ਅੰਮ੍ਰਿਤ ਕੁੰਡ ਦਾ ਪ੍ਰਗਟ ਹੋਣਾ


ਜਦ ਗੁਰੂ ਰਾਮਦਾਸ ਜੀ ਸ਼ਹਿਰ ਦੀ ਉਸਾਰੀ ਕਰਵਾ ਰਹੇ ਸਨ ਤਾਂ ਉਸ ਸਮੇਂ ਇਕ ਅਜੀਬ ਘਟਨਾ ਵਾਪਰੀ। ਜਿਸ ਅੰਮ੍ਰਿਤ ਕੁੰਡ ਬਾਰੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰ ਦਾਸ ਜੀ ਇਸ਼ਾਰਾ ਕਰ ਗਏ ਸਨ, ਉਹ ਅਚਣਚੇਤ ਹੀ ਪ੍ਰਗਟ ਹੋ ਗਿਆ।

ਇਤਿਹਾਸ ਵਿਚ ਲਿਖਿਆ ਹੈ ਕਿ ਦੁਨੀ ਚੰਦ ਨਾਮੀ ਖੱਤਰੀ ਪੱਟੀ ਕਸਬੇ ਦਾ ਇਕ ਵੱਡਾ ਜ਼ਿਮੀਂਦਾਰ ਸੀ। ਉਹ ਬੜਾ ਘੁਮੰਡੀ ਸੀ। ਉਸ ਨੂੰ ਆਪਣੇ ਆਪ ਉੱਤੇ ਬਹੁਤ ਮਾਣ ਸੀ।

ਉਸ ਦੀਆਂ ਪੰਜ ਧੀਆਂ ਸਨ। ਉਹ ਅਪਣੀਆਂ ਧੀਆਂ ਦਾ ਚੰਗਾ ਪਾਲਣ ਪੋਸ਼ਣ ਕਰ ਰਿਹਾ ਸੀ। ਜੋ ਵੀ ਮੰਗਦੀਆਂ ਉਹ ਲਿਆ ਕੇ ਦਿੰਦਾ। ਇਕ ਦਿਨ ਘੁਮੰਡ ਵਿਚ ਆ ਕੇ ਉਸ ਆਪਣੀਆਂ ਧੀਆਂ ਨੂੰ ਪੁੱਛਿਆ ਕਿ ਤੁਹਾਨੂੰ ਖਾਣ ਨੂੰ ਕੌਣ ਦਿੰਦਾ ਹੈ?

ਵੱਡੀਆਂ ਚਾਰ ਧੀਆਂ ਨੇ ਤਾਂ ਬੜੀ ਨਿਮਰਤਾ ਨਾਲ ਕਿਹਾ, 'ਪਿਤਾ ਜੀ ਤੁਸੀਂ ਹੀ ਸਭ ਕੁਝ ਦਿੰਦੇ ਹੋ, ਤੁਸੀਂ ਹੀ ਸਾਡਾ ਆਸਰਾ ਹੋ'। ਪਰ ਸਭ ਤੋਂ ਛੋਟੀ ਲੜਕੀ ਜਿਸ ਦਾ ਨਾਂ ਰਜਨੀ ਸੀ, ਚੁੱਪ ਰਹੀ।

ਉਹ ਛੋਟੀ ਉਮਰ ਵਿਚ ਆਪਣੇ ਨਾਨਕੇਂ ਘਰ ਲਾਹੌਰ ਰਹੀ ਸੀ ਤੇ ਉਥੇ ਉਸ ਦੇ ਨਾਨਾ ਨਾਨੀ ਗੁਰੂ ਅਮਰ ਦਾਸ ਜੀ ਦੇ ਸਿੱਖ ਸਨ। ਉਸਨੇ ਅਪਣੀ ਮੁੱਢਲੀ ਸਿਖਿਆ ਆਪਣੇ ਨਾਨਕਿਆਂ ਤੋਂ ਹੀ ਲਈ ਸੀ ਅਤੇ ਉਸ ਦਾ ਵਿਸ਼ਵਾਸ ਹੋ ਗਿਆ ਸੀ ਕਿ ਪਰਮਾਤਮਾ ਇਕ ਹੈ ਅਤੇ ਉਹ ਸਭ ਦਾ ਰਿਜ਼ਕ ਦਾਤਾ ਹੈ।

ਜਦ ਉਹ ਕੁਝ ਨਾ ਬੋਲੀ ਤਾਂ ਦੁਨੀ ਚੰਦ ਫਿਰ ਬੋਲਿਆ, 'ਰਜਨੀ ਤੂੰ ਕੁਝ ਜਵਾਬ ਨਹੀਂ ਦਿੱਤਾ, ਦੱਸ ਤੈਨੂੰ ਖਾਣ ਨੂੰ ਕੌਣ ਦਿੰਦਾ ਹੈ?' ਇਸ ਵਾਰ ਰਜਨੀ ਨਿਰਭੈਅ ਹੋ ਕੇ ਬੋਲੀ, 'ਪਰਮਾਤਮਾ ਹੀ ਦਿੰਦਾ ਹੈ'।

ਰਜਨੀ ਦਾ ਉੱਤਰ ਸੁਣ ਕੇ ਦੁਨੀ ਚੰਦ ਸੜ ਬਲ ਗਿਆ ਅਤੇ ਉਸ ਨੇ ਇਹ ਮਨ ਬਣਾ ਲਿਆ ਕਿ ਉਹ ਰਜਨੀ ਨੂੰ ਇਸ ਗੁਸਤਾਖ਼ੀ ਦਾ ਸਬਕ ਸਿਖਾਵੇਗਾ। ਬਾਕੀ ਲੜਕੀਆਂ ਦੇ ਵਿਆਹ ਉਸ ਚੰਗੇ ਘਰਾਂ ਵਿਚ ਕਰ ਦਿੱਤੇ ਪਰ ਜਦ ਰਜਨੀ ਜਵਾਨ ਹੋਈ ਤਾਂ ਉਸ ਦਾ ਵਿਆਹ ਕਰਨ ਦੀ ਉਸ ਕੋਈ ਚਿੰਤਾ ਨਾ ਕੀਤੀ।

ਰਜਨੀ ਦੀ ਮਾਤਾ ਜਦ ਇਸ ਬਾਰੇ ਕਹਿੰਦੀ ਤਾਂ ਉਹ ਇਹ ਕਹਿ ਕੇ ਟਾਲ ਦਿੰਦਾ ਕਿ ਇਸ ਬਾਰੇ ਇਸ ਦੇ ਪਰਮਾਤਮਾ ਨੂੰ ਇਹ ਫਿਕਰ ਕਰਨਾ ਚਾਹੀਦਾ ਹੈ, ਮੈਨੂੰ ਇਸ ਬਾਰੇ ਸੋਚਣ ਦੀ ਕੀ ਲੋੜ ਹੈ?

ਪਰ ਜਦ ਉਸ ਦੀ ਮਾਂ ਨੇ ਬਹੁਤ ਜ਼ੋਰ ਦਿੱਤਾ ਤਾਂ ਉਸ ਨੇ ਉਸ ਦੀ ਸ਼ਾਦੀ ਇਕ ਅਪਾਹਜ਼ ਕੋੜ੍ਹੀ ਨਾਲ ਕਰ ਦਿੱਤੀ। ਰਜਨੀ ਨੇ ਇਸ ਗੱਲ ਦਾ ਕੋਈ ਵਿਰੋਧ ਨਾ ਕੀਤਾ ਤੇ ਆਪਣੇ ਕੋੜ੍ਹੀ ਪਤੀ ਨੂੰ ਪਰਮੇਸ਼ਵਰ ਸਮਝ ਕੇ ਉਸਦੀ ਸੇਵਾ ਕਰਨ ਲੱਗ ਗਈ।

ਜਦ ਦੁਨੀ ਚੰਦ ਨੇ ਵੇਖਿਆ ਕਿ ਇਸ ਘਟਨਾ ਦਾ ਰਜਨੀ ਉਤੇ ਕੋਈ ਪ੍ਰਭਾਵ ਨਹੀਂ ਪਿਆ ਤਾਂ ਉਸ ਰਜਨੀ ਨੂੰ ਘਰ ਛੱਡਣ ਦਾ ਆਦੇਸ਼ ਦੇ ਦਿੱਤਾ। ਰਜਨੀ ਦੀ ਗੁਰੂ ਘਰ ਉੱਤੇ ਬੜੀ ਸ਼ਰਧਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਰਾਮਦਾਸ ਜੀ ਸੁਲਤਾਨਪਿੰਡ ਨੇੜੇ ਇਕ ਸ਼ਹਿਰ ਦੀ ਉਸਾਰੀ ਕਰ ਰਹੇ ਹਨ ਤਾਂ ਉਹ ਆਪਣੇ ਪਤੀ ਨੂੰ ਇਕ ਟੋਕਰੀ ਵਿਚ ਚੁੱਕ ਕੇ ‘ਗੁਰੂ ਰਾਮਦਾਸ ਚੱਕ' ਪੁਜ ਗਈ।

ਉਹ ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਦੀ ਅਤੇ ਰੋਟੀ ਸਾਂਝੇ ਲੰਗਰ ਵਿਚੋਂ ਛਕ ਕੇ ਆਪਣੇ ਪਤੀ ਨੂੰ ਵੀ ਖਵਾ ਆਉਂਦੀ। ਇਕ ਦਿਨ ਇਕ ਬੇਰੀ ਥੱਲੇ ਆਪਣੇ ਪਤੀ ਨੂੰ ਬਿਠਾ ਕੇ ਜਦ ਸੇਵਾ ਕਰਨ ਗਈ ਤਾਂ ਉਸ ਦੇ ਪਤੀ ਨੇ ਵੇਖਿਆ ਕਿ ਦੋ ਕਾਂ ਇਕ ਰੋਟੀ ਦੇ ਟੁਕੜੇ ਤੋਂ ਲੜਦੇ ਲੜਦੇ ਉਸ ਦੇ ਲਾਗਲੇ ਤਾਲਾਬ ਵਿਚ ਡਿੱਗ ਪਏ।

ਜਦ ਉਹ ਬਾਹਰ ਨਿਕਲੇ ਤਾਂ ਉਹਨਾਂ ਦੇ ਰੰਗ ਬਗਲਿਆਂ ਵਾਂਗ ਸਫੇਦ ਹੋਏ ਸਨ। ਉਹ ਕੋੜ੍ਹੀ ਵੀ ਰਿੜ੍ਹਦਾ ਰਿੜ੍ਹਦਾ ਉਸ ਤਾਲਾਬ ਤਕ ਪੁਜਾ ਤੇ ਉਸ ਤਾਲਾਬ ਵਿਚ ਇਸ਼ਨਾਨ ਕੀਤਾ। ਜਦ ਉਹ ਬਾਹਰ ਨਿਕਲਿਆ ਤਾਂ ਉਸਦਾ ਕੌੜ੍ਹ ਬਿਲਕੁਲ ਠੀਕ ਹੋ ਚੁਕਾ ਸੀ। ਉਹ ਦੁਬਾਰਾ ਬੇਰੀ ਥੱਲੇ ਆ ਬੈਠਾ।

ਜਦ ਰਜਨੀ ਲੰਗਰ ਵਿਚੋਂ ਪ੍ਰਸ਼ਾਦੇ ਲੈ ਕੇ ਪੁੱਜੀ ਤਾਂ ਉਸ ਵੇਖਿਆ ਕਿ ਇਕ ਸੁੰਦਰ ਨੌਜਵਾਨ ਬੇਰੀ ਥੱਲੇ ਬੈਠਾ ਸੀ। ਉਹ ਉਸ ਨੂੰ ਪਹਿਚਾਣ ਨਾ ਸਕੀ।

ਉਸਦੇ ਪਤੀ ਨੇ ਬਹੁਤ ਵਾਰ ਕਿਹਾ ਕਿ ਉਹ ਉਸਦਾ ਪਤੀ ਹੈ, ਪਰ ਉਹ ਨਾ ਮੰਨੀ ਤੇ ਉਸ ਨੂੰ ਨਾਲ ਲੈ ਕੇ ਗੁਰ ਰਾਮਦਾਸ ਪਾਸ ਆ ਗਈ। ਗੁਰੂ ਰਾਮਦਾਸ ਜੀ ਨੇ ਉਸਨੂੰ ਤਸੱਲੀ ਦਿੱਤੀ ਕਿ ਉਹ ਹੀ ਉਸਦਾ ਪਤੀ ਹੈ।

ਫਿਰ ਉਨ੍ਹਾਂ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਜਿਸ ਅੰਮ੍ਰਿਤ ਕੁੰਡ ਬਾਰੇ ਗੁਰੂ ਅਮਰਦਾਸ ਜੀ ਦੱਸ ਗਏ ਸਨ। ਇਹ ਉਹੋ ਕੁੰਡ ਹੈ ਜਿੱਥੇ ਕੋੜ੍ਹੀ ਨੇ ਇਸ਼ਨਾਨ ਕੀਤਾ ਹੈ। ਏਥੇ ਸਾਨੂੰ ਹੁਣ ਅੰਮ੍ਰਿਤ ਸਰੋਵਰ ਬਣਾਉਣਾ ਚਾਹੀਦਾ ਹੈ।

Disclaimer Privacy Policy Contact us About us