ਜੋਤ ਤੋਂ ਜੋਤ ਜਗੀ


ਗੁਰੂ ਜੀ ਹੁਣ ਬਿਰਧ ਹੋ ਗਏ ਸਨ ਤੇ ਚਾਹੁੰਦੇ ਸਨ ਕਿ ਜਿਸ ਕਾਰਜ ਨੂੰ ਉਨ੍ਹਾਂ ਆਰੰਭ ਕੀਤਾ ਸੀ ਉਸ ਨੂੰ ਜਾਰੀ ਰਖਿਆ ਜਾਵੇ। ਸਿੱਖੀ ਦੇ ਸੱਚੇ ਸੁੱਚੇ ਧਰਮ ਦਾ ਜਿਹੜਾ ਉਨ੍ਹਾਂ ਬੂਟਾ ਲਾਇਆ ਸੀ ਉਸ ਨੂੰ ਜਵਾਨ ਹੋ ਕੇ ਸਾਰੀ ਦੁਨੀਆਂ ਨੂੰ ਚਾਨਣ ਦੇਣ ਦੇ ਸਮਰੱਥ ਬਣਾਉਣਾ ਚਾਹੁੰਦੇ ਸਨ।

ਇਸ ਲਈ ਆਪਣੇ ਉਤਰਾਧਿਕਾਰੀ ਚੁਣਨ ਵਾਸਤੇ ਉਨ੍ਹਾਂ ਆਪਣੇ ਸਿੱਖਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਕਿ ਕਿਹੜਾ ਐਸਾ ਸਿੱਖ ਸੀ ਜਿਹੜਾ ਸਿੱੱਖੀ ਦੇ ਬੂਟੇ ਦੀ ਸਹੀ ਢੰਗ ਨਾਲ ਪਰਵਰਿਸ਼ ਕਰ ਸਕੇ।

ਉਹ ਅਜਿਹਾ ਸਿੱਖ ਹੋਣਾ ਚਾਹੀਦਾ ਹੈ ਜਿਹੜਾ ਸੇਵਾ ਦਾ ਪੁੰਜ ਹੋਵੇ, ਪਰਮਾਤਮਾ ਦੇ ਸਭ ਬੰਦਿਆਂ ਨੂੰ ਬਰਾਬਰ ਜਾਣਦਾ ਹੋਵੇ, ਹਿੰਦੂ ਮੁਸਲਮਾਨ ਕਿਸੇ ਵਿਚ ਵਿਤਕਰਾ ਨਾ ਸਮਝਦਾ ਹੋਵੇ, ਕਿਸੇ ਨੂੰ ਵੀ ਵੱਡਾ ਛੋਟਾ ਨਾ ਚਿਤਾਰਦਾ ਹੋਵੇ ਅਤੇ ਸਭ ਤੋਂ ਵੱਧ ਉਹ ਕਾਮ ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਰਹਿਤ ਹੋਵੇ।

ਅਜਿਹੇ ਸਿੱਖਾਂ ਵਿਚ ਉਨ੍ਹਾਂ ਨੂੰ ਭਾਈ ਲਹਿਣਾ ਜੀ ਅਤੇ ਭਾਈ ਬੁੱਢਾ ਜੀ ਚੰਗੇ ਲੱਗਦੇ ਸਨ। ਦੋਵਾਂ ਵਿਚ ਹੀ ਅਜਿਹੇ ਗੁਣ ਸਨ ਜਿਹੜੇ ਸਿੱਖੀ ਦੇ ਇਸ ਬੂਟੇ ਨੂੰ ਚਾਰ ਚੰਨ ਲਾ ਸਕਦੇ ਸਨ। ਭਾਈ ਬੁੱਢਾ ਜੀ ਬੇਸ਼ਕ ਛੋਟੀ ਉਮਰ ਦੇ ਸਨ, ਪਰ ਗੁਰੂ ਘਰ ਵਾਸਤੇ ਜਿੰਨਾ ਪਿਆਰ ਉਨ੍ਹਾਂ ਵਿਚ ਸੀ ਉਹ ਕਿਸੇ ਹੋਰ ਵਿਚ ਨਹੀਂ ਸੀ।

ਇਕ ਦਿਨ ਗੁਰੂ ਸਾਹਿਬ ਨੇ ਇਸ ਸੰਬੰਧ ਵਿਚ ਉਨ੍ਹਾਂ ਨੂੰ ਟੋਹਿਆ ਤਾਂ ਭਾਈ ਬੁੱਢਾ ਜੀ ਕਹਿਣ ਲੱਗੇ, 'ਮੈਂ ਗੁਰੂ ਨਹੀਂ, ਗੁਰੂ ਘਰ ਦਾ ਸੇਵਕ ਹੀ ਰਹਿਣਾ ਚਾਹੁੰਦਾ ਹਾਂ, ਮੈਨੂੰ ਇਹ ਦਾਤ ਬਖਸ਼ੋ ਕਿ ਮੈਂ ਗੁਰੂ ਘਰ ਦੀ ਸਦਾ ਸੇਵਾ ਕਰਦਾ ਰਹਾਂ'।

ਹੁਣ ਚੋਣ ਕੇਵਲ ਭਾਈ ਲਹਿਣੇ ਉਤੇ ਹੀ ਰਹਿ ਗਈ ਸੀ। ਜਿਸ ਨੂੰ ਉਹ ਆਪਣੇ ਸਰੀਰ ਦਾ ਅੰਗ ਸਮਝਦੇ ਸਨ। ਇਸ ਲਈ ਉਨ੍ਹਾਂ ਨੇ ਦੂਰ ਨੇੜੇ ਦੇ ਸਾਰੇ ਸਿੱਖਾਂ ਨੂੰ ਬੂਲਾਇਆ ਅਤੇ ਭਾਈ ਬੁੱਢਾ ਜੀ ਪਾਸੋਂ ਪੰਜ ਪੈਸੇ ਅਤੇ ਇਕ ਨਾਰੀਅਲ ਮੰਗਵਾਇਆ।

ਸਾਰੀ ਸੰਗਤ ਦੇ ਸਾਹਮਣੇ ਉਨ੍ਹਾਂ ਪੰਜ ਪੈਸੇ ਅਤੇ ਨਾਰੀਅਲ ਭਾਈ ਲਹਿਣਾ ਜੀ ਅੱਗੇ ਧਰੇ ਅਤੇ ਉਨ੍ਹਾਂ ਨੂੰ ਮੱਥਾ ਟੇਕ ਕੇ ਕਹਿਣ ਲੱਗੇ, 'ਅੱਜ ਤੋਂ ਇਹ ਮੇਰਾ ਅੰਗ ਹੋਏ, ਇਸ ਕਰਕੇ ਇਹ ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਬਣ ਗਏ ਹਨ। ਅੱਜ ਤੋਂ ਮੇਰੀ ਜੋਤ ਇਨ੍ਹਾਂ ਵਿਚ ਜਗ ਪਈ ਹੈ ਅਤੇ ਇਹੀ ਨਾਨਕ ਨਿਰੰਕਾਰੀ ਹੋ ਗਏ ਹਨ'।

ਇਸ ਤੋਂ ਬਾਅਦ ਉਨ੍ਹਾਂ ਭਾਈ ਬੁੱਢਾ ਜੀ ਨੂੰ ਤਿਲਕ ਲਗਾਉਣ ਨੂੰ ਕਿਹਾ ਅਤੇ ਫੁਰਮਾਇਆ, 'ਅੱਜ ਤੋਂ ਭਾਈ ਬੁੱਢਾ ਜੀ ਗੁਰੂ ਘਰ ਦੇ ਕੇਵਲ ਸੇਵਕ ਹੀ ਨਹੀਂ ਹੋਣਗੇ ਬਲਕਿ ਗੁਰੂ ਘਰ ਦੇ ਸਰਪਰਸਤ ਵੀ ਹੋਣਗੇ, ਇਨ੍ਹਾਂ ਜਾਂ ਇਨ੍ਹਾਂ ਦੇ ਪਰਿਵਾਰ ਦੇ ਵਿਅਕਤੀ ਦੀ ਸਹਿਮਤੀ ਨਾਲ ਹੀ ਕੋਈ ਸੱਚਾ ਗੁਰੂ ਅਖਵਾ ਸਕੇਗਾ'।

ਭਾਈ ਬੁੱਢਾ ਜੀ ਨੇ ਬੜੀ ਨਿਮ੍ਰਤਾ ਨਾਲ ਗੁਰੂ ਅੰਗਦ ਦੇਵ ਜੀ ਅੱਗੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਸਾਰੀ ਸੰਗਤ ਨੇ ਸਿਰ ਝੁਕਾਇਆ।

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ ਜੀ ਵਿਚ ਪ੍ਰਵੇਸ਼ ਕਰਕੇ ਜੋਤ ਤੋਂ ਜੋਤ ਜਗੀ।

Disclaimer Privacy Policy Contact us About us