ਕਰਤਾਰਪੁਰ


ਗੁਰੂ ਜੀ ਨੇ ਕਰਤਾਰਪੁਰ ਨੂੰ ਸਿੱਖੀ ਪ੍ਰਚਾਰ ਕੇਂਦਰ ਬਣਾ ਲਿਆ। ਗੁਰੂ ਜੀ ਭਾਰਤ ਅਤੇ ਹੋਰ ਦੇਸ਼ਾਂ ਵਿਚ ਆਪਣੇ ਸਿੱਖ ਬਣਾ ਕੇ ਆਏ ਸਨ। ਜਦੋਂ ਦੁੂਰ ਦੂਰ ਦੇ ਲੋਕਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਪੱਕੇ ਤੌਰ ਤੇ ਕਰਤਾਰਪੁਰ ਵਿਖੇ ਨਿਵਾਸ ਕਰ ਲਿਆ ਹੈ ਤਾਂ ਸਾਰੇ ਰੂਹਾਨੀ ਗਿਆਨ ਦੀ ਪ੍ਰਾਪਤੀ ਵਾਸਤੇ ਉਥੇ ਆਉਣ ਲੱਗੇ।

ਕਰਤਾਰਪੁਰ ਵਿਚ ਉਹ ਆਪ ਖੇਤੀ ਕਰਦੇ ਸਨ ਜਿਸਦਾ ਭਾਵ ਉਹ ਆਪਣੇ ਸ਼ਰਧਾਲੂਆਂ ਨੂੰ ਦਸਣਾ ਚਾਹੁੰਦੇ ਸਨ ਕਿ ਜੋਗੀਆਂ ਪੀਰਾਂ ਵਾਂਗ ਮੰਗ ਕੇ ਨਹੀਂ ਖਾਣਾ ਚਾਹੀਦਾ ਬਲਕਿ ਆਪਣੇ ਹੱਥੀਂ ਕਿਰਤ ਕਰਨੀ ਚਾਹੀਦੀ ਹੈ। ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਉਹ ਪ੍ਰਭੂ ਦਾ ਸਿਮਰਨ ਕਰਦੇ ਸਨ, ਉਸ ਦਾ ਮਤਲਬ ਸੀ ਕਿ ਗ੍ਰਿਹਸਤ ਵਿਚ ਰਹਿੰਦਿਆਂ ਵੀ ਆਦਮੀ ਪ੍ਰਭੂ ਦੀ ਭਗਤੀ ਕਰ ਸਕਦਾ ਹੈ।

ਉਸ ਨੂੰ ਜੰਗਲਾਂ ਵਿਚ ਜਾਣ ਦੀ ਲੋੜ ਨਹੀਂ, ਪਹਾੜਾਂ ਉਤੇ ਚੜਨ ਦਾ ਕੋਈ ਫਾਇਦਾ ਨਹੀਂ। ਜਿਹੜਾ ਮਨੁੱਖ ਇਸ ਜੀਵਨ ਸੰਗਰਾਮ ਨੂੰ ਛੱਡ ਕੇ ਜਾਂਦਾ ਹੈ ਉਹ ਬੁਜ਼ਦਿਲ ਹੈ। ਸਾਨੂੰ ਆਪਣੇ ਸਿਰਜਣਹਾਰ ਨਾਲ ਸਦਾ ਹੀ ਇਕਮਿਕ ਹੋਣਾ ਚਾਹੀਦਾ ਹੈ ਅਤੇ ਉਸ ਦੇ ਜਲਵੇ ਨੂੰ ਵੇਖਣਾ ਚਾਹੀਦਾ ਹੈ।

ਇਸ ਸੰਸਾਰਿਕ ਜੀਵਨ ਨੂੰ ਰੱਬ ਦੇ ਮਿਲਾਪ ਵਿਚ ਕੋਈ ਅੜਿਕਾ ਨਹੀਂ ਸਮਝਣਾ ਚਾਹੀਦਾ, ਬਲਕਿ ਇਹ ਪਵਿੱਤਰ ਧਾਰਮਿਕ ਜੀਵਨ ਦਾ ਸੋਮਾ ਹੋਣਾ ਚਾਹੀਦਾ ਹੈ। ਇਕ ਪਾਸੇ ਉਹ ਖੇਤਾਂ ਦੀ ਵਹਾਈ ਅਤੇ ਬੀਜ ਬੀਜਣ ਦਾ ਕੰਮ ਕਰਦੇ ਸਨ ਅਤੇ ਦੂਸਰੇ ਪਾਸੇ ਲੋਕਾਂ ਦੇ ਮਨਾਂ ਦੀ ਸਫਾਈ ਕਰਕੇ ਸੱਚੇ ਨਾਮ ਦਾ ਬੀਜ ਬੀਜਦੇ ਸਨ।

ਉਹ ਆਪਣੇ ਸਿੱਖਾਂ ਨੂੰ ਇਹੋ ਸਿੱਖਿਆ ਦਿੰਦੇ ਸਨ ਕਿ ਸਾਡਾ ਇਕੋ ਇਕ ਪਿਤਾ ਪ੍ਰਭੂ ਹੈ ਅਤੇ ਸਾਰਾ ਸੰਸਾਰ ਸਾਡਾ ਘਰ ਹੈ। ਕੋਈ ਵੱਡਾ ਨਿੱਕਾ ਨਹੀਂ, ਕੋਈ ਊਚ ਨੀਚ ਨਹੀਂ, ਇਹ ਜ਼ਾਤ ਬਰਾਦਰੀਆਂ ਦੀਆਂ ਵੰਡੀਆਂ ਕੇਵਲ ਸਵਾਰਥੀ ਲੋਕਾਂ ਵੱਲੋਂ ਪਾਈਆਂ ਗਈਆਂ ਹਨ। ਬ੍ਰਾਹਮਣ ਲੋਕ ਦੂਸਰੇ ਵਿਅਕਤੀ ਦੇ ਨਾਲ ਲੱਗਣ ਤੇ ਜੀ ਆਪਣੇ ਆਪ ਨੂੰ ਭਿਟਿਆ ਸਮਝਦੇ ਸਨ ਅਤੇ ਨੀਵੇਂ ਜ਼ਾਤ ਦੇ ਲੋਕਾਂ ਦੇ ਸਾਹਮਣੇ ਬੈਠ ਕੇ ਵੀ ਖਾਣਾ ਨਹੀਂ ਸੀ ਖਾ ਸਕਦੇ।

ਇਸ ਭਿੱਟ ਦੀ ਪ੍ਰਥਾ ਨੂੰ ਤੋੜਨ ਵਾਸਤੇ ਗੁਰੂ ਜੀ ਨੇ ਸਾਂਝੇ ਲੰਗਰ ਦਾ ਰਿਵਾਜ ਤੋਰਿਆ। ਉਸ ਲੰਗਰ ਵਿਚ ਸਭ ਬਰਾਬਰ ਸਮਝੇ ਜਾਂਦੇ ਸਨ ਅਤੇ ਸਭ ਨੂੰ ਇਕੋ ਜਿਹਾ ਭੋਜਨ ਛਕਾਇਆ ਜਾਂਦਾ ਸੀ। ਉਥੇ ਕੋਈ ਹਿੰਦੂ ਪਾਣੀ ਜਾਂ ਮੁਸਲਿਮ ਪਾਣੀ ਨਹੀਂ ਸੀ, ਬਲਕਿ ਸਾਰਿਆਂ ਵਾਸਤੇ ਇਕੋ ਪਾਣੀ ਸੀ।

ਬੇਸ਼ਕ ਲੰਗਰ ਮੁਫਤ ਚਲਦਾ ਸੀ ਅਤੇ ਕਿਸੇ ਪਾਸੋਂ ਕੋਈ ਰਕਮ ਵਸੂਲ ਨਹੀਂ ਸੀ ਕੀਤੀ ਜਾਂਦੀ ਪਰ ਗੁਰੂ ਜੀ ਵਿਹਲੜਾਂ ਨੂੰ ਲੰਗਰ ਛਕਣ ਉਤੇ ਤਾੜਨਾ ਕਰਦੇ ਸਨ। ਹਰ ਇਕ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ। ਸਭ ਨੂੰ ਕੰਮ ਵੰਡੇ ਹੋਏ ਸਨ, ਕੋਈ ਖੇਤਾਂ ਵਿਚ ਕੰੰਮ ਕਰਦਾ ਸੀ, ਕੋਈ ਲੰਗਰ ਬਣਾਉਂਦਾ ਸੀ ਅਤੇ ਕੋਈ ਘਰ ਬਾਰ ਦੀ ਸਫਾਈ ਕਰਦਾ ਸੀ।

ਗੁਰੂ ਦੇ ਘਰ ਵਿਚ ਕਿਸੇ ਵੀ ਚੀਜ਼ ਦੀ ਤੋਟ ਨਹੀਂ ਸੀ ਆਉਂਦੀ। ਹਰ ਇਕ ਸ਼ਰਧਾਲੂ ਨੂੰ ਇਹ ਚਾਅ ਹੁੰਦਾ ਸੀ ਕਿ ਉਹ ਗੁਰੂ ਦੇ ਭੰਡਾਰੇ ਵਿਚ ਵੱਧ ਤੋਂ ਵੱਧ ਭੇਟ ਕਰੇ। ਗੁਰੂ ਜੀ ਦੀ ਸਿੱਖਿਆ ਅਨੁਸਾਰ ਕੋਈ ਵੀ ਵਿਹਲੜ ਨਹੀਂ ਸੀ ਅਖਵਾਉਣਾ ਚਾਹੁੰਦਾ।

ਭਾਈ ਮਰਦਾਨਾ ਇਕ ਐਸਾ ਸਿੱਖ ਸੀ ਜਿਸ ਨੇ ਸਭ ਤੋਂ ਵੱਧ ਗੁਰੂ ਜੀ ਦੀ ਸੰਗਤ ਮਾਣੀ ਸੀ। ਉਹ ਸਾਰੀਆਂ ਉਦਾਸੀਆਂ ਸਮੇਂ ਗੁਰੂ ਜੀ ਨਾਲ ਰਿਹਾ। ਉਹ ਵੀ ਆਪਣਾ ਸਾਰਾ ਟੱਬਰ ਲੈ ਕੇ ਕਰਤਾਰਪੁਰ ਟਿਕ ਗਿਆ ਸੀ। ਗੁਰੂ ਜੀ ਦੇ ਚਰਣਾਂ ਵਿਚ ਰਹਿਣ ਕਰਕੇ ਉਹ ਵੀ ਬ੍ਰਹਮ ਗਿਆਨੀ ਹੋ ਗਿਆ ਸੀ।

ਕਰਤਾਰਪੁਰ ਵਿੱਚ ਰਹਿੰਦਿਆਂ ਇਕ ਦਿਨ ਉਸ ਨੂੰ ਪਤਾ ਲੱਗ ਗਿਆ ਕਿ ਉਸਦਾ ਅੰਤ ਨੇੜੇ ਆ ਗਿਆ ਸੀ। ਉਸ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਗੁਰੂ ਜੀ ਆਪ ਚਲ ਕੇ ਉਸ ਪਾਸ ਗਏ। ਭਾਈ ਮਰਦਾਨੇ ਨੇ ਕਿਹਾ, 'ਸਤਿਗੁਰੂ! ਮੈਂ ਹੁਣ ਜਾ ਰਿਹਾ ਹਾਂ'।

ਗੁਰੂ ਜੀ ਮੁਸਕਰਾਏ ਅਤੇ ਉਨ੍ਹਾਂ ਆਪਣੇ ਸਾਥੀ ਦੇ ਸਿਰ ਉੱਤੇ ਹੱਥ ਫੇਰਿਆ ਅਤੇ ਉਸ ਨੂਮ ਅਸੀਸ ਦਿੱਤੀ ਕਿ ਮਰਦਾਨੇ ਤੂੰ ਹੁਣ ਮਰਦਾ ਨਹੀਂ, ਤੂੰ ਜਨਮ ਮਰਨ ਤੋਂ ਰਹਿਤ ਹੋ ਗਿਆ ਹੈ।

ਇਸ ਤਰ੍ਹਾਂ ਭਾਈ ਮਰਦਾਨਾ ਗੁਰੂ ਜੀ ਦੇ ਚਰਣਾਂ ਵਿਚ ਪ੍ਰਾਣ ਤਿਆਗ ਗਿਆ।

Disclaimer Privacy Policy Contact us About us