ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵਿਆਹ ਤੇ ਭੇਜਣਾ


ਸ਼੍ਰੀ ਗੁਰੂ ਰਾਮਦਾਸ ਜੀ ਦਰਬਾਰ ਲਾਈ ਬੈਠੇ ਸਨ ਕਿ ਉਹਨਾਂ ਦੇ ਤਾਏ ਦਾ ਪੁਤਰ ਸਹਾਰੀ ਮਲ ਆਇਆ। ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ, 'ਗੁਰੂ ਜੀਉ ਸਾਡੇ ਪੁੱਤਰ ਦਾ ਵਿਆਹ ਹੈ। ਇਸ ਮੌਕੇ ਤੇ ਤੁਸੀਂ ਸਾਡੇ ਕੋਲ ਆਵੋ ਤੇ ਸਾਡਾ ਮਾਣ ਵਧਾਉ'।

ਗੁਰੂ ਜੀ ਕਹਿਣ ਲੱਗੇ, 'ਸਾਡਾ ਤੁਹਾਡੇ ਨਾਲ ਜਾਣਾ ਔਖਾ ਹੈ। ਕਿਉਂਕਿ ਸਾਡੇ ਨਾਲ ਕਾਫੀ ਸੰਗਤਾਂ ਹਨ। ਇਸ ਤਰ੍ਹਾਂ ਸਾਡੇ ਜਾਣ ਨਾਲ ਕਾਫੀ ਔਖਿਆਈ ਆਪ ਜੀ ਨੂੰ ਹੋਵੇਗੀ। ਅਸੀਂ ਸੰਗਤਾਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੇ'।

ਇਹ ਉੱਤਰ ਸੁਣ ਕੇ ਸਹਾਰੀ ਮਲ ਨੇ ਬੇਨਤੀ ਕੀਤੀ ਕਿ, 'ਜੇ ਆਪ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਸਪੁੱਤਰ ਨੂੰ ਹੀ ਭੇਜ ਦਿਉ ਤਾਂ ਕਿ ਸਾਡਾ ਵੀ ਰਿਸ਼ਤੇਦਾਰਾਂ ਵਿੱਚ ਮਾਣ ਰਹਿ ਸਕੇ'।

ਗੁਰੂ ਜੀ ਨੇ ਪ੍ਰਵਾਨ ਕਰਦੇ ਹੋਏ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਕਿਹਾ 'ਪੁੱਤਰ ਤਾਏ ਜੀ ਨਾਲ ਲਾਹੌਰ ਜਾਵੋ ਤੇ ਵਿਆਹ ਦੀਆਂ ਰੀਤਾਂ ਰਸਮਾਂ ਵਿੱਚ ਹਿੱਸਾ ਪਾ ਕੇ ਆਵੋ'। ਪ੍ਰੰਤੂ ਉਹ ਬੜਾ ਲਾਲਚੀ ਸੀ।

ਇਸ ਤੇ ਉਸ ਨੇ ਸੋਚਿਆ ਕਿ ਜੇ ਮੈਂ ਗੁਰੂ ਜੀ ਦੀ ਨਜ਼ਰੋ ਉਹਲੇ ਹੋ ਗਿਆ ਤਾ ਉਹ ਗੁਰ ਗੱਦੀ ਕਿਤੇ (ਗੁਰੂ) ਅਰਜਨ ਦੇਵ ਜੀ ਨੂੰ ਨਾ ਦੇ ਦੇਣ।

ਇਹ ਸੋਚ ਕੇ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ, 'ਇਹ ਸੰਗਤਾਂ ਦੀ ਸੇਵਾ ਸੰਭਾਲ ਜੋ ਮੈਂ ਕਰ ਰਿਹਾ ਹਾਂ, ਇਹ ਕਿਵੇਂ ਹੋਵੇਗੀ। ਮੈਂ ਇਸ ਨੂੰ ਛੱਡ ਕੇ ਕਿਤੇ ਨਹੀਂ ਜਾਣਾ'।

ਇਸ ਤੇ ਗੁਰੂ ਜੀ ਨੇ ਆਪਣੇ ਦੂਜੇ ਪੁੱਤਰ ਮਹਾਂਦੇਵ ਨੂੰ ਕਿਹਾ, 'ਪੁੱਤਰ ਤਾਇਆ ਜੀ ਨਾਲ ਲਾਹੌਰ ਜਾਵੋ ਤੇ ਵਿਆਹ ਦੀਆਂ ਰੀਤਾਂ ਰਸਮਾਂ ਵਿੱਚ ਹਿੱਸਾ ਪਾਵੋ'।

ਉਸ ਨੇ ਵੀ ਇਨਕਾਰ ਕਰ ਦਿੱਤਾ ਤੇ ਕਿਹਾ, 'ਅਸਾਂ ਵਿਆਹਾਂ ਦੇ ਧੰਦਿਆਂ ਤੋਂ ਕੀ ਲੈਣਾ ਹੈ। ਅਸੀਂ ਤਾਂ ਅਲਮਸਤ ਹਾਂ। ਦੁਨਿਆਵੀ ਧੰਦਿਆਂ ਤੋਂ ਅਸੀਂ ਦੂਰ ਹਾਂ। ਇਸ ਸੇਵਾ ਤੋਂ ਅਸੀ ਅਸਮਰਥ ਹਾਂ'।

ਫਿਰ ਗੁਰੂ ਜੀ ਨੇ (ਗੁਰੂ) ਅਰਜਨ ਦੇਵ ਜੀ ਨੂੰ ਕਿਹਾ, ਉਹ 'ਸਤਿ ਬਚਨ' ਕਹਿ ਕੇ ਤਿਆਰ ਹੋ ਗਏ। ਗੁਰੂ ਜੀ ਨੇ ਹੁਕਮ ਕੀਤਾ ਵਿਆਹ ਤੋਂ ਪਿਛੋਂ ਤੁਸੀਂ ਉਥੇ ਹੀ ਰਹਿਣਾ ਹੈ ਜਦ ਤਕ ਅਸੀਂ ਨਹੀਂ ਬੁਲਾਵਾਂਗੇ ਉਥੇ ਰਹਿਣਾ ਤੇ ਸੰਗਤਾਂ ਵਿੱਚ ਗੁਰਮਤ ਦਾ ਪ੍ਰਚਾਰ ਕਰਨਾ। ਆਪ ਨਾਮ ਜਪਣਾ ਤੇ ਸੰਗਤਾਂ ਨੂੰ ਜਪਾਉਣਾ।

ਇਹ ਉਪਦੇਸ਼ ਲੈ ਕੇ (ਗੁਰੂ) ਅਰਜਨ ਦੇਵ ਜੀ ਆਪਣੇ ਤਾਏ ਨਾਲ ਲਾਹੌਰ ਪੁੱਜ ਗਏ। ਵਿਆਹਾਂ ਦੀਆਂ ਰੀਤਾਂ ਰਸਮਾਂ ਤੋਂ ਪਿਛੋਂ ਆਪ ਜੀ ਨੇ ਗੁਰੂ ਪਿਤਾ ਦੀ ਆਗਿਆ ਮੰਨ ਕੇ ਸੰਗਤਾਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।

ਪਰ ਇਹ ਸਭ ਕੁਝ ਕਰਦਿਆਂ ਆਪ ਦੀ ਸੁਰਤੀ ਗੁਰੂ ਪਿਤਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ। ਤਾਂਘ ਵਿੱਚ ਤੜਫਦੇ ਕਿ ਕਿਵੇਂ ਕੋਈ ਸੰਦੇਸ਼ਾ ਆਵੇ ਤੇ ਆਪ ਗੁਰੂ ਦਰਬਾਰ ਪੁਜ ਕੇ ਦਰਸ਼ਨ ਕਰਨ ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇ।

Disclaimer Privacy Policy Contact us About us