ਗੁਰ ਗੱਦੀ


ਭਾਈ ਜੇਠਾ ਜੀ ਨੇ ਗੁਰੂ ਘਰ ਦਾ ਮਹਿਮਾਨ ਬਣਨ ਤੋਂ ਬਾਅਦ ਵੀ ਸੇਵਾ ਵਿਚ ਕੋਈ ਫ਼ਰਕ ਨਾ ਆਉਣ ਦਿੱਤਾ। ਉਹ ਪਹਿਲਾਂ ਵਾਂਗ ਹੀ ਲੰਗਰ ਦੀ ਸੇਵਾ ਕਰਦੇ, ਪੱਖਾ ਝਲਦੇ, ਪਾਣੀ ਪਿਆਉਂਦੇ ਅਤੇ ਟੋਕਰੀ ਢੋਂਦੇ ਸਨ।

ਇਕ ਵਾਰ ਭਾਈ ਜੇਠਾ ਜੀ ਬਰਾਦਰੀ ਦੇ ਕੁਝ ਲੋਕ ਗੋਇੰਦਵਾਲ ਸਾਹਿਬ ਆਏ। ਉਨ੍ਹਾਂ ਨੇ ਏਥੇ ਆ ਕੇ ਜਦ ਵੇਖਿਆ ਕਿ ਭਾਈ ਜੇਠਾ ਜੀ ਗੁਰੂ ਘਰ ਦੇ ਮਹਿਮਾਨ ਹੋਣ ਦੇ ਬਾਵਜੂਦ ਟੋਕਰੀ ਢੋਹ ਰਹੇ ਹਨ ਤਾਂ ਉਹ ਬੜੇ ਗੁੱਸੇ ਵਿਚ ਆਏ।

ਬੜੇ ਰੋਹ ਨਾਲ ਉਹ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, 'ਤੁਸੀਂ ਆਪਣੇ ਜਵਾਈ ਪਾਸੋਂ ਵੀ ਟੋਕਰੀ ਢਵਾਉਂਦੇ ਹੋ, ਇਹ ਗੱਲ ਜਾਇਜ਼ ਨਹੀਂ। ਇਸ ਨਾਲ ਸੋਢੀ ਕੁਲ ਨੂੰ ਲਾਜ ਲਗਦੀ ਹੈ'।

ਫਿਰ ਗੁਰੂ ਜੀ ਨੇ ਕਿਹਾ, 'ਇਨ੍ਹਾਂ ਤੁਹਾਡੀ ਕੁਲ ਨੂੰ ਕੀ ਲਾਜ ਲਾਉਣੀ ਹੈ, ਇਹਨਾਂ ਨੇ ਤਾਂ ਤੁਹਾਡੀ ਕੁਲ ਨੂੰ ਤਾਰ ਦੇਣਾ ਹੈ। ਕੁਲ ਦਾ ਨਾਂ ਚਮਕਾ ਦੇਣਾ ਹੈ। ਇਹ ਜਿਹੜੀ ਤੁਸੀਂ ਮਿੱਟੀ ਦੀ ਟੋਕਰੀ ਵੇਖਦੇ ਹੋ, ਇਹ ਮਿੱਟੀ ਦੀ ਟੋਕਰੀ ਨਹੀਂ, ਇਹਨਾਂ ਦੇ ਸੀਸ ਤੇ ਛੱਤਰ ਝੁਲਣਾ ਹੈ'।

ਬਾਅਦ ਵਿਚ ਭਾਈ ਜੇਠਾ ਜੀ ਨੇ ਵੀ ਆਪਣੀ ਬਰਾਦਰੀ ਦੇ ਲੋਕਾਂ ਨੂੰ ਕਿਹਾ, 'ਤੁਸੀਂ ਲੋਕ ਸੇਵਾ ਦੇ ਰਹੱਸ ਨੂੰ ਨਹੀਂ ਸਮਝ ਸਕਦੇ। ਮੈਂ ਇਨ੍ਹਾਂ ਦਾ ਮਹਿਮਾਨ ਜ਼ਰੂਰ ਹਾਂ, ਪਰ ਗੁਰੂ ਜੀ ਦਾ ਸੇਵਕ ਹੀ ਹਾਂ। ਜੋ ਗੁਰੂ ਸੇਵਾ ਵਿਚ ਅਨੰਦ ਹੈ, ਉਹ ਹੋਰ ਕਿਸੇ ਦੁਨਿਆਵੀ ਵਸਤੂ ਵਿਚੋਂ ਪ੍ਰਾਪਤ ਨਹੀਂ ਹੋ ਸਕਦਾ। ਮੈਨੂੰ ਹੁਣ ਕਿਸੇ ਵਸਤੂ ਦੀ ਕਾਮਨਾ ਨਹੀਂ? ਪਰ ਤੁਸੀ ਹਾਲੇ ਵੀ ਕਾਮਨਾਵਾਂ ਪਿਛੇ ਭਟਕਦੇ ਫਿਰਦੇ ਹੋ। ਮੈਂ ਸਭ ਕੁਝ ਪਾ ਲਿਆ ਹੈ ਅਤੇ ਇਨ੍ਹਾਂ ਮਜ਼੍ਹਬਾਂ ਮਿਲਤਾਂ ਅਤੇ ਕੁਲਾਂ ਤੋਂ ਅਭਿੱਜ ਹੋ ਗਿਆ ਹਾਂ। ਮੇਰਾ ਹੁਣ ਤੁਹਾਡੇ ਨਾਲ ਕੋਈ ਨਾਤਾ ਨਹੀਂ। ਮੇਰੇ ਬਾਰੇ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ'।

ਭਾਈ ਜੇਠਾ ਜੀ ਦੀ ਬਰਾਦਰੀ ਦੇ ਲੋਕ ਇਹ ਗੱਲਾਂ ਸੁਣ ਕੇ ਚੁਪ ਕੀਤੇ ਵਾਪਸ ਲਾਹੌਰ ਨੂੰ ਤੁਰ ਗਏ। ਭਾਈ ਜੇਠਾ ਜੀ ਦੀ ਸੇਵਾ ਨਿਸ਼ਕਾਮ ਸੀ। ਉਨ੍ਹਾਂ ਦੀ ਅਜਿਹੀ ਸੇਵਾ ਨੂੰ ਵੇਖ ਕੇ ਗੁਰੂ ਅਮਰ ਦਾਸ ਜੀ ਨੇ ਉਨ੍ਹਾਂ ਨੂੰ ਗੁਰ ਗੱਦੀ ਦੇਣ ਦਾ ਮਨ ਬਣਾ ਲਿਆ ਸੀ। ਪਰ ਕੁਝ ਸੰਗਤਾਂ ਭਾਈ ਰਾਮਾ ਜੀ ਜਿਹੜੇ ਕਿ ਬੀਬੀ ਦਾਨੀ ਨਾਲ ਵਿਆਹੇ ਹੋੲ ਸਨ, ਨੂੰ ਗੁਰ ਗੱਦੀ ਦਾ ਹੱਕਦਾਰ ਵੀ ਸਮਝਦੇ ਸਨ।

ਭਾਈ ਰਾਮਾ ਜੀ ਆਪ ਸੇਵਾ ਕਰਦੇ ਅਤੇ ਦੂਸਰਿਆਂ ਪਾਸੋਂ ਕਰਵਾਉਂਦੇ ਸਨ। ਸਿੱਖ ਸੰਗਤ ਇਹੋ ਅੰਦਾਜ਼ੇ ਲਾਉਂਦੀ ਰਹਿੰਦੀ ਕਿ ਭਾਈ ਰਾਮਾ ਤੇ ਭਾਈ ਜੇਠਾ ਵਿਚੋਂ ਕੌਣ ਗੁਰ ਗੱਦੀ ਦਾ ਵਾਰਸ ਬਣੇਗਾ।

ਲੋਕਾਂ ਦੇ ਮਨਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਭਾਈ ਰਾਮਾ ਅਤੇ ਭਾਈ ਜੇਠਾ ਨੂੰ ਬੁਲਾ ਕੇ ਕਿਹਾ, 'ਮੈਨੂੰ ਦੋ ਵਧੀਆ ਥੜੇ ਬਣਾ ਕੇ ਦੇਵੋ ਜਿਨ੍ਹਾਂ ਉੱਤੇ ਬੈਠ ਕੇ ਮੈਂ ਸਤਿਸੰਗ ਕਰਿਆ ਕਰਾਂ। ਇਹ ਥੜ੍ਹੇ ਹਰ ਪੱਖੋਂ ਪੂਰਣ ਹੋਣੇ ਚਾਹੀਦੇ ਹਨ'।

ਅਗਲੇ ਦਿਨ ਤੋਂ ਭਾਈ ਰਾਮਾ ਅਤੇ ਭਾਈ ਜੇਠਾ ਥੜ੍ਹੇ ਬਣਾਉਣ ਲੱਗ ਪਏ, ਪਰ ਗੁਰੂ ਜੀ ਸ਼ਾਮ ਨੂੰ ਜਾ ਕੇ ਜਦ ਥੜ੍ਹਿਆਂ ਦਾ ਨਿਰੀਖਣ ਕਰਦੇ ਤਾਂ ਉਨ੍ਹਾਂ ਵਿਚ ਕਮੀਂ ਕੱਢ ਕੇ ਢਾਹੁਣ ਦਾ ਹੁਕਮ ਦੇ ਦਿੰਦੇ, ਇਸ ਤਰ੍ਹਾਂ ਕਈ ਦਿਨ ਚਲਦਾ ਰਿਹਾ।

ਸਤਵੇਂ ਦਿਨ ਜਦ ਉਨ੍ਹਾਂ ਥੜ੍ਹੇ ਬਣਾਏ ਤਾਂ ਗੁਰੂ ਜੀ ਭਾਈ ਰਾਮਾ ਜੀ ਪਾਸ ਗਏ ਅਤੇ ਉਸ ਦੇ ਬਣਾਏ ਥੜ੍ਹੇ ਨੂੰ ਵੇਖ ਕੇ ਕਹਿਣ ਲੱਗੇ, 'ਇਹ ਪੂਰੀ ਮਿਣਤੀ ਅਨੁਸਾਰ ਨਹੀਂ ਬਦਿਆ, ਇਸ ਨੂੰ ਫਿਰ ਬਣਾੳ'।

ਪਰ ਭਾਈ ਰਾਮਾ ਜੀ ਨੇ ਦੁਬਾਰਾ ਥੜ੍ਹਾ ਬਣਾਉਣ ਤੋਂ ਇਨਕਾਰ ਕਰ ਦਿੱਤਾ। ਫਿਰ ਗੁਰੂ ਜੀ ਭਾਈ ਜੇਠਾ ਜੀ ਪਾਸ ਗਏ ਅਤੇ ਉਨ੍ਹਾਂ ਦਾ ਥੜ੍ਹਾ ਵੇਖ ਕੇ ਵੀ ਸਿਰ ਫੇਰ ਦਿੱਤਾ ਅਤੇ ਕਿਹਾ ਇਹ ਠੀਕ ਨਹੀਂ ਬਇਆ।

ਭਾਈ ਜੇਠਾ ਜੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਹੱਥ ਜੋੜ ਕੇ ਖਲੌ ਗਏ ਅਤੇ ਕਹਿਣ ਲਗੇ, 'ਹਜ਼ੂਰ! ਮੇਰੀ ਤੁਝ ਬੁਧੀ ਹੈ, ਮੈਂ ਤੁਹਾਡੇ ਮਿਆਰ ਅਨੁਸਾਰ ਪੂਰਾ ਨਹੀਂ ਉਤਰਿਆ ਹਾਂ, ਮੇਰੇ ਉਤੇ ਮਿਹਰ ਦੀ ਨਜ਼ਰ ਕਰੋ ਤਾਂ ਜੋ ਮੈਂ ਇਸ ਨੂੰ ਤੁਹਾਡੀ ਮਨਸ਼ਾ ਅਨੁਸਾਰ ਬਣਾ ਸਕਾਂ'।

ਭਾਈ ਜੇਠਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਉਨ੍ਹਾਂ ਉਸੇ ਵੇਲੇ ਬਾਬਾ ਬੁੱਢਾ ਜੀ ਨੂੰ ਆਦੇਸ਼ ਕੀਤਾ ਕਿ ਭਾਈ ਜੇਠਾ (ਰਾਮਦਾਸ ਜੀ) ਨੂੰ ਇਸ਼ਨਾਨ ਕਰਵਾ ਕੇ ਸੁੰਦਰ ਕੱਪੜੇ ਪਵਾਏ ਜਾਣ।

ਫਿਰ ਉਨ੍ਹਾਂ ਸ੍ਰੀ ਰਾਮਦਾਸ ਜੀ ਨੂੰ ਗੁਰ ਗੱਦੀ ਤੇ ਬਿਠਾ ਕੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਤਿੰਨ ਪ੍ਰਕਰਮਾਂ ਕੀਤੀਆਂ ਅਤੇ ਮੱਥਾ ਟੇਕਿਆ।

ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਜੀ ਦੇ ਮੱਥੇ ਤੇ ਟਿੱਕਾ ਲਾਇਆ ਅਤੇ ਮੱਥਾ ਟੇਕਿਆ। ਫਿਰ ਸਾਰੀ ਸੰਗਤ ਨੇ ਆ ਕੇ ਮੱਥਾ ਟੇਕਿਆ।

Disclaimer Privacy Policy Contact us About us