ਰਸ ਭਿੰਨੀਆਂ ਚਿੱਠੀਆਂ


ਗੁਰੂ ਰਾਮਦਾਸ ਜੀ ਦਾ ਕੋਈ ਸੰਦੇਸ਼ਾ ਅੰਮ੍ਰਿਤਸਰੋਂ ਨਾ ਆਉਣ ਕਰਕੇ (ਗੁਰੂ) ਅਰਜਨ ਦੇਵ ਜੀ ਬੜੇ ਬਿਹਬਲ ਹੋਏ ਅਤੇ ਆਪ ਜੀ ਨੇ ਇਕ ਸਿੱਖ ਦੇ ਹੱਥੀਂ ਗੁਰੂ ਪਿਤਾ ਜੀ ਨੂੰ ਚਿੱਠੀ ਦੇ ਕੇ ਘਲਿਆ ਉਸ ਵਿੱਚ ਆਪ ਜੀ ਨੇ ਮਨ ਦੀ ਦਸ਼ਾ ਨੂੰ ਇਉਂ ਪ੍ਰਗਟਾਇਆ:

ਮਾਝ ਮਹਲਾ ੫॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥੧॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ॥੧॥ ਰਹਾਉ॥

ਇਹ ਚਿੱਠੀ ਪ੍ਰਿਥੀ ਚੰਦ ਦੇ ਹੱਥ ਆ ਗਈ। ਕਿਉਂਕਿ ਬਾਹਰੋਂ ਆਈਆਂ ਸੰਗਤਾਂ ਦੀ ਸਾਂਭ ਸੰਭਾਲ ਉਹ ਕਰਦੇ ਸਨ। ਸਿੱਖ ਨੇ ਉਹ ਚਿੱਠੀ ਪ੍ਰਿਥੀ ਚੰਦ ਨੂੰ ਦੇ ਦਿੱਤੀ ਤੇ ਆਪ ਸੁਰਖਰੂ ਹੋ ਗਿਆ।

ਪ੍ਰਿਥੀ ਚੰਦ ਨੇ ਚਿੱਠੀ ਪੜ੍ਹੀ ਤੇ ਚਿੱਠੀ ਗੁਰੂ ਜੀ ਨੂੰ ਨਾ ਦਿੱਤੀ ਤਾਂ ਕਿ ਗੁਰੂ ਜੀ ਨੂੰ (ਗੁਰੂ) ਅਰਜਨ ਦੇਵ ਜੀ ਦੀ ਬਿਹਬਲਤਾ ਦਾ ਪਤਾ ਨਾ ਲੱਗੇ ਤੇ ਉਸ ਨੂੰ ਇਥੇ ਨਾ ਬੁਲਾਉਣ। ਉਹ ਦੂਰ ਹੀ ਗੁਰੂ ਘਰ ਤੋਂ ਰਹੇ।

ਕਈ ਦਿਨ ਬੀਤ ਗਏ। ਚਿੱਠੀ ਦਾ ਕੋਈ ਉੱਤਰ ਨਾ ਆਇਆ। ਮਨ ਵੈਰਾਗ ਵਿੱਚ ਅਤੀ ਬਿਹਬਲ ਹੋ ਗਿਆ। ਆਪ ਜੀ ਨੇ ਦੂਸਰੀ ਚਿੱਠੀ ਲਿਖੀ ਤੇ ਅੰਕ ਦੋ ਉਪਰ ਲਿਖ ਦਿੱਤਾ। ਇਸ ਚਿੱਠੀ ਵਿੱਚ ਮਨ ਦੀ ਹਾਲਤ ਇਉਂ ਪ੍ਰਗਟਾਈ:

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ॥ ਚਿਰੁ ਹੋਆ ਦੇਖੇ ਸਾਰਿੰਗਪਾਣੀ॥
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥੨॥
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ॥ ਰਹਾਉ॥

ਇਹ ਚਿੱਠੀ ਵੀ ਪ੍ਰਿਥੀ ਚੰਦ ਦੇ ਕਾਬੂ ਆ ਗਈ। ਇਹ ਚਿੱਠੀ ਪੜ੍ਹ ਕੇ ਵੀ ਪ੍ਰਿਥੀ ਚੰਦ ਨੇ ਕੋਲ ਰੱਖ ਲਈ ਤੇ ਗੁਰੂ ਜੀ ਨੂੰ ਨਾ ਦਿੱਤੀ।

ਕਾਫ਼ੀ ਦਿਨ ਉਡੀਕਣ ਉਪਰੰਤ (ਗੁਰੂ) ਅਰਜਨ ਦੇਵ ਜੀ ਬੜੇ ਵਿਆਕੁਲ ਹੋਏ। ਆਪ ਨੇ ਤੀਜੀ ਪਤ੍ਰਕਾ ਲਿਖੀ:

ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ॥
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ॥੩॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ॥੧॥ ਰਹਾਉ॥

ਇਹ ਚਿੱਠੀ ਕਿਸੇ ਸਿੱਖ ਹਥੀਂ ਗੁਰੂ ਜੀ ਨੇ ਲਿਖ ਕੇ ਭੇਜੀ। ਇਸ ਤੇ ਅੰਕ ਤਿੰਨ ਲਿਖ ਦਿੱਤਾ ਤੇ ਸਿੱਖ ਨੂੰ ਤਾਕੀਦ ਕੀਤੀ ਕਿ ਇਹ ਚਿੱਠੀ ਗੁਰੂ ਜੀ ਨੂੰ ਹੀ ਦੇਣੀ। ਕਿਸੇ ਹੋਰ ਨੂੰ ਨਹੀਂ ਦੇਣੀ।

ਉਹ ਸਿੱਖ ਚਿੱਠੀ ਲੈ ਕੇ ਗੁਰੂ ਦਰਬਾਰ ਪੁਜਾ ਤੇ ਉਸਨੇ ਚਿੱਠੀ ਗੁਰੂ ਜੀ ਨੂੰ ਦਿਤੀ। ਗੁਰੂ ਜੀ ਨੇ ਪੜ੍ਹੀ ਤਾਂ ਬੜੇ ਅਸਚਰਜ ਹੋਏ।

ਇਸ ਤੇ ਉਹਨਾਂ ਨੇ ਪ੍ਰਿਥੀ ਚੰਦ ਨੂੰ ਸਦਿਆ ਤੇ ਪੁਛਿਆ, 'ਅਰਜਨ ਦੇਵ ਦੀਆਂ ਦੋ ਚਿੱਠੀਆਂ ਆਈਆਂ ਹਨ ਉਹ ਕਿਥੇ ਹਨ'। ਤਾਂ ਪ੍ਰਿਥੀ ਚੰਦ ਮੁਕਰ ਗਿਆ ਤੇ ਕਹਿਣ ਲੱਗਾ, 'ਮੈਨੂੰ ਪਤਾ ਨਹੀਂ'।

ਇਸ ਤੇ ਗੁਰੂ ਜੀ ਨੇ ਇਕ ਸਿੱਖ ਨੂੰ ਪ੍ਰਿਥੀ ਚੰਦ ਦੇ ਘਰ ਭੇਜ ਕੇ ਉਸ ਦੇ ਘਰ ਵਿਚੋਂ ਚਿੱਠੀਆਂ ਕਢਵਾਈਆਂ ਇਸ ਤੇ ਪ੍ਰਿਥੀ ਚੰਦ ਬੜਾ ਸ਼ਰਮਿੰਦਾ ਹੋਇਆ।

ਇਹ ਚਿੱਠੀਆਂ ਪੜ੍ਹ ਕੇ ਗੁਰੂ ਜੀ ਬੜੇ ਖ਼ੁਸ ਹੋਏ ਤੇ ਅਰਜਨ ਦੇਵ ਜੀ ਦੇ ਮਨ ਦੀ ਵਿਆਕੁਲਤਾ ਭਾਂਪ ਕੇ ਉਸ ਨੂੰ ਸਦਾ ਭੇਜਿਆ।

ਗੁਰੂ ਜੀ ਦਾ ਸੰਦੇਸ਼ ਮਿਲਦੇ ਹੀ (ਗੁਰੂ) ਅਰਜਨ ਦੇਵ ਜੀ ਗੁਰੂ ਦਰਬਾਰ ਪਹੁੰਚ ਗਏ। ਗੁਰੂ ਜੀ ਨੇ ਉਸ ਨੂੰ ਗਲਵਕੜੀ ਵਿੱਚ ਲਿਆ ਤੇ ਇਕ ਹੋਰ ਚਿੱਠੀ ਉਚਾਰਨ ਲਈ ਕਿਹਾ ਤਾਂ (ਗੁਰੂ) ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ:

ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥੪॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ॥ ਰਹਾਉ॥੧॥੮॥

ਇਹ ਚਿੱਠੀ ਪੜ੍ਹ ਕੇ ਸ਼੍ਰੀ ਗੁਰੂ ਰਾਮਦਾਸ ਜੀ ਗੱਦ ਗੱਦ ਹੋਏ ਤੇ ਕਿਸੇ ਅੰਤਮ ਨਿਰਣੇ ਤੇ ਪੁਜ ਗਏ।

Disclaimer Privacy Policy Contact us About us