪਣੀ ਉਤੇ ਗੁਰੂ ਜੀ ਜਲਾਲ ਵਿਚ ਆ ਕੇ ਬੋਲੇ, 'ਉਨ੍ਹਾਂ ਮੰਗਤਿਆਂ ਨੇ ਕਿਸੇ ਦਾ ਕੀ ਕਲਿਆਣ ਕਰਨਾ ਹੈ ਜਿਹੜੇ ਆਪ ਹੀ ਦਰੋ ਦਰ ਮੰਗਦੇ ਫਿਰਦੇ ਹਨ, ਉਹ ਤਾਂ ਕੇਵਲ ਆਪਣੇ ਭੇਖ ਦਾ ਮੁੱਲ ਵੱਟ ਰਹੇ ਹਨ, ਝੂਠੀਆਂ ਕਰਾਮਾਤਾਂ ਦਾ ਡਰਾਵਾ ਦੇ ਕੇ ਉਹ ਲੋਕਾਂ ਨੂੰ ਲੂੱਟ ਰਹੇ ਹਨ'।

ਸਿੱਧਾਂ ਨੂੰ ਹੁਣ ਕੋਈ ਗੱਲ ਨਹੀਂ ਸੀ ਆਉਂਦੀ। ਉਨ੍ਹਾਂ ਵਿਚਾਰ ਬਣਾਇਆ ਕਿ ਇਨ੍ਹਾਂ ਨੂੰ ਆਪਣੀ ਜਾਦੂ ਸ਼ਕਤੀ ਵਿਖਾ ਕੇ ਭਰਮਾਈਏ। ਇਸ ਲਈ ਉਨ੍ਹਾਂ ਗੁਰੂ ਜੀ ਨੂੰ ਇਕ ਕਟੋਰਾ ਦੇ ਕੇ ਸਰੋਵਰ ਵਿਚੋਂ ਪਾਣੀ ਲਿਆਉਣ ਲਈ ਕਿਹਾ। ਜਦ ਗੁਰੂ ਜੀ ਸਰੋਵਰ ਉੱਤੇ ਗਏ ਤਾਂ ਉਨ੍ਹਾਂ ਵੇਖਿਆ ਕਿ ਸਰੋਵਰ ਹੀਰੇ ਜਵਾਹਰਾਤ ਨਾਲ ਭਰਿਆ ਸੀ। ਗੁਰੂ ਜੀ ਸਮਝ ਗਏ ਕਿ ਸਿੱਧਾਂ ਨੇ ਉਨ੍ਹਾਂ ਨੂੰ ਲਾਲਚ ਦੇ ਕੇ ਭਰਮਾਉਣ ਦਾ ਯਤਨ ਕੀਤਾ ਹੈ।

ਉਹ ਵਾਪਸ ਆ ਕੇ ਕਹਿਣ ਲਗੇ, 'ਨਾਥ ਜੀ! ਸਰੋਵਰ ਵਿਚ ਪਾਣੀ ਨਹੀਂ ਹੈ'। ਜਦ ਸਿੱਧਾਂ ਇਹ ਵੇਖਿਆ ਕਿ ਗੁਰੂ ਜੀ ਉਤੇ ਜਾਦੂ ਸ਼ਕਤੀ ਨਹੀਂ ਚਲ ਸਕਦੀ ਤਾਂ ਉਨ੍ਹਾਂ ਆਪਣੀ ਹਾਰ ਮੰਨ ਲਈ। ਗੁਰੂ ਜੀ ਕੁਝ ਦਿਨ ਉਨ੍ਹਾਂ ਪਾਸ ਠਹਿਰ ਕੇ ਸੱਚੇ ਮਾਰਗ ਦਾ ਗਿਆਨ ਦਿੰਦੇ ਰਹੇ।

ਸੁਮੇਰ ਪਰਬਤ ਤੋਂ ਗੁਰੂ ਜੀ ਨੇਪਾਲ, ਸਿਕਮ, ਭੁਟਾਨ ਅਤੇ ਤਿੱਬਤ ਦੇ ਰਸਤੇ ਚੀਨ ਦੇਸ਼ ਵਿਚ ਪੁੱਜੇ। ਚੀਨ ਵਿਚ ਨਾਨਕਿਨ ਵਿਖੇ ਇਕ ਧਰਮਸ਼ਾਲਾ ਕਾਇਮ ਕੀਤੀ। ਨਾਨਕਿਨ ਸ਼ਹਿਰ ਦਾ ਨਾਂ ਗੁਰੂ ਜੀ ਦੇ ਨਾਂ ੳਤੇ ਹੀ ਰੱਖਿਆ ਦੱਸਿਆ ਜਾਂਦਾ ਹੈ।

Disclaimer Privacy Policy Contact us About us