ਜੋਤੀ ਜੋਤ ਸਮਾਉਣਾ


ਬੀਬੀ ਭਾਨੀ ਜੀ ਨੇ ਆਪਣੇ ਪਿਤਾ ਸ਼੍ਰੀ ਗੁਰੂ ਅਮਰਦਾਸ ਜੀ ਪਾਸੋਂ ਵਰ ਪ੍ਰਾਪਤ ਕੀਤਾ ਸੀ ਕਿ ਅੱਗੇ ਤੋਂ ਗੁਰਗੱਦੀ ਦੀ ਬਖ਼ਸ਼ਿਸ਼ ਗੁਰੂ ਘਰ ਵਿੱਚ ਸੋਢੀ ਵੰਸ਼ ਨੂੰ ਹੀ ਹੋਵੇਗੀ।

ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਗੁਰੂ ਰਾਮਦਾਸ ਜੀ ਆਪਣੇ ਤਿੰਨਾਂ ਸਪੁੱਤਰਾਂ ਵਿਚੋਂ ਸਭ ਤੋਂ ਯੋਗ ਜਾਨਸ਼ੀਨ ਚੁਣਨ ਬਾਰੇ ਵਿਚਾਰ ਕਰਨ ਲੱਗੇ।

ਪਰ ਉਨ੍ਹਾਂ ਨੂੰ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਨਾ ਪਈ। ਤਿੰਨਾਂ ਸਾਹਿਬਜ਼ਾਦਿਆਂ ਵਿਚੋਂ ਵਿਚਕਾਰਲੇ ਸ੍ਰੀ ਮਹਾਂਦੇਵ ਜੀ ਸੰਤ ਸੁਭਾਅ ਤੇ ਮਨ ਦੀ ਮੌਜ ਵਿੱਚ ਰਹਿਣ ਵਾਲੇ ਵਿਅਕਤੀ ਸਨ। ਉਨ੍ਹਾਂ ਨੂੰ ਗੁਰਗੱਦੀ ਦੀ ਕੋਈ ਝਾਕ ਨਹੀਂ ਸੀ।

ਬਾਕੀ ਦੋਹਾਂ ਸਪੁੱਤਰਾਂ ਵਿਚੋਂ ਸਭ ਤੋਂ ਵੱਡਾ ਪ੍ਰਿਥੀ ਚੰਦ ਬੜਾ ਲੋਭੀ ਤੇ ਈਰਖਾਲੂ ਸੁਭਾਅ ਦਾ ਸੀ। ਉਸ ਵਿੱਚ ਹਉਮੈ ਬੜੀ ਸੀ। ਨਿਮ੍ਰਤਾ, ਮਿਠਾਸ ਸੇਵਾ ਭਾਵ ਜਿਹੇ ਉੱਚੇ ਗੁਣਾਂ ਤੋਂ ਉਹ ਬਿਲਕੁਲ ਕੋਰਾ ਸੀ।

ਉਸ ਦੇ ਮੁਕਾਬਲੇ ਤੇ ਸਭ ਤੋਂ ਛੋਟੇ ਸਪੁੱਤਰ (ਗੁਰੂ) ਅਰਜਨ ਦੇਵ ਅੱਤ ਦੇ ਨਿਮਰ, ਕੋਮਲ ਚਿੱਤ ਅਤੇ ਸੇਵਾ ਭਾਵ ਵਾਲੇ ਸਨ। ਉਹ ਪਿਤਾ ਨੂੰ ਗੁਰੂ ਵਾਂਗ ਪੂਜਦੇ ਤੇ ਰਾਤ ਦਿਨ ਉਹਨਾਂ ਦੀ ਸੇਵਾ ਕਰਦੇ ਸਨ। (ਗੁਰੂ) ਅਰਜਨ ਦੇਵ ਜੀ ਨੂੰ ਸੰਗੀਤ ਨਾਲ ਵੀ ਬੜਾ ਪ੍ਰੇਮ ਸੀ ਤੇ ਉਹ ੩੧ ਰਾਗਾਂ ਦੇ ਗਿਆਤਾ ਸਨ।

ਇਹਨਾਂ ਗੁਣਾਂ ਨੂੰ ਸਾਹਮਣੇ ਰਖਦੇ ਹੋਏ ਮੁਖੀ ਸਿੱਖਾਂ ਨਾਲ ਸਲਾਹ ਕਰਕੇ ਗੁਰੂ ਜੀ ਨੇ (ਗੁਰੂ) ਅਰਜਨ ਦੇਵ ਜੀ ਨੂੰ ਗੁਰਿਆਈ ਦੀ ਬਖ਼ਸ਼ਿਸ਼ ਕਰਨ ਦਾ ਨਿਸਚਾ ਕੀਤਾ।

ਪਰ ਪ੍ਰਿਥੀ ਚੰਦ ਨੇ ਇਸ ਨਿਰਣੇ ਦਾ ਕਰੜਾ ਵਿਰੋਧ ਕੀਤਾ। ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ। ਉਸ ਨੇ ਵੱਡਾ ਬਖੇੜਾ ਖੜਾ ਕਰ ਦਿੱਤਾ।

ਗੁਰੂ ਜੀ ਨੇ ਉਸ ਨੰ ਬੜਾ ਸਮਝਾਇਆ ਪਰ ਉਹ ਕਿਸੇ ਤਰ੍ਹਾਂ ਵੀ ਨਾ ਮੰਨਿਆ ਤੇ ਸਗੋਂ ਅਵੇੜਪੁਣੇ ਤੇ ਉਤਰ ਆਇਆ। ਤਦ ਗੁਰੂ ਜੀ ਨੇ ਉਸ ਨੂੰ ਹੁਕਮ ਦਿੱਤਾ ਕਿ ਸਾਡੀਆਂ ਅੱਖਾਂ ਤੋਂ ਦੂਰ ਹੋ ਜਾ ਤੇ ਮੁੜ ਕਦੇ ਮੱਥੇ ਨਾ ਲੱਗੀ।

ਉਨ੍ਹਾਂ ਉਸੇ ਸਮੇਂ (ਗੁਰੂ) ਅਰਜਨ ਦੇਵ ਜੀ ਨੂੰ ਗੱਦੀ ਦਾ ਵਾਰਿਸ ਥਾਪ ਦਿੱਤਾ, ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਤਿਲਕ ਦੀ ਰਸਮ ਅਦਾ ਕੀਤੀ।

ਫਿਰ ਗੁਰੂ ਰਾਮਦਾਸ ਜੀ ਨੇ ਤਿੰਨ ਪ੍ਰਕਰਮਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ। ਉਸ ਤੋਂ ਸਾਰੀ ਸੰਗਤ ਨੇ ਮੱਥਾ ਟੇਕਿਆ।

ਗੁਰੂ ਰਾਮਦਾਸ ਜੀ ਦੋ ਦਿਨ ਅੰਮ੍ਰਿਤਸਰ ਠਹਿਰ ਕੇ ਗੋਇੰਦਵਾਲ ਚਲੇ ਗਏ। ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਅਤੇ ਮਾਤਾ ਭਾਨੀ ਜੀ ਵੀ ਉਨ੍ਹਾਂ ਦੇ ਨਾਲ ਸਨ।

1 ਸਤੰਬਰ, 1581 ਨੂੰ ਗੁਰੂ ਜੀ ਅੰਮ੍ਰਿਤ ਵੇਲੇ ਬਾਉਲੀ ਸਾਹਿਬ ਵਿਚ ਇਸ਼ਨਾਨ ਕਰਨ ਤੋਂ ਬਾਅਦ ਦੀਵਾਨ ਵਿਚ ਆ ਕੇ ਬੈਠ ਗਏ।

ਫਿਰ ਉਨ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਫੁਰਮਾਇਆ, 'ਤੁਸੀਂ ਹੁਣ ਚਾਰ ਗੁਰੂ ਸਾਹਿਬਾਨ ਦਾ ਰੂਪ ਹੋ, ਇਸ ਵਿਚ ਕੋਈ ਭਿੰਨਤਾ ਨਹੀਂ ਹੈ। ਤੁਸੀਂ ਹੁਣ ਸਿੱਖ ਸੰਗਤਾਂ ਦੀ ਅਗਵਾਈ ਕਰਨੀ ਹੈ ਅਤੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਹਿਬ ਦੀ ਉਸਾਰੀ ਕਰਨੀ ਹੈ'।

ਫਿਰ ਉਨ੍ਹਾਂ ਸੰਗਤ ਨੂੰ ਸੰਬੋਧਨ ਕਰਕੇ ਕਿਹਾ, 'ਸਾਡੇ ਹੁਣ ਪ੍ਰਭੂ ਵਿਚ ਵਿਲੀਨ ਹੋਣ ਦਾ ਸਮਾਂ ਆ ਗਿਆ ਹੈ। ਤੁਸੀਂ ਹੁਣ ਕਿਸੇ ਪ੍ਰਕਾਰ ਦਾ ਸੋਗ ਨਹੀਂ ਕਰਨਾ, ਆਪਣਾ ਮਨ ਕੀਰਤਨ ਵਿਚ ਲਾਉਣਾ ਹੈ'।

ਫਿਰ ਉਨ੍ਹਾਂ ਮਾਤਾ ਭਾਨੀ ਅਤੇ ਬਾਬਾ ਬੁੱਢਾ ਜੀ ਨੂੰ ਆਪਣੇ ਪਾਸ ਬੁਲਾਇਆ। ਉਨ੍ਹਾਂ ਵਲ ਬੜੀਆਂ ਪ੍ਰੇਮ ਭਰੀਆਂ ਨਜ਼ਰਾਂ ਨਾਲ ਵੇਖਿਆ।

ਕੁਝ ਸਮੇਂ ਬਾਅਦ ਸੰਗਤ ਨੇ ਵੇਖਿਆ ਕਿ ਗੁਰੂ ਜੀ ਦੀ ਜੋਤ, ਪ੍ਰਭੂ ਦੀ ਜੋਤ ਨਾਲ ਜਾ ਮਿਲੀ ਸੀ। ਉਸੇ ਵੇਲੇ ਕੀਰਤਨ ਆਰੰਭ ਹੋਇਆ। ਕਿਸੇ ਨੇ ਅੱਖਾਂ ਵਿਚ ਅੱਥਰੂ ਨਾ ਲਿਆਂਦੇ। ਸਭ ਨੇ ਰੱਬੀ ਭਾਣਾ ਖੁਸ਼ੀ ਖੁਸ਼ੀ ਪ੍ਰਵਾਨ ਕੀਤਾ।

ਅਗਲੇ ਦਿਨ ਦਰਿਆ ਬਿਆਸ ਦੇ ਕੰਢੇ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ।

Disclaimer Privacy Policy Contact us About us