ਬਾਬਰ ਦਾ ਹਮਲਾ


ਹੰਕਾਰੀ ਵਲੀ ਕੰਧਾਰੀ ਨੂੰ ਆਪਣਾ ਸਿੱਖ ਬਣਾ ਕੇ ਗੁਰੂ ਜੀ ਸੈਦਪੁਰ (ਐਮਨਾਬਾਦ) ਵੱਲ ਚੱਲ ਪਏ। ਰਾਹ ਵਿੱਚ ਪਿੰਡ ਦੇ ਲੋਕਾਂ ਨੂੰ ਨਾਮ ਦਾਨ ਬਖ਼ਸ਼ਦੇ ਹੋਏ ਉਹ ਸੈਦਪੁਰ ਪੁੱਜੇ। ਸੈਦਪੁਰ ਵਿਖੇ ਗੁਰੂ ਜੀ ਦਾ ਪਿਆਰਾ ਸਿੱਖ ਭਾਈ ਲਾਲੋ ਰਹਿੰਦਾ ਸੀ। ਗੁਰੂ ਜੀ ਭਾਈ ਲਾਲੋ ਨੂੰ ਸੈਦਪੁਰ ਦਾ ਪ੍ਰਚਾਰਕ ਥਾਪ ਗਏ ਸਨ।

ਗੁਰੂ ਜੀ ਦੀ ਕਿਰਪਾ ਭਾਵੇਂ ਬਾਈ ਲਾਲੋ ਨੂੰ ਹੁਣ ਕਿਸੇ ਚੀਜ਼ ਦੀ ਘਾਟ ਨਹੀਂ ਸੀ, ਪਰ ਫਿਰ ਵੀ ਉਹ ਸੱਚੀ ਕਿਰਤ ਕਰਕੇ ਹੀ ਗੁਜ਼ਾਰਾ ਕਰਦਾ ਸੀ। ਜਦ ਗੁਰੂ ਜੀ ਉਸਦੇ ਘਰ ਪੁੱਜੇ ਤਾਂ ਉਹ ਬਹੁਤ ਪ੍ਰਸੰਨ ਹੋਇਆ। ਉਨ੍ਹਾਂ ਨੂੰ ਬੈਠਣ ਲਈ ਆਸਣ ਦੇ ਕੇ ਉਸ ਨੇ ਜਲ ਪਾਣੀ ਛਕਾਇਆ।

ਫਿਰ ਜਦ ਗੁਰੂ ਜੀ ਨੇ ਐਮਨਾਬਾਦ ਦੇ ਹਾਲ ਚਾਲ ਬਾਰੇ ਪੁੱਛਿਆ ਤਾਂ ਭਾਈ ਲਾਲੋ ਕਹਿਣ ਲੱਗਾ, 'ਗੁਰੂ ਜੀ ਕੁਝ ਨਾ ਪੁਛੋ, ਇਹ ਪਠਾਣ ਹਾਕਮ ਬਹੁਤ ਦੁਸ਼ਟ ਹੋ ਗਏ ਹਨ ਜੋ ਗਰੀਬਾਂ ਪਾਸ ਖਾਣ ਨੂੰ ਵੀ ਕੁਝ ਨਹੀਂ ਰਹਿਣ ਦਿੰਦੇ। ਮੁਫਤ ਵਗਾਰਾਂ ਲੈਂਦੇ ਹਨ ਅਤੇ ਜਿਹੜਾ ਥੋੜ੍ਹਾ ਬਹੁਤ ਆਕੜਦਾ ਹੈ, ਉਸ ਤੇ ਭਿਆਨਕ ਜ਼ੁਲਮ ਢਾਹੁੰਦੇ ਹਨ'।

ਭਾਈ ਲਾਲੋ ਦੀ ਇਹ ਖਬਰ ਸੁਣਕੇ ਗੁਰੂ ਜੀ ਕਹਿਣ ਲੱਗੇ, 'ਕੋਈ ਗੱਲ ਨਹੀਂ, ਕੁਝ ਦਿਨਾਂ ਵਿਚ ਹੀ ਇਨ੍ਹਾਂ ਤੋਂ ਵੱਡਾ ਜ਼ਾਲਮ ਅਤੇ ਦੁਸਟ ਏਥੇ ਆ ਰਿਹਾ ਹੈ ਜਿਹੜਾ ਇਨ੍ਹਾਂ ਜ਼ਾਲਮਾਂ ਨੂੰ ਤਾਂ ਮਿੱਟੀ ਵਿਚ ਰੋਲੇਗਾ ਹੀ ਪਰ ਨਾਲ ਹੀ ਅਨੇਕਾਂ ਨਿਰਦੋਸ਼ਾਂ ਨੂੰ ਵੀ ਪੀਸ ਦੇਵੇਗਾ'।

ਜਦ ਗੁਰੂ ਜੀ ਕੁਝ ਦਿਨ ਸੈਦਪੁਰ ਠਹਿਰੇ ਤਾਂ ਉਸ ਸਮੇਂ ਹੀ ਬਾਬਰ ਦੀਆਂ ਫੌਜਾ ਨੇ ਆ ਹੱਲਾ ਬੋਲਿਆ। ਉਨ੍ਹਾਂ ਸਭ ਰਜਵਾੜਿਆਂ ਨੂੰ ਲੁੱਟ ਲਿਆ ਅਤੇ ਸਾਰੇ ਸ਼ਹਿਰ ਵਿਚ ਕਹਿਰ ਪਾ ਦਿੱਤਾ।

ਲੁੱਟਿਆ ਹੋਇਆ ਮਾਲ ਉਨ੍ਹਾਂ ਲੋਕਾਂ ਦੇ ਸਿਰਾਂ ਤੇ ਧਰ ਦਿੱਤਾ ਤੇ ਉਨ੍ਹਾਂ ਨੂੰ ਆਪਣੇ ਤੰਬੂਆਂ ਵਿੱਚ ਲੈ ਜਾਣ ਵਾਸਤੇ ਤੋਰ ਲਿਆ। ਗੁਰੂ ਜੀ, ਭਾਈ ਮਰਦਾਨਾ ਅਤੇ ਭਾਈ ਲਾਲੋ ਵੀ ਫੜੇ ਗਏ। ਉਨ੍ਹਾਂ ਦੇ ਸਿਰਾਂ ਉਤੇ ਵੀ ਸਾਮਾਨ ਰੱਖਵਾਇਆ ਅਤੇ ਆਪਣੇ ਨਾਲ ਲੈ ਗਏ। ਉਨ੍ਹਾਂ ਲੋਕਾਂ ਦਾ ਸਾਰਾ ਸਾਮਾਨ ਇਕ ਥਾਂ ਰਖਵਾ ਕੇ, ਬੰਦੀ ਬਣਾ ਲਿਆ।

ਸਾਰਿਆਂ ਨੂੰ ਇਕ ਕੈਦਖਾਨੇ ਵਿਚ ਬੰਦ ਕਰਕੇ ਉਨ੍ਹਾਂ ਨੂੰ ਅਨਾਜ ਪੀਸਣ ਵਾਸਤੇ ਚੱਕੀਆਂ ਗੇੜਨ ਲਾ ਦਿੱਤਾ। ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਵੀ ਚੱਕੀਆਂ ਦਿੱਤੀਆਂ। ਗੁਰੂ ਜੀ ਬੰਦੀਖਾਨੇ ਵਿਚ ਵੀ ਚੜ੍ਹਦੀ ਕਲਾ ਵਿਚ ਸਨ। ਉਹ ਆਪਣ ਅੱਖਾਂ ਮੀਟ ਕੇ ਇਕ ਨਵੇਂ ਆਏ ਇਲਾਹੀ ਸ਼ਬਦ ਦਾ ਗਾਇਨ ਕਰਨ ਲੱਗੇ।

ਗੁਰੂ ਜੀ ਦੀ ਮਿੱਠੀ ਸੁਰੀਲੀ ਬਾਣੀ ਨੇ ਸਭ ਕੈਦੀਆਂ ਨੂੰ ਮਸਤ ਕਰ ਦਿੱਤਾ ਤੇ ਉਹ ਆਪਣੇ ਸਾਰੇ ਦੁੱਖ ਭੁੱਲ ਗਏ। ਪਹਿਰੇਦਾਰਾਂ ਨੂੰ ਵੀ ਗੁਰੂ ਜੀ ਦੀ ਮਧੁਰ ਆਵਾਜ਼ ਨੇ ਕੀਲ ਲਿਆ ਅਤੇ ਉਨ੍ਹਾਂ ਗੁਰੂ ਜੀ ਅਤੇ ਭਾਈ ਮਰਦਾਨੇ ਵੱਲ ਵੇਖਿਆ ਤਾਂ ਹੈਰਾਨ ਰਹਿ ਗਏ ਕਿ ਗੁਰੂ ਜੀ ਸ਼ਬਦ ਦਾ ਗਾਇਨ ਕਰ ਰਹੇ ਸਨ, ਪਰ ਉਨ੍ਹਾਂ ਦੀਆਂ ਚੱਕੀਆਂ ਆਪਣੇ ਆਪ ਹੀ ਚੱਲ ਰਹੀਆਂ ਸਨ।

ਕੁਝ ਸਿਪਾਹੀ ਦੌੜ ਕੇ ਗਏ ਅਤੇ ਉਨ੍ਹਾਂ ਨੇ ਇਸ ਵਚਿਤਰ ਘਟਨਾ ਬਾਰੇ ਬਾਬਰ ਨੂੰ ਜਾ ਦਸਿਆ। ਬਾਬਰ ਵੀ ਇਸ ਘਟਨਾ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਝੱਟ ਬੰਦੀਖਾਨੇ ਵਾਲੇ ਖੇਮੇ ਵਿਚ ਪਹੁੰਚ ਗਿਆ। ਉਸ ਵੇਖਿਆ ਕਿ ਗੁਰੂ ਜੀ ਸ਼ਬਦ ਗਾ ਰਹੇ ਹਨ ਅਤੇ ਭਾਈ ਮਰਦਾਨਾ ਰਬਾਬ ਵਜਾ ਰਹੇ ਹਨ, ਪਰ ਉਨ੍ਹਾਂ ਦੇ ਹੱਥ ਲੱਗਣ ਤੋਂ ਬਗੈਰ ਜੀ ਚੱਕੀਆਂ ਆਪਣੇ ਆਪ ਘੁੰਮ ਰਹੀਆਂ ਹਨ।

ਕੁਝ ਦੇਰ ਖੜਾ ਬਾਬਰ ਗੁਰੂ ਜੀ ਦਾ ਗਾਇਨ ਸੁਣਦਾ ਰਿਹਾ। ਗਾਇਨ ਸਮਾਪਤ ਕਰਕੇ ਜਦ ਗੁਰੂ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਨ੍ਹਾਂ ਆਪਣੇ ਸਾਹਮਣੇ ਬਾਬਰ ਨੂੰ ਵੇਖਿਆ। ਬਾਬਰ ਕਹਿਣ ਲੱਗਾ, 'ਅੱਲਾਂ ਦੇ ਫ਼ਕੀਰ, ਤੁਸੀਂ ਕੀ ਗਾ ਰਹੇ ਸੀ?' ਗੁਰੂ ਜੀ ਨੇ ਫਾਰਸੀ ਵਿਚ ਸਾਰੇ ਸ਼ਬਦ ਦਾ ਮਤਲਬ ਸਮਝਾਇਆ।

ਜਿਸ ਦਾ ਭਾਵ ਸੀ, 'ਰੱਬ ਸਭ ਦਾ ਪਿਤਾ ਹੈ ਅਤੇ ਅਸੀਂ ਉਸ ਦੀ ਸੰਤਾਨ ਹਾਂ। ਤੁਸੀਂ ਨਿਰਦੋਸ਼ ਲੋਕਾਂ ਦੇ ਘਰ ਬਾਰ ਅਤੇ ਇਸਤਰੀਆਂ ਲੁੱਟ ਲਈਆਂ। ਕਿਸੇ ਨੇ ਤੁਹਾਡਾ ਕੋਈ ਨੁਕਸਾਨ ਨਹੀਂ ਸੀ ਕੀਤਾ ਪਰ ਫਿਰ ਵੀ ਤੁਸੀਂ ਉਨ੍ਹਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ।

ਬਾਬਰ ਨੇ ਆਪਣੇ ਕੀਤੇ ਉੱਤੇ ਅਫਸੋਸ ਜ਼ਾਹਰ ਕੀਤਾ ਅਤੇ ਗੁਰੂ ਜੀ ਨੂੰ ਕਹਿਣ ਲੱਗਾ, 'ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਰੱਬ ਮੈਨੂੰ ਮੁਆਫ ਕਰ ਦੇਵੇਗਾ?' ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਸ ਸਾਰੇ ਕੈਦੀਆਂ ਨੂੰ ਛੱਡ ਦੇਵੇ ਅਤੇ ਉਨ੍ਹਾਂ ਦਾ ਲੁਟਿਆ ਮਾਲ ਵਾਪਿਸ ਕਰੇ ਅਤੇ ਅੱਗੇ ਤੋਂ ਕਿਸੇ ਉਤੇ ਜ਼ੁਲਮ ਨਾ ਕਰੇ।

ਬਾਬਰ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸਭ ਕੈਦੀ ਆਜ਼ਾਦ ਕਰ ਦਿੱਤੇ। ਸੈਦਪੁਰ ਦੇ ਦੁਖੀ ਲੋਕਾਂ ਨੂੰ ਦਿਲਾਸਾ ਦੇ ਕੇ ਗੁਰੂ ਜੀ ਆਪਣੇ ਨਗਰ ਕਰਤਾਰਪੁਰ ਆ ਗਏ।

Disclaimer Privacy Policy Contact us About us