ਪਵਿਤਰ ਜਨੇਊ


ਜਦ ਗੁਰੂ ਨਾਨਕ ਦੇਵ ਜੀ 9 ਵਰਿਆਂ ਦੇ ਹੋ ਗਏ ਤਾਂ ਉਹਨਾਂ ਦੇ ਪਿਤਾ ਜੀ ਨੇ ਜਨੇਊ ਦੀ ਰਸਮ ਦਾ ਸੋਚਿਆ। ਜਦ ਤਕ ਹਿੰਦੂ ਧਰਮ ਵਿਚ ਬਚੇ ਨੂੰ ਜਨੇਉ ਨਹੀ ਪਾਇਆ ਜਾਂਦਾ ਤਦ ਤਕ ਉਹ ਬਰਾਦਰੀ ਦਾ ਨਹੀ ਮਨਿਆਂ ਜਾਂਦਾ।

ਸਾਰੇ ਪਰਿਵਾਰ ਵਾਲੇ ਰਸਮ ਨੂੰ ਨਿਭਾਉਣ ਲਈ ਇੱਕਠੇ ਹੋਏ। ਪੰਡਿਤ ਹਰਦਿਆਲ ਨਿਯਤ ਸਮੇਂ ਤੇ ਪਹੁੰਚ ਕੇ ਰਸਮ ਸ਼ੁਰੂ ਕੀਤੀ।

ਬਾਲਕ ਗੁਰੂ ਜੀ ਨੂੰ ਪੰਡਿਤ ਦੇ ਸਾਹਮਣੇ ਬਿਠਾਇਆ ਗਿਆ। ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲੇ ਗੁਰੂ ਜੀ ਦੇ ਆਲੇ ਦੁਆਲੇ ਬੈਠ ਗਏ।

ਸਾਰੀ ਰਸਮਾਂ ਨਿਭਾਉਂਦੇ ਹੋਏ ਪੰਡਿਤ ਗੁਰੂ ਜੀ ਦੇ ਸ਼ਰੀਰ ਉੱਪਰ ਇਕ ਧਾਗਾ ਜਾਂ ਜਨੇਉ ਬਨਣ ਲਗਾ ਤਾਕਿ ਰਸਮ ਪੂਰੀ ਕੀਤੀ ਜਾ ਸਕੇ। ਸਾਰੇ ਪਰਿਵਾਰ ਵਾਲੇ ਇਹ ਵੇਖ ਬਹੁਤ ਖ਼ੁਸ਼ ਸਨ। ਉਸ ਵੇਲੇ ਸਭ ਹੈਰਾਨ ਤੇ ਪਰੇਸ਼ਾਨ ਹੋ ਗਏ ਜਦ ਗੁਰੂ ਜੀ ਨੇ ਪੰਡਿਤ ਨੂੰ ਪਿਛੇ ਕਰਦੇ ਹੋਏ ਜਨੇਊ ਪਾਉਣ ਤੋਂ ਮਨਾਂ ਕਰ ਦਿੱਤਾ ਅਤੇ ਪੰਡਿਤ ਤੋ ਪੁਛਿਆ,

'ਤੁਸੀਂ ਇਹ ਕੀ ਕਰ ਰਹੇ ਹੋ, ਪਹਿਲਾ ਮੈਨੂੰ ਇਸ ਧਾਗੇ ਦੇ ਜਨੇਉ ਦਾ ਮਤਲਬ ਤੇ ਲਾਭ ਦਸੋ?'
ਪੰਡਿਤ ਨੇ ਜ਼ਵਾਬ ਦਿਤਾ, 'ਇਹ ਪਵਿਤਰ ਜਨੇਉ ਇਕ ਰਸਮ ਹੈ ਤੇ ਉੱਚੀ ਤੇ ਖਤਰੀ ਜ਼ਾਤ ਦੀ ਨਿਸ਼ਾਨੀ ਹੈ।'
ਪਰ ਗੁਰੂ ਜੀ ਪੰਡਿਤ ਦੇ ਜ਼ਵਾਬ ਤੋਂ ਸੰਤੁਸ਼ਟ ਨਹੀਂ ਹੋਏ।

ਉਹਨਾ ਨੇ ਫਿਰ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਨਸਾਨ ਇਕ ਧਾਗੇ ਤੋਂ ਪਹਿਚਾਣਿਆ ਜਾਵੇ। ਇਨਸਾਨ ਦੀ ਪਹਿਚਾਨ ਤੇ ਉਸਦੇ ਕਰਮਾਂ ਨਾਲ ਹੁੰਦੀ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਇਕ ਕਠੋਰ ਤੇ ਦੁਸ਼ਟ ਇਨਸਾਨ ਇਹ ਜਨੇਉ ਪਾ ਕੇ ਉੱਚੀ ਜ਼ਾਤ ਦਾ ਬਣ ਜਾਏਗਾ ਜਦ ਕਿ ਇਹ ਜਨੇਉ ਤੇ ਮਨੁੱਖ ਨਾਲ ਦੂਜੀ ਦੁਨਿਆਂ ਵਿਚ ਵੀ ਨਹੀਂ ਜਾਵੇਗਾ।

ਇਹ ਤੇ ਇਥੇ ਹੀ ਟੁੱਟ ਜਾਂ ਸਵਾਂ ਹੋ ਜਾਵੇਗਾ। ਪੰਡਿਤ ਨੇ ਇਕ ਵਾਰੀ ਫਿਰ ਸਮਝਾਇਆ ਕਿ ਇਹ ਖ਼ਤਰੀ ਜ਼ਾਤ ਦੀ ਪਹਿਚਾਨ ਹੈ ਤੇ ਤੁਹਾਡੇ ਬਾਪ ਦਾਦੇ ਵੀ ਇਸ ਨੂੰ ਪਾਉਂਦੇ ਰਹੇ ਹਨ।

ਪਰ ਗੁਰੂ ਜੀ ਨਹੀ ਮਨੇ ਅਤੇ ਉਹਨਾਂ ਨੇ ਕਿਹਾ ਕਿ ਇਹ ਜਨੇਉ ਪਾਣਾ ਬੇਕਾਰ ਹੈ। ਇਹ ਕੋਈ ਧਰਮੀ ਫਾਇਦਾ ਨਹੀ ਦੇਵੇਗਾ। ਜਦ ਮਨੁੱਖ ਮਰਦਾ ਹੈ ਤੇ ਉਸ ਵੇਲੇ ਇਹ ਧਾਗਾ ਉਤਾਰ ਦਿੱਤਾ ਜਾਂਦਾ ਹੈ। ਅਗਰ ਤੁਸੀ ਮੈਨੂੰ ਕੋਈ ਜਨੇਉ ਪਾਣਾ ਚਾਹੁੰਦੇ ਹੋ ਤੇ ਇਸ ਤਰਾਂ ਦਾ ਧਾਗਾ ਲਿਆਉ ਜੋ ਮੇਰੇ ਨਾਲ ਅਗਲੀ ਦੁਨੀਆ ਵਿਚ ਵੀ ਜਾ ਸਕੇ। ਜਦ ਗੁਰੂ ਨਾਨਕ ਨੇ ਜਨੇਉ ਪਾਣ ਤੋਂ ਮਨਾਂ ਕਰ ਦਿੱਤਾ ਤਾਂ ਪੰਡਿਤ ਨੇ ਪੁਛਿਆ ਕਿ ਤੁਸੀ ਦਸੋਂ ਕਿਸ ਤਰਾਂ ਦਾ ਜਨੇਊ ਪਾਣਾ ਚਾਹਿਦਾ ਹੈ ਜੋ ਦੂਸਰੀ ਦੁਨੀਆਂ ਵਿਚ ਵੀ ਨਾਲ ਜਾਵੇਗਾ।

ਗੁਰੂ ਜੀ ਨੇ ਇਹ ਸੁਣਕੇ ਬਾਣੀ ਉਚਾਰਣ ਕੀਤੀ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥

ਸੋ ਪੰਡਿਤ ਜੀ, ਜੇ ਤੁਸੀ ਇਸ ਤਰਾਂ ਦਾ ਜਨੇਊ ਲਿਆ ਸਕੋ ਤਾਂ ਮੈ ਪਾਉਣ ਨੂੰ ਤਿਆਰ ਹਾਂ। ਇਹ ਗਲਾਂ ਗੁਰੂ ਜੀ ਦਿਆ ਸੁਣਕੇ ਪੰਡਿਤ ਨੂੰ ਗਿਆਨ ਹੋ ਆਇਆ।

ਉਹ ਕਹਿਣ ਲਗਾ, 'ਮਹਤਾ ਜੀ, ਇਹ ਬਾਲਕ ਪੁਰਾਣੀਆਂ ਲੀਹਾਂ ਤੇ ਨਹੀ ਚਲੇਗਾ। ਇਹ ਤਾਂ ਨਵੇ ਪੈੜ ਪਾਵੇਗਾ ਤੇ ਲੋਕਾਂ ਨੂੰ ਸੱਚ ਦੀ ਰਾਹ ਦਸੇਗਾ। ਇਹ ਕਹਿਕੇ ਪੰਡਿਤ ਨੇ ਬਾਲਕ ਗੁਰੂ ਨਾਨਕ ਅਗੇ ਸਿਰ ਨਿਵਾਆਇਆ। ਸਾਰੇ ਸਗੇ ਸੰਬੰਧੀ ਬਹੁਤ ਅਸਚਰਜ਼ ਵਿਚ ਸਨ। ਪਰ ਪਿਤਾ ਮਹਿਤਾ ਕਾਲੂ ਬੜੇ ਦਿਲਗੀਰ ਸਨ ਕਿ ਨਾਨਕ ਨੇ ਕੁਲ ਦੀ ਰੀਤ ਤੋੜ ਦਿੱਤੀ।

Disclaimer Privacy Policy Contact us About us