ਬਾਬਾ ਸ਼੍ਰੀ ਚੰਦ ਜੀ ਨਾਲ ਮੇਲ


ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਆਪ ਨੇ ਉਦਾਸ ਮੱਤ ਧਾਰਨ ਕਰ ਲਿਆ ਸੀ ਅਤੇ ਜਤੀ ਸਤੀ ਰਹਿ ਕੇ ਉਨ੍ਹਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ।

ੳੇੁਹ ਬੜੀਆਂ ਸ਼ਕਤੀਆਂ ਦੇ ਮਾਲਕ ਸਨ ਅਤੇ ਕਈ ਅੰਹਕਾਰੀਆਂ ਦੇ ਉਨ੍ਹਾਂ ਹੰਕਾਰ ਤੋੜੇ ਸਨ। ਗੁਰੂ ਅੰਗਦ ਦੇਵ ਜੀ ਨੂੰ ਗੁਰ ਗੱਦੀ ਦੇਣ ਬਾਰੇ ਬੇਸ਼ਕ ਉਨ੍ਹਾਂ ਵਿਰੋਧ ਕੀਤਾ ਸੀ, ਪਰ ਬਾਅਦ ਵਿਚ ਪ੍ਰਭੂ ਭਗਤੀ ਨਾਲ ਏਨੀ ਲਗਨ ਲੱਗ ਗਈ ਸੀ ਕਿ ਉਨ੍ਹਾਂ ਨੇ ਇਸ ਬਾਰੇ ਕੋਈ ਧਿਆਨ ਨਹੀਂ ਸੀ ਦਿੱਤਾ।

ਉਨ੍ਹਾਂ ਗੁਰੂ ਅਮਰ ਦਾਸ ਜੀ ਦੀ ਵੀ ਬੜੀ ਮਹਿਮਾ ਸੁਣੀ ਸੀ, ਪਰ ਉਹ ਉਨ੍ਹਾਂ ਨੂੰ ਮਿਲਣ ਨਹੀਂ ਸੀ ਆਏ। ਪਰ ਜਦ ਉਨ੍ਹਾਂ ਅੰਮ੍ਰਿਤਸਰ ਸ਼ਹਿਰ ਦੇ ਵਸਾਉਣ, ਸੁੰਦਰ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਅਤੇ ਗੁਰੂ ਅਮਰਦਾਸ ਜੀ ਦੀ ਅਪਾਰ ਮਹਿਮਾ ਸੁਣੀ ਤਾਂ ਉਨ੍ਹਾਂ ਪਾਸੋਂ ਰਿਹਾ ਨਾ ਗਿਆ ਤੇ ਉਹ ਗੁਰੂ ਜੀ ਨੂੰ ਮਿਲਣ ਵਾਸਤੇ ਆਪ ਅੰਮ੍ਰਿਤਸਰ ਵਿਖੇ ਆਏ।

ਉਸ ਸਮੇਂ ਉਨ੍ਹਾਂ ਦੀ ਆਯੂ ਨੱਬੇ ਸਾਲ ਦੇ ਲਗਭਗ ਸੀ ਪਰ ਨਾਮ ਦੀ ਕਮਾਈ ਦੀ ਬਖਸ਼ਿਸ਼ ਹੋਣ ਕਰਕੇ ਉਨ੍ਹਾਂ ਦਾ ਸਰੀਰ ਬੜਾ ਫੁਰਤੀਲਾ ਅਤੇ ਰਿਸ਼ਟ ਪੁਸ਼ਟ ਸੀ।

ਉਹ ਭਗਵਾਂ ਬਾਣਾ ਪਾਉਂਦੇ ਸਨ ਅਤੇ ਸਿਰ ਉਤੇ ਭਗਵੇ ਰੰਗ ਦੀ ਦਸਤਾਰ ਸਜਾਉਂਦੇ ਸਨ। ਉਨ੍ਹਾਂ ਵਿਚ ਜੋਗੀਆਂ ਜਾਂ ਤਪਿਆਂ ਵਾਲੀ ਕੋਈ ਗੱਲ ਨਹੀਂ ਸੀ। ਉਸ ਸਮੇਂ ਇਨੀ ਉਮਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਦਾੜ੍ਹੀ ਚਿੱਟੀ ਨਹੀਂ ਸੀ ਹੋਈ।

ਜਦ ਉਹ ਆਪਣੇ ਚੇਲਿਆਂ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ ਤਾਂ ਗੁਰੂ ਜੀ ਆਪ ਉੱਠ ਕੇ ਉਨ੍ਹਾਂ ਨੂੰ ਅੱਗੋਂ ਮਿਲਣ ਗਏ।

ਗੁਰੂ ਪੁੱਤਰ ਹੋਣ ਕਰਕੇ ਗੁਰੂ ਜੀ ਨੇ ਝੁਕ ਕੇ ਨਮਸਕਾਰ ਕੀਤੀ ਅਤੇ ਹਾਲ ਚਾਲ ਪੁੱਛਿਆ। ਫਿਰ ਗੁਰੂ ਜੀ ਉਨ੍ਹਾਂ ਨੂੰ ਨਾਲ ਲੈ ਕੇ ਦਰਬਾਰ ਵਿਚ ਆ ਗਏ। ਆਪਣੇ ਲਾਗੇ ਹੀ ਬਿਠਾ ਲਿਆ।

ਬਾਬਾ ਸ਼੍ਰੀ ਚੰਦ ਜੀ ਗੁਰੂ ਜੀ ਦੇ ਚਿਹਰੇ ਦੇ ਜਲਾਲ ਵੱਲ ਬੜਾ ਚਿਰ ਵੇਖਦੇ ਰਹੇ। ਉਨ੍ਹਾਂ ਦੇ ਮੁੱਖ ਤੇ ਉਨ੍ਹਾਂ ਨੂੰ ਉਹੋ ਨੂਰ ਦਿੱਸਿਆ ਜਿਹੜਾ ਕਿ ਉਹ ਅਪਣੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਤੇ ਵੇਖਦੇ ਹੁੰਦੇ ਸਨ।

ਗੁਰੂ ਜੀ ਦੀ ਪਿਆਰੀ ਸ਼ਖਸਿਅਤ ਨੇ ਉਨ੍ਹਾਂ ਨੂੰ ਮੋਹ ਲਿਆ ਸੀ। ਫਿਰ ਗੁਰੂ ਜੀ ਦੇ ਨੂਰਾਨੀ ਚਿਹਰੇ ਵਲ ਤੱਕ ਕੇ ਬੋਲੇ, 'ਏਡਾ ਸੁੰਦਰ ਦਾੜ੍ਹਾ ਕਿਵੇਂ ਵਧਾ ਲਿਆ ਹੈਂ?'

ਗੁਰੂ ਰਾਮਦਾਸ ਜੀ ਵੀ ਬਾਬਾ ਜੀ ਵਲ ਬੜੇ ਧਿਆਨ ਨਾਲ ਵੇਖ ਰਹੇ ਸਨ ਅਤੇ ਉਹ ਇਸ ਗੱਲ ਤੇ ਬੜੇ ਖੁਸ਼ ਸਨ ਕਿ ਜਦ ਤੋਂ ਬਾਬਾ ਜੀ ਉਥੇ ਆਏ ਸਨ ਉਨ੍ਹਾਂ ਦੇ ਚਿਹਰੇ ਉੱਤੇ ਗੁਲਾਬ ਦੇ ਫੁੱਲ ਵਾਂਗ ਮੁਸਕਰਾਹਟ ਖਿੜੀ ਹੋਈ ਸੀ।

ਗੁਰੂ ਜੀ ਨਿਮਰਤਾ ਭਾਵ ਨਾਲ ਬੋਲੇ, 'ਇਹ ਦਾੜ੍ਹਾ ਆਪ ਜੈਸੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੈ'। ਇਹ ਉਤਰ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਖਿੜਖਿੜਾ ਕੇ ਹੱਸ ਪਏ ਅਤੇ ਕਹਿਣ ਲੱਗੇ, 'ਧੰਨ ਹੋ ਤੁਸੀਂ ਅਤੇ ਧੰਨ ਤੁਹਾਡੀ ਨਿਮਰਤਾ, ਗੁਰੂ ਅੰਗਦ ਦੇਵ ਜੀ ਨੇ ਤਾਂ ਸੇਵਾ ਕਰਕੇ ਗੁਰ ਗੱਦੀ ਲਈ ਸੀ, ਪਰ ਤੁਸੀਂ ਨਿਮਰਤਾ ਅਤੇ ਪ੍ਰੇਮ ਨਾਲ ਇਸ ਨੂੰ ਪ੍ਰਾਪਤ ਕੀਤਾ ਹੈਂ। ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ, ਪਰ ਹੁਣ ਸਭ ਕੁਝ ਅੱਖੀਂ ਵੇਖ ਲਿਆ ਹੈ।

ਤੁਸੀਂ ਬੇਅੰਤ ਘਾਲ ਕਮਾਈ ਕਰਕੇ ਕੇਵਲ ਗੁਰ ਗੱਦੀ ਹੀ ਨਹੀਂ ਪਾਈ ਬਲਕਿ ਸਾਰੀ ਕਾਇਨਾਤ ਨੂੰ ਮੋਹ ਲਿਆ ਹੈ। ਤੁਹਾਡੀ ਮਹਿਮਾ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਤੁਹਾਡੀ ਘਾਲਣਾ ਨਾਲ ਵਸਾਇਆ ਇਹ ਸ਼ਹਿਰ ਵੇਖ ਕੇ ਮੈਂ ਬਹੁਤ ਪ੍ਰਸੰਨ ਹੋਇਆ ਹਾਂ।

ਇਸ ਸਰੋਵਰ ਦੀ ਸ਼ੋਭਾ ਹੀ ਹੋਰ ਹੈ। ਮੈਂ ਤਾਂ ਕੇਵਲ ਇਹੋ ਅਸ਼ੀਰਵਾਦ ਦਿਆਂਗਾ ਕਿ ਜੇ ਕੋਈ ਪਾਪੀ ਵੀ ਇਸ ਸਰੋਵਰ ਵਿਚ ਇਸ਼ਨਾਨ ਕਰੇਗਾ ਤਾਂ ਉਸ ਦੇ ਸਭ ਪਾਪ ਧੋਤੇ ਜਾਣਗੇ ਤੇ ਉਹ ਸਦਾ ਲਈ ਮੁਕਤ ਹੋ ਜਾਵੇਗਾ'।

ਜਦ ਬਾਬਾ ਜੀ ਜਾਣ ਲੱਗੇ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਵਿਦਾ ਕੀਤਾ। ਉਨ੍ਹਾਂ ਨੂੰ ਇਕ ਘੋੜਾ ਅਤੇ ਪੰਜ ਸੌ ਰੁਪਿਆ ਚੱਲਣ ਸਮੇਂ ਦਿਤੇ।

Disclaimer Privacy Policy Contact us About us