ਸੱਚਖੰਡ ਵਾਪਸੀ


ਹੁਣ ਗੁਰੂ ਨਾਨਕ ਦੇਵ ਜੀ ਨੇ ਸਾਰੇ ਸਿੱਖਾਂ ਤੇ ਪਰਿਵਾਰ ਨੂੰ ਇਕੱਠਾ ਕੀਤਾ ਤੇ ਫੁਰਮਾਇਆ ਕਿ ਸਾਡਾ ਅੰਤ ਸਮਾਂ ਆ ਗਿਆ ਹੈ। ਅਜ ਤੋਂ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਸਾਡਾ ਰੂਪ ਜਾਣਕੇ ਸਤਿਕਾਰ ਦੇਣਾ। ਤਦ ਗੁਰੂ ਜੀ ਸ਼ਬਦ ਦਾ ਉਚਾਰਨ ਕਰਨ ਲੱਗੇ। ਸ਼ਬਦ ਪੜ੍ਹਦੇ ਪੜ੍ਹਦੇ ਉਹ ਸਮਾਧੀ ਵਿਚ ਟਿਕ ਗਏ ਤੇ ਆਪਣੀ ਜੋਤ ਨਿਰੰਕਾਰ ਦੀ ਜੋਤ ਵਿਚ ਰਲਾ ਇੱਤੀ।

ਹੁਣ ਗੁਰੂ ਜੀ ਦੇ ਹਿੰਦੂ ਤੇ ਮੁਸਲਮਾਨ ਸੇਵਕਾਂ ਵਿਚ ਵਿਵਾਦ ਛਿੜ ਪਿਆ। ਹਿੰਦੂ ਕਹਿੰਦੇ, 'ਅਸੀਂ ਗੁਰੂ ਜੀ ਦੀ ਦੇਹ ਦਾ ਹਿੰਦੂ ਰੀਤੀ ਨਾਲ ਦਾਹ ਸੰਸਕਾਰ ਕਰਨਾ ਹੈ'। ਮੁਸਲਮਾਨ ਕਹਿੰਦੇ, 'ਅਸੀਂ ਨਾਨਕ ਪੀਰ ਦੇ ਜਿਸਮ ਨੂੰ ਮਿੱਟੀ ਵਿਚ ਦਫ਼ਨਾਉਣਾ ਹੈ'।

ਝਗੜਾ ਵੱਧਣ ਲੱਗਾ। ਅੰਤ ਦੋਹਾਂ ਪਿਰਾਂ ਦੇ ਸਿਆਣਿਆਂ ਨੇ ਫ਼ੈਸਲਾ ਦਿੱਤਾ ਕਿ ਦੋਵੇਂ ਧਿਰਾਂ ਆਪਣੇ ਆਪਣੇ ਫੁੱਲ ਗੁਰੂ ਜੀ ਦੀ ਦੇਹ ਉਪਰ ਰਾਤ ਭਰ ਰੱਖਣ। ਸਵੇਰ ਤਕ ਜਿਹੜੀ ਧਿਰ ਦੇ ਫੁਲ ਘਟ ਕੁਮਲਾਏ ਹੋਣਗੇ, ਉਹੀ ਉਹਨਾਂ ਦੀ ਦੇਹ ਦੀ ਸੰਭਾਲ ਕਰੇ।

ਪਰ ਸਵੇਰੇ ਦੇਖਿਆ ਗਿਆ ਤਾਂ ਦੋਹਾਂ ਧਿਰਾਂ ਦੇ ਫੁੱਲ ਉਸੇ ਤਰ੍ਹਾਂ ਤਾਜ਼ੇ ਖਿੜੇ ਪਾਏ ਗਏ। ਅੰਤ ਜਦੋਂ ਚੱਦਰ ਚੁਕ ਕੇ ਵੇਖਿਆ ਗਿਆ ਤਾਂ ਦਸਿਆ ਜਾਂਦਾ ਹੈ ਕਿ ਗੁਰੂ ਜੀ ਦੀ ਦੇਹ ਅਲੋਪ ਹੋ ਗਈ ਸੀ। ਹਿੰਦੂਆਂ ਤੇ ਮੁਸਲਮਾਨਾਂ ਨੇ ਗੁਰੂ ਜੀ ਦੀ ਚੱਦਰ ਅੱਧੀ ਅੱਧੀ ਵੰਡ ਲਈ।

ਹਿੰਦੂਆਂ ਨੇ ਉਸ ਨੂੰ ਆਪਣੀ ਰੀਤ ਅਨੁਸਾਰ ਅਗਨੀ ਭੇਟਾ ਕਰ ਦਿਤਾ ਤੇ ਮੁਸਲਮਾਨਾਂ ਨੇ ਉਸ ਨੂੰ ਕਬਰ ਪੁੱਟ ਕੇ ਦਬਾ ਦਿਤਾ।

ਗੁਰੂ ਜੀ ਦੀ ਸੱਚਖੰਡ ਵਾਪਸੀ 22 ਸਤੰਬਰ 1539ਈ ਨੂੰ ਹੋਈ।

Disclaimer Privacy Policy Contact us About us