ਗੁਰੂ ਰਾਮਦਾਸ ਚੱਕ


ਗੁਰੂ ਅਮਰਦਾਸ ਜੀ ਇਕ ਨਵਾਂ ਸ਼ਹਿਰ ਵਸਾਉਣਾ ਚਾਹੁੰਦੇ ਸਨ। ਜੂਨ 1570 ਨੂੰ ਉਨ੍ਹਾਂ ਸ੍ਰੀ ਰਾਮਦਾਸ ਜੀ ਨੂੰ ਆਪਣੇ ਨਾਲ ਲਿਆ ਅਤੇ ਉਸ ਸਥਾਨ ਉਤੇ ਪੁੱਜੇ ਜਿਥੇ ਉਹ ਨਵਾਂ ਸ਼ਹਿਰ ਵਸਾਉਣਾ ਚਾਹੁੰਦੇ ਸੀ।

ਇਹ ਉਹ ਅਸਥਾਨ ਸੀ ਜਿਥੇ ਗੁਰੂ ਨਾਨਕ ਦੇਵ ਜੀ ਵੀ 1497 ਨੂੰ ਆ ਕੇ ਠਹਿਰੇ ਸਨ। ਇਸ ਥਾਂ ਬਾਰੇ ਹੀ ਉਨ੍ਹਾਂ ਨੇ ਬਚਨ ਕੀਤੇ ਸਨ ਕਿ ਇਥੇ ਕੋਈ ਨਵਾਂ ਤੀਰਥ ਪ੍ਰਗਟ ਹੋਵੇਗਾ ਅਤੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣੇਗਾ।

ਗੁਰੂ ਅਮਰਦਾਸ ਜੀ ਵੀ ਇਕ ਵਾਰ ਪਹਿਲਾਂ ਇਥੇ ਆਏ ਸਨ। ਉਸ ਸਮੇਂ ਉਨ੍ਹਾਂ ਨੂੰ ਇਸ ਜੰਗਲ ਵਿਚੋਂ ਇਕ ਅਜਿਹੀ ਬੂਟੀ ਮਿਲੀ ਸੀ ਜਿਸ ਨਾਲ ਗੁਰੂ ਅੰਗਦ ਦੇਵ ਜੀ ਦੀ ਉਂਗਲੀ ਦਾ ਪੁਰਾਣਾ ਜ਼ਖ਼ਮ ਠੀਕ ਹੋ ਗਿਆ ਸੀ।

ਗੁਰੂ ਅਮਰਦਾਸ ਜੀ ਨੇ ਉਸ ਸਥਾਨ ਤੇ ਪਹੁੰਚ ਕੇ ਸੁਲਤਾਨਵਿੰਡ, ਤੁੰਗ, ਗਿਲਵਾਲੀ ਗੁਮਟਾਲਾ ਆਦਿ ਪਿੰਡਾਂ ਦੇ ਚੌਧਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਪਾਸ ਇਕ ਨਵਾਂ ਸ਼ਹਿਰ ਵਸਾਉਣ ਦੀ ਤਜਵੀਜ਼ ਰੱਖੀ।

ਸਾਰੇ ਚੌਧਰੀਆਂ ਨੇ ਸਹਿਮਤੀ ਪਰਗਟ ਕੀਤੀ ਅਤੇ ਗੁਰੂ ਅਮਰਦਾਸ ਜੀ ਦੀ ਮੰਗ ਅਨੁਸਾਰ ਜ਼ਮੀਨ ਦੇਣੀ ਮੰਨ ਗਏ। ਗੁਰੂ ਜੀ ਨੇ ਸੱਤ ਸੌ ਅਕਬਰੀ ਰੁਪਈਆ ਤਾਰ ਕੇ ਜ਼ਮੀਨ ਦਾ ਪਟਾ ਆਪਣੇ ਨਾਂ ਕਰਵਾ ਲਿਆ।

ਗੁਰੂ ਅਮਰ ਦਾਸ ਜੀ ਸ੍ਰੀ ਰਾਮਦਾਸ ਜੀ ਨੂੰ ਸ਼ਹਿਰ ਵਸਾਉਣ ਦੀ ਹਦਾਇਤ ਕਰਕੇ ਆਪ ਵਾਪਸ ਗੋਇੰਦਵਾਲ ਚਲੇ ਗਏ। ਸ੍ਰੀ ਰਾਮਦਾਸ ਜੀ ਨੇ ਸਭ ਤੋਂ ਪਹਿਲਾਂ ਆਪਣੀ ਰਿਹਾਇਸ਼ ਵਾਸਤੇ ਮਕਾਨ ਬਣਾਉਣੇ ਆਰੰਭ ਕੀਤੇ। ਇਨ੍ਹਾਂ ਰਿਹਾਇਸ਼ੀ ਮਕਾਨਾਂ ਨੂੰ ਬਾਅਦ ਵਿਚ ਗੁਰੂ ਕੇ ਮਹਿਲ ਕਿਹਾ ਜਾਣ ਲੱਗਾ।

ਇਹਨਾਂ ਰਿਹਾਇਸ਼ੀ ਮਕਾਨਾਂ ਦੇ ਬਿਲਕੁਲ ਨਾਲ ਇਕ ਬਾਜ਼ਾਰ ਵੀ ਉਸਾਰਿਆ ਗਿਆ ਜਿਸ ਨੂੰ ਗੁਰੂ ਬਾਜ਼ਾਰ ਕਹਿੰਦੇ ਹਨ। ਜਦ ਰਿਹਾਇਸ਼ੀ ਮਕਾਨਾਂ ਅਤੇ ਵਪਾਰਕ ਕੇਂਦਰ ਦੀ ਉਸਾਰੀ ਹੋ ਗਈ ਤਾਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਬੁਲਾ ਲਿਆ।

ਏਥੇ ਜਦ ਉਨ੍ਹਾਂ ਨੂੰ ਗੁਰ ਗੱਦੀ ਦੀ ਜ਼ਿੰਮੇਵਾਰੀ ਬਖ਼ਸ਼ੀ ਗਈ ਤਾਂ ਗੁਰੂ ਅਮਰ ਦਾਸ ਜੀ ਨੇ ਉਨ੍ਹਾਂ ਨੂੰ ਇਹ ਵੀ ਆਦੇਸ਼ ਕਰ ਦਿੱਤਾ ਕਿ ਉਹ ਆਪਣੀ ਰਿਹਾਇਸ਼ ਨਵੇਂ ਵਸਾਏ ਸ਼ਹਿਰ ਵਿਚ ਕਰਨ ਅਤੇ ਸ਼ਹਿਰ ਦੀ ਰਹਿੰਦੀ ਉਸਾਰੀ ਨੂੰ ਸੰਪੂਰਣ ਕਰਨ।

ਗੁਰੂ ਰਾਮਦਾਸ ਜੀ ਦੇ ਗੱਦੀ ਤੇ ਬੈਠਣ ਬਾਅਦ ਦਾ ਕੁਝ ਸਮਾਂ ਸਿੱਖ ਸੰਗਤਾਂ ਨੂੰ ਇਕ ਮੁੱਠ ਕਰਨ ਵਿਚ ਲੱਗ ਗਿਆ। ਬਾਬਾ ਮੋਹਣ ਜੀ ਵਲੋਂ ਵਿਰੋਧਤਾ ਕਰਨ ਕਰਕੇ ਉਹ ਕੁਝ ਸਮਾਂ ਇਕਾਂਤ ਵਿਚ ਰਹਿ ਕੇ ਗੁਰਬਾਣੀ ਪੜ੍ਹਨ, ਲਿਖਣ ਅਤੇ ਸਮਝਣ ਵਿਚ ਵਿਲੀਨ ਰਹੇ। ਫਿਰ ਆਪ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਨਵੇਂ ਉਸਾਰੇ ਮਕਾਨਾਂ ‘ਰਾਮਦਾਸ ਚੱਕ' ਵਿਚ ਆ ਟਿਕੇ।

ਸਭ ਸਿੱਖ ਸੰਗਤਾਂ ਸ਼ਹਿਰ ਦੀ ਉਸਾਰੀ ਵਿਚ ਜੁੱਟ ਗਈਆਂ। ਸਭ ਤੋਂ ਪਹਿਲਾਂ ਸੰਤੋਖਸਰ ਸਰੋਵਰ ਦੀ ਖੁਦਵਾਈ ਹੋਈ। ਇਸ ਸਰੋਵਰ ਦੇ ਨਾਲ ਮਜ਼ਦੂਰਾਂ ਅਤੇ ਕਾਰੀਗਰਾਂ ਨੇ ਵੀ ਆਪਣੇ ਮਕਾਨ ਉਸਾਰ ਲਏ। ਏਥੇ ਹੀ ਲੰਗਰ ਦਾ ਪ੍ਰਬੰਧ ਕਰ ਦਿੱਤਾ ਗਿਆ, ਜਿਥੇ ਹਰ ਵਿਅਕਤੀ ਕਿਸੇ ਭਿੰਨ ਭਾਵ ਦੇ ਬਗੈਰ ਪ੍ਰਸ਼ਾਦ ਛਕ ਸਕਦਾ ਸੀ।

ਗੁਰੂ ਰਾਮਦਾਸ ਜੀ ਨੇ ਦੂਰ ਦੂਰ ਸੁਨੇਹੇ ਭੇਜ ਦਿੱਤੇ ਕਿ ਏਥੇ ਇਕ ਅਨੂਪਮ ਸ਼ਹਿਰ ਵਸਾਇਆ ਜਾ ਰਿਹਾ ਹੈ ਜਿਥੇ ਹਰ ਪ੍ਰਕਾਰ ਦੇ ਕਿੱਤੇ ਦੇ ਵਸਨੀਕਾਂ ਦੀ ਲੋੜ ਹੈ। ਰਿਹਾਇਸ਼ ਅਤੇ ਦੁਕਾਨਾਂ ਵਾਸਤੇ ਥਾਂ ਮੁਫ਼ਤ ਦਿੱਤੀ ਜਾਵੇਗੀ ਅਤੇ ਮਕਾਨਾਂ ਦੀ ਉਸਾਰੀ ਵਾਸਤੇ ਵੀ ਸਹਾਇਤਾ ਕੀਤੀ ਜਾਵੇਗੀ।

ਗੁਰੂ ਸਾਹਿਬ ਦਾ ਹੁਕਮ ਸੁਣ ਸੰਗਤਾਂ ਵਹੀਰਾਂ ਘੱਤ ਕੇ ਪਹੁੰਚ ਗਈਆਂ। ਕੁਝ ਸਮੇਂ ਵਿਚ ਇਕ ਯੋਜਨਾਬੱਧ ਸ਼ਹਿਰ ਦੀ ਉਸਾਰੀ ਹੋ ਗਈ। ਸ਼ਹਿਰ ਦਾ ਨਾਂ ‘ਗੁਰੂ ਰਾਮਦਾਸ ਚੱਕ' ਰੱਖਿਆ ਗਿਆ।

Disclaimer Privacy Policy Contact us About us