ਭਾਈ ਸੋਮਾ ਸ਼ਾਹ


ਇਕ ਵਾਰੀ ਸੋਮਾ ਸ਼ਾਹ ਨਾਮੀ ਇਕ ਵਪਾਰੀ ਅੰਮ੍ਰਿਤਸਰ ਨੁੰ ਵੇਖਣ ਵਾਸਤੇ ਜਿਹਲਮ ਤੋਂ ਚਲ ਕੇ ਆਇਆ। ਜਿਹਲਮ ਵਿਚ ਉਸ ਦਾ ਚੰਗਾ ਕਾਰੋਬਾਰ ਚਲਦਾ ਸੀ।

ਪਰ ਜਦ ਉਸ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਸ਼ਹਿਰ ਵਾਸੀਆਂ ਦਾ ਮੇਲ ਮਿਲਾਪ ਵੇਖਿਆ ਤਾਂ ਉਸ ਦਾ ਮੁੜ ਅੰਮ੍ਰਿਤਸਰ ਛੱਡਣ ਨੂੰ ਜੀਅ ਨਾ ਕੀਤਾ।

ਉਸ ਆਪਣੇ ਪਰਿਵਾਰ ਨੂੰ ਵੀ ਅੰਮ੍ਰਿਤਸਰ ਬੁਲਾ ਲਿਆ। ਆਪਣੇ ਜੀਵਨ ਨਿਰਬਾਹ ਲਈ ਉਸ ਸਰੋਵਰ ਦੇ ਲਾਗੇ ਦੁਕਾਨ ਪਾ ਲਈ।

ਕੁਝ ਸਮੇਂ ਵਿਚ ਹੀ ਉਸਦੀ ਹੱਟੀ ਚੰਗੀ ਚੱਲ ਪਈ। ਪਰ ਉਹ ਬਹੁਤਾ ਲਾਲਚ ਨਹੀਂ ਸੀ ਕਰਦਾ। ਜਦ ਗੁਜ਼ਾਰੇ ਜੋਗੇ ਪੈਸੇ ਵੱਟ ਲੈਂਦਾ ਤਾਂ ਦੁਕਾਨ ਬੰਦ ਕਰਕੇ ਗੁਰੂ ਘਰ ਦੀ ਸੇਵਾ ਵਿਚ ਲੱਗ ਜਾਂਦਾ।

ਗੁਰੂ ਰਾਮਦਾਸ ਜੀ ਉਸ ਦਾ ਇਹ ਕਾਰ ਵਿਹਾਰ ਵੇਖਦੇ ਰਹਿੰਦੇ ਸਨ। ਇਕ ਦਿਨ ਗੁਰੂ ਜੀ ਉਸ ਦੀ ਦੁਕਾਨ ਉਤੇ ਗਏ ਤੇ ਕਿਹਾ, 'ਸੋਮੇ ਸ਼ਾਹ ਅੱਜ ਕੀ ਕੁਝ ਵੱਟਿਆ ਹੈ?'

ਸੋਮੇ ਸ਼ਾਹ ਨੇ ਉਸੇ ਵੇਲੇ ਝੁਕ ਕੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਅਤੇ ਜੋ ਕੁਝ ਵੀ ਵੱਟਿਆ ਸੀ ਗੁਰੂ ਜੀ ਨੂੰ ਭੇਂਟ ਕਰ ਦਿੱਤਾ।

ਗੁਰੂ ਜੀ ਨੇ ਉਹ ਸਾਰੀ ਰਕਮ ਮਜ਼ਦੂਰਾਂ ਵਿਚ ਵੰਡ ਦਿਤੀ। ਇਸ ਤਰ੍ਹਾਂ ਗੁਰੂ ਜੀ ਪੰਜ ਦਿਨ ਉਸ ਪਾਸ ਜਾਂਦੇ ਰਹੇ ਅਤੇ ਉਸ ਦੀ ਸਾਰੀ ਰਕਮ ਲੈ ਕੇ ਮਜ਼ਦੂਰਾਂ ਵਿਚ ਵੰਡ ਦਿੰਦੇ।

ਪਰ ਸੋਮੇ ਸ਼ਾਹ ਨੇ ਇਸ ਗੱਲ ਦਾ ਬੁਰਾ ਨਾ ਮਨਾਇਆ। ਉਹ ਖੁਸ਼ ਹੁੰਦਾ ਸੀ ਕਿ ਉਸ ਦੀ ਕਿਰਤ ਕਮਾਈ ਲੇਖੇ ਲੱਗ ਰਹੀ ਹੈ।

ਜਦ ਛੇਵੇਂ ਦਿਨ ਗੁਰੂ ਜੀ ਉਸਦੇ ਪਾਸ ਗਏ ਤਾਂ ਉਸ ਝੱਟ ਸਾਰੀ ਰਕਮ ਇਕੱਠੀ ਕਰਕੇ ਗੁਰੂ ਜੀ ਨੂੰ ਆ ਫੜਾਈ।

ਭਾਈ ਸੋਮੇ ਸ਼ਾਹ ਦੇ ਇਸ ਸਬਰ ਸੰਤੋਖ ਨੂੰ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਉਨ੍ਹਾਂ ਉਸ ਨੂੰ ਵਰ ਦਿੱਤਾ ਅਤੇ ਇਹ ਸ਼ਬਦ ਕਹੇ-
ਸ਼ੋਮਾ ਸ਼ਾਹ, ਬੇਪ੍ਰਵਾਹ, ਗੁਰੂ ਦਾ ਸ਼ਾਹ।

ਗੁਰੂ ਜੀ ਦੇ ਵਰ ਸਦਕਾ ਉਸਦੀ ਕਮਾਈ ਵਿਚ ਏਨੀ ਬਰਕਤ ਪਈ ਕਿ ਸੋਮੇ ਸ਼ਾਹ ਅੰਮ੍ਰਿਤਸਰ ਦਾ ਇਕ ਵੱਡਾ ਸ਼ਾਹ ਬਣ ਗਿਆ।

Disclaimer Privacy Policy Contact us About us