ਹੰਕਾਰੀ ਫਕੀਰ ਵਲੀ ਕੰਧਾਰੀ


ਬਗਦਾਦ ਤੋਂ ਵਾਪਿਸ ਮੁੜਦੇ ਹੋਏ, ਗੁਰੂ ਜੀ ਅਤੇ ਮਰਦਾਨਾ ਹਿੰਦੁਸਤਾਨ ਵਾਪਿਸ ਆ ਗਏ। ਲੋਕਾਂ ਨੂੰ ਨਾਮ ਦਾਨ ਦੇ ਗੱਫੇ ਬਖਸ਼ਦੇ ਹੋਏ ਉਹ ਉਸ ਅਸਥਾਨ ਤੇ ਪੁੱਜੇ ਜਿਸ ਨਗਰ ਨੂੰ ਹਸਨ ਅਬਦਾਲ ਕਿਹਾ ਜਾਂਦਾ ਸੀ। ਪਿੰਡ ਹਸਨ ਅਬਦਾਲ ਇਕ ਉੱਚੀ ਪਹਾੜੀ ਦੀ ਢਲਾਨ ਹੇਠ ਵਸਿਆ ਹੋਇਆ ਸੀ।

ਏਥੇ ਹੀ ਇਕ ਉੱਚੀ ਪਹਾੜੀ ਉੇਤੇ ਵਲੀ ਕੰਧਾਰੀ ਨਾਮੀ ਫਕੀਰ ਰਹਿੰਦਾ ਸੀ ਜਿਹੜਾ ਆਪਣੇ ਜਾਦੂ ਟੁਣਿਆਂ ਕਰਕੇ ਬਹੁਤ ਪ੍ਰਸਿੱਧ ਸੀ। ਉਸ ਦੀ ਰਿਹਾਇਸ਼ ਨੇੜੇ ਹੀ ਇਕ ਚਸ਼ਮਾ ਸੀ ਜਿਸਦਾ ਪਾਣੀ ਇਕ ਵੱਡੇ ਸਰੋਵਰ ਵਿਚ ਇਕੱਠਾ ਹੁੰਦਾ ਸੀ ਅਤੇ ਸਰੋਵਰ ਭਰ ਜਾਣ ਨਾਲ ਵਾਧੂ ਪਾਣੀ ਪਹਾੜੀ ਤੋਂ ਥੱਲੇ ਆ ਜਾਂਦਾ ਸੀ। ਜਿਸ ਤੋਂ ਪਿੰਡ ਦੇ ਲੋਕ ਪੀਣ ਵਾਸਤੇ ਘੜੇ ਭਰ ਲੈਂਦੇ ਸਨ।

ਗੁਰੂ ਜੀ ਇਕ ਪਹਾੜੀ ਦੀ ੳਟ ਵਿਚ ਬੈਠ ਗਏ। ਉਥੇ ਉਨ੍ਹਾਂ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਆਪ ਇਲਾਹੀ ਸ਼ਬਦ ਦਾ ਗਾਇਨ ਕਰਨ ਲੱਗ ਗਏ। ਪਿੰਡ ਦੇ ਲੋਕਾਂ ਨੇ ਜਦ ਇਹ ਇਲਾਹੀ ਸ਼ਬਦ ਸੁਣਿਆ ਤਾਂ ਉਹ ਗੁਰੂ ਜੀ ਪਾਸ ਆ ਇਕੱਤਰ ਹੋਏ। ਇਸ ਮਨਮੋਹਣੇ ਕੀਰਤਨ ਨੂੰ ਸੁਣ ਕੇ ਉਹ ਕੀਲੇ ਗਏ।

ਗੁਰੂ ਜੀ ਨੇ ਫਿਰ ਉਨ੍ਹਾਂ ਨੂੰ ਨੇਕ ਕਮਾਈ ਕਰਨ ਅਤੇ ਪ੍ਰਭੂ ਦੀ ਆਰਾਧਨਾ ਕਰਨ ਦੀ ਸਿੱਖਿਆ ਦਿੱਤੀ। ਉਹ ਰੋਜ਼ ਗੁਰੂ ਜੀ ਦੇ ਸਤਿਸੰਗ ਵਿਚ ਆਉਣ ਲੱਗੇ, ਜਦ ਫਕੀਰ ਵਲੀ ਕੰਧਾਰੀ ਪਾਸ ਲੋਕ ਜਾਣੋਂ ਹੱਟ ਗਏ, ਤਾਂ ਉਹ ਬਹੁਤ ਕਰੋਧ ਵਿਚ ਆਇਆ। ਉਹ ਪਿੰਡ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਤਾਲਾਬ ਦਾ ਪਾਣੀ ਹੇਠਾਂ ਡਿੱਗਣ ਤੋਂ ਰੋਕ ਦਿੱਤਾ।

ਪਾਣੀ ਦੀ ਘਾਟ ਕਾਰਨ ਪਿੰਡ ਦੇ ਲੋਕ ਘਬਰਾ ਗਏ। ਮਰਦਾਨੇ ਨੂੰ ਵੀ ਬਹੁਤ ਪਿਆਸ ਲੱਗੀ ਸੀ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਉਧਰ ਪਹਾੜ ਉਤੇ ਇਕ ਚਸ਼ਮਾ ਹੈ ਜਿਸ ਵਿਚ ਕਾਫੀ ਪਾਣੀ ਹੈ, ਪਰ ਉਸ ਪਾਣੀ ਦਾ ਮਾਲਕ ਵਲੀ ਕੰਧਾਰੀ ਬਣਿਆਂ ਬੈਠਾ ਹੈ। ਪਰ ਉਹ ਇਕ ਫਕੀਰ ਹੈ ਜੇ ਤੁਸੀਂ ਉਸ ਨੂੰ ਬੇਨਤੀ ਕਰੋਗੇ ਤਾਂ ਉਹ ਜ਼ਰੂਰ ਤੁਹਾਨੂੰ ਪੀਣ ਜੋਗ੍ਹਾ ਪਾਣੀ ਦੇ ਦੇਵੇਗਾ।

ਮਰਦਾਨਾ ਪਹਾੜ ਚੜ੍ਹਦਾ ਹੋਇਆ ਵਲੀ ਕੰਧਾਰੀ ਪਾਸ ਪੁੱਜਿਆ ਅਤੇ ਘੁਟ ਪਾਣੀ ਦੀ ਬੇਨਤੀ ਕੀਤੀ। ਪਰ ਵਲੀ ਕੰਧਾਰੀ ਕੜਕ ਕੇ ਬੋਲਿਆ, 'ਜਿਸ ਫਕੀਰ ਦਾ ਤੂੰ ਚੇਲਾ ਹੈਂ ਕਿ ਉਹ ਪਾਣੀ ਵੀ ਨਹੀਂ ਪਿਆ ਸਕਦਾ'? ਮਰਦਾਨਾ ਪਿਆਸ ਦਾ ਮਾਰਿਆ ਫਿਰ ਗੁਰੂ ਜੀ ਪਾਸ ਪੁੱਜ ਗਿਆ।

ਗੁਰੂ ਨਾਨਕ ਦੇਵ ਜੀ ਨੇ ਉਸਨੂੰ ਫੇਰ ਬੇਨਤੀ ਕਰਨ ਵਾਸਤੇ ਭੇਜਿਆ ਪਰ ਮਰਦਾਨਾ ਦੂਸਰੀ ਵਾਰ ਵੀ ਨਿਰਾਸ਼ ਮੁੜ ਆਇਆ। ਫਿਰ ਗੁਰੂ ਜੀ ਨੇ ਸੰਗਤ ਵਿਚ ਬੈਠੇ ਕੁਝ ਵਿਅਕਤੀਆਂ ਨੂੰ ਆਦੇਸ਼ ਦਿੱਤਾ ਕਿ ਉਹ ਇਕ ਖਾਸ ਪੱਥਰ ਨੂੰ ਉਖਾੜਨ।

ਜਦ ਉਨ੍ਹਾਂ ਲੋਕਾਂ ਨੇ ਉਸ ਪੱਥਰ ਨੂੰ ਪੁੱਟਿਆ ਤਾਂ ਇਕ ਵੱਡਾ ਸੋਮਾ ਪਾਣੀ ਦਾ ਵਹਿ ਤੁਰਿਆ। ਵਲੀ ਕੰਧਾਰੀ ਦਾ ਉਹ ਸਰੋਵਰ ਬਿਲਕੁਲ ਸੁੱਕ ਗਿਆ। ਉਹ ਗੁੱਸੇ ਵਿਚ ਲਾਲ ਪੀਲਾ ਹੋ ਗਿਆ। ਆਪਣੀ ਕਰਾਮਾਤੀ ਸ਼ਕਤੀ ਨਾਲ ਉਸ ਇਕ ਵੱਡੇ ਪੱਥਰ ਨੂੰ ਗੁਰੂ ਜੀ ਵੱਲ ਰੇੜ੍ਹਿਆ ਤਾਂਕਿ ਉਹ ਪੱਥਰ ਥੱਲੇ ਕੁਚਲ ਕੇ ਮਰ ਜਾਣ।

ਪਰ ਜਦ ਉਹ ਪੱਥਰ ਰਿੜ੍ਹਦਾ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਨੇ ਆਪਣਾ ਹੱਥ ਉਸ ਪੱਥਰ ਅੱਗੇ ਕਰ ਦਿੱਤਾ ਅਤੇ ਪੱਥਰ ਉਥੇ ਹੀ ਰੁਕ ਗਿਆ। ਗੁਰੂ ਜੀ ਦਾ ਪੰਜਾ ਉਸ ਪੱਥਰ ਵਿੱਚ ਧੱਸ ਗਿਆ। ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਹਾਲੇ ਵੀ ਉਸ ਪੱਥਰ ਉੱਤੇ ਟਿਕਿਆ ਹੋਇਆ ਹੈ। ਜਦ ਗੁਰੂ ਜੀ ਦੇ ਇਸ ਅਨੋਖੇ ਕੌਤਕ ਦਾ ਪਤਾ ਪਿੰਡ ਵਾਲਿਆਂ ਨੂੰ ਲੱਗਾ ਤਾਂ ਉਹ ਗੁਰੂ ਜੀ ਦੀ ਚਰਨੀਂ ਆ ਲੱਗੇ।

ਗੁਰੂ ਜੀ ਨੇ ਕੇਵਲ ਉਨ੍ਹਾਂ ਨੂੰ ਹੀ ਪਾਣੀ ਨਹੀਂ ਸੀ ਦਿੱਤਾ ਬਲਕਿ ਪ੍ਰਭੂ ਦੀ ਕਿਰਪਾ ਨਾਲ ਉਨ੍ਹਾਂ ਦੀਆਂ ਫਸਲਾਂ ਵੀ ਪਾਣੀ ਦਾ ਆਨੰਦ ਮਾਣ ਰਹੀਆਂ ਸਨ। ਵਲੀ ਕੰਧਾਰੀ ਦਾ ਸਰੋਵਰ ਬਿਲਕੁਲ ਸੁੱਕ ਗਿਆ, ਕਿਉਂਕਿ ਜਿਹੜਾ ਪਾਣੀ ਵਲੀ ਕੰਧਾਰੀ ਦੇ ਸਰੋਵਰ ਤਕ ਜਾਂਦਾ ਸੀ ਉਹ ਸਿੱਧਾ ਹੀ ਹੇਠਾਂ ਚਲਣ ਲੱਗ ਗਿਆ।

ਜਦ ਵਲੀ ਕੰਧਾਰੀ ਨੂੰ ਇਨ੍ਹਾਂ ਸਾਰੇ ਕੌਤਕਾਂ ਦਾ ਗਿਆਨ ਹੋਇਆ ਤਾਂ ਉਹ ਬੜੀ ਨਿਮ੍ਰਤਾ ਅਤੇ ਪਿਆਰ ਨਾਲ ਗੁਰੂ ਜੀ ਦੇ ਚਰਣਾ ਉਤੇ ਢਹਿ ਪਿਆ ਅਤੇ ਆਪਣੀ ਕੀਤੀ ਤੇ ਮੁਆਫੀ ਮੰਗਣ ਲੱਗਾ।

ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਸਾਨੂੰ ਮੰਗ ਕੇ ਖਾਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ। ਇਕ ਅੱਲ੍ਹਾ ਦੇ ਨਾਂ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਰੱਬ ਦੇ ਬੰਦਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ।

ਵਲੀ ਕੰਧਾਰੀ ਫਿਰ ਗੁਰੂ ਜੀ ਦਾ ਸਿੱਖ ਬਣ ਗਿਆ। ਉਸ ਅਸਥਾਨ ਤੇ ਗੁਰਦੁਆਰਾ ਪੰਜਾ ਸਾਹਿਬ ਸਥਿਤ ਹੈ।

Disclaimer Privacy Policy Contact us About us