ਅੰਮ੍ਰਿਤਸਰ ਸਰੋਵਰ


ਗੁਰੂ ਰਾਮਦਾਸ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਲੈ ਕੇ ਅੰਮ੍ਰਿਤ ਕੁੰਡ ਦੇ ਪਾਸ ਪਹੁੰਚ ਗਏ।

ਬਾਬਾ ਬੁੱਢਾ ਜੀ ਨੂੰ ਉਨ੍ਹਾਂ ਵਾਹਿਗੁਰੂ ਦਾ ਨਾਂ ਲੈ ਕੇ ਕਹੀ ਦਾ ਟੱਪ ਲਾਉਣ ਲਈ ਕਿਹਾ, ਉਸ ਤੋਂ ਬਾਅਦ ਸਾਰੀ ਸੰਗਤ ਨੂੰ ਕੜਾਹ ਪ੍ਰਸ਼ਾਦ ਵੰਡ ਕੇ ਬਾਕਾਇਦਾ ਤੌਰ ਤੇ ਸਰੋਵਰ ਦੀ ਪੁਟਵਾਈ ਸ਼ੁਰੂ ਕਰ ਦਿੱਤੀ।

ਜਦ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਅੰਮ੍ਰਿਤ ਕੁੰਡ ਵਿਚ ਇਸ਼ਨਾਨ ਕਰਕੇ ਇਕ ਕੋੜ੍ਹਾ ਵੀ ਰਾਜ਼ੀ ਹੋ ਗਿਆ ਹੈ ਤਾਂ ਲੋਕ ਬੜੀ ਸ਼ਰਧਾ ਨਾਲ ਕਹੀਆਂ, ਬਾਲਟੇ ਅਤੇ ਟੋਕਰੀਆਂ ਆਦਿ ਲੈ ਕੇ ਸੇਵਾ ਲਈ ਪੁੱਜ ਗਏ।

ਰੋਗੀ ਇਸ਼ਨਾਨ ਕਰਕੇ ਰਾਜ਼ੀ ਹੋ ਰਹੇ ਸਨ ਤੇ ਫਿਰ ਗੁਰੂ ਜੀ ਦੇ ਹੀ ਹੋ ਕੇ, ਸੇਵਾ ਵਿਚ ਜੁੱਟ ਜਾਂਦੇ ਸਨ। ਪਰ ਗਰੂ ਕਾ ਲੰਗਰ ਚਲਾਉਣ ਵਾਸਤੇ, ਇੱਟਾਂ ਤਿਆਰ ਕਰਨ ਵਾਸਤੇ ਅਤੇ ਮਜ਼ਦੂਰਾਂ ਨੁੰ ਮਜ਼ਦੂਰੀ ਦੇਣ ਵਾਸਤੇ ਬੇਅੰਤ ਮਾਇਆ ਦੀ ਲੋੜ ਸੀ।

ਇਸ ਵਾਸਤੇ ਗੁਰੂ ਜੀ ਨੇ ਆਪਣੇ ਮਸੰਦਾਂ ਨੂੰ ਦੂਰ ਦੂਰ ਕਾਰ ਭੇਟ ਲੈਣ ਵਾਸਤੇ ਭੇਜਿਆ। ਕੁਝ ਸਮੇਂ ਵਿਚ ਹੀ ਬੇਅੰਤ ਮਾਇਆ ਇਕੱਠੀ ਹੋ ਗਈ ਅਤੇ ਸਰੋਵਰ ਦੀ ਉਸਾਰੀ ਪੂਰੇ ਜ਼ੋਰ ਸ਼ੋਰ ਨਾਲ ਚਲਦੀ ਗਈ।

ਰਜਨੀ ਅਤੇ ਉਸਦਾ ਪਤੀ ਵੀ ਸੇਵਾ ਵਿੱਚ ਹਿੱਸਾ ਲੈ ਰਹੇ ਸਨ। ਦੁਨੀ ਚੰਦ ਨੂੰ ਜਦ ਇਹ ਪਤਾ ਲੱਗਾ ਕਿ ਰਜਨੀ ਦਾ ਪਤੀ ਬਿਲਕੁਲ ਨਵਾਂ ਨਰੋਆ ਹੋ ਗਿਆ ਹੈ ਅਤੇ ਗੁਰੂ ਰਾਮਦਾਸ ਜੀ ਦੀ ਉਨ੍ਹਾਂ ਉਤੇ ਅਪਾਰ ਕਿਰਪਾ ਹੈ ਤਾਂ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ।

ਗੁਰੂ ਦਾ ਲੰਗਰ ਛੱਕ ਕੇ ਉਸ ਦਾ ਘੁਮੰਡ ਜਾਂਦਾ ਰਿਹਾ। ਉਸ ਨੂੰ ਇਹ ਸੋਝੀ ਹੋ ਗਈ ਕਿ ਪਰਮਾਤਮਾ ਹਰ ਇਕ ਨੂੰ ਦਿੰਦਾ ਹੈ। ਉਸਨੇ ਗੁਰੂ ਜੀ ਪਾਸੋਂ ਅਪਣੀ ਧੀ ਅਤੇ ਜਵਾਈ ਨੂੰ ਘਰ ਲੈ ਜਾਣ ਦੀ ਆਗਿਆ ਮੰਗੀ।

ਪਰ ਬੀਬੀ ਰਜਨੀ ਨੇ ਆਪਣੇ ਪਿਤਾ ਜੀ ਦੇ ਨਾਲ ਜਾਣ ਤੋਂ ਨਾਂਹ ਕਰ ਦਿੱਤੀ। ਪਰ ਉਸ ਇਹ ਵਾਇਦਾ ਜ਼ਰੂਰ ਕੀਤਾ ਕਿ ਜਦ ਸਰੋਵਰ ਦੀ ਉਸਾਰੀ ਮੁਕੰਮਲ ਹੋ ਜਾਵੇਗੀ ਤਾਂ ਉਹ ਜ਼ਰੂਰ ਆਪਣੇ ਪਿਤਾ ਦੇ ਘਰ ਜਾਵੇਗੀ।

ਦੁਨੀ ਚੰਦ ਬਹੁਤ ਪ੍ਰਸੰਨ ਹੋਇਆ ਅਤੇ ਕੁਝ ਸਮੇਂ ਬਾਅਦ ਉਹ ਵੀ ਪੱਟੀ ਤੋਂ ਆਪਣੇ ਕੁਝ ਸਾਥੀਆਂ ਸਮੇਤ ਕਾਰ ਸੇਵਾ ਲਈ ਹਾਜ਼ਰ ਹੋ ਗਿਆ। ਕੁਝ ਸਮੇਂ ਵਿਚ ਹੀ ਸਰੋਵਰ ਤਿਆਰ ਹੋ ਗਿਆ। ਇਸ ਨੂੰ ਪਾਣੀ ਨਾਲ ਭਰਨ ਤੋਂ ਪਹਿਲਾਂ ਇਸ ਦੇ ਵਿਚਕਾਰ ਇਕ ਬੜਾ ਉੱਚਾ ਥੜ੍ਹਾ ਤਿਆਰ ਕੀਤਾ ਗਿਆ।

ਜਿਸ ਤਕ ਪੁਜਣ ਵਾਸਤੇ ਰਸਤਾ ਛੱਡਿਆ ਗਿਆ ਸੀ। ਇਸ ਥੜ੍ਹੇ ਉੱਤੇ ਹੀ ਸਵੇਰੇ ਸ਼ਾਮ ਨੂੰ ਕੀਰਤਨ ਹੁੰਦਾ ਸੀ, ਸਰੋਵਰ ਦੇ ਚਾਰੇ ਪਾਸੇ ਖੂਹ ਲਾਏ ਗਏ ਸਨ ਅਤੇ ਖੂਹਾਂ ਦਾ ਪਾਣੀ ਸਰੋਵਰ ਵਿਚ ਡਿੱਗਦਾ ਸੀ।

ਜਿਹੜਾ ਵੀ ਕਿਸਾਨ ਨਵੇਂ ਬੈਲਾ ਦੀ ਜੋੜ ਖਰੀਦਦਾ ਸੀ ਜਾਂ ਨਵੇਂ ਵੱਛੇ ਨੂੰ ਜੂਲੇ ਲਾਉਂਦਾ ਸੀ ਤਾਂ ਉਹ ਪਹਿਲੀ ਸੇਵਾ ਇਨ੍ਹਾਂ ਖੂਹਾਂ ਤੇ ਆਪਣੀ ਜੋਗ ਰਾਹੀਂ ਕਰਦਾ ਸੀ।

ਇਸ ਤਰ੍ਹਾਂ ਚਾਰੇ ਖੂਹ ਦਿਨ ਰਾਤ ਚਲਦੇ ਸਨ ਅਤੇ ਕੁਝ ਮਹੀਨਿਆਂ ਵਿਚ ਸਰੋਵਰ ਕੰਢੇ ਤਕ ਭਰ ਗਿਆ ਸੀ। ਹੁਣ ਇਹ ਬੜਾ ਸੁੰਦਰ ਤੀਰਥ ਬਣ ਗਿਆ ਸੀ। ਥੜ੍ਹੇ ਵਾਲੇ ਸਥਾਨ ਤੋਂ ਰੋਜ਼ ਸਵੇਰੇ ਕੀਰਤਨ ਦੀਆਂ ਧੁਨਾਂ ਨਿਕਲਦੀਆਂ ਸਨ।

ਸਾਰੇ ਸ਼ਹਿਰ ਵਾਸੀ ਅਤੇ ਬਾਹਰੋਂ ਆਏ ਲੋਕ ਸਰੋਵਰ ਵਿਚ ਇਸ਼ਨਾਨ ਕਰਦੇ ਸਨ ਅਤੇ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਹੋਏ ਕੀਰਤਨ ਸੁਣਨ ਚਲੇ ਜਾਂਦੇ ਸਨ।

ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਲੋਕਾਂ ਦੇ ਦੁੱਖ ਦੂਰ ਹੋ ਰਹੇ ਸਨ ਅਤੇ ਹਰ ਪਾਸੇ ਖੁਸ਼ਹਾਲੀ ਨਜ਼ਰ ਆ ਰਹੀ ਸੀ। ਸ਼ਹਿਰ ਦੇ ਲੋਕਾਂ ਨੂੰ ਕੋਈ ਜਜ਼ੀਆ ਜਾਂ ਟੈਕਸ ਨਹੀਂ ਸੀ ਦੇਣਾ ਪੈਂਦਾ ਕਿਉਂਕਿ ਇਹ ਉਨ੍ਹਾਂ ਦਾ ਆਪਣਾ ਸ਼ਹਿਰ ਸੀ।

ਅੰਮ੍ਰਿਤ ਸਰੋਵਰ ਬਣ ਜਾਣ ਨਾਲ ਹੁਣ ਸ਼ਹਿਰ ਦਾ ਨਾਂ ਅੰਮ੍ਰਿਤਸਰ ਪੈ ਗਿਆ ਸੀ।

Disclaimer Privacy Policy Contact us About us