ਲਾਹੌਰ ਫੇਰੀ


ਇਨ੍ਹਾਂ ਦਿਨਾਂ ਵਿਚ ਹੀ ਲਾਹੌਰ ਤੋਂ ਇਕ ਸੰਗਤ ਆਈ ਜਿਨ੍ਹਾਂ ਵਿਚ ਭਾਈ ਸਿਹਾਰੀ ਮਲ ਵੀ ਸਨ। ਉਹ ਬਰਾਦਰੀ ਵਿਚੋਂ ਗੁਰੂ ਜੀ ਦੇ ਵੱਡੇ ਭਰਾ ਲੱਗਦੇ ਸਨ।

ਭਾਈ ਸਿਹਾਰੀ ਮਲ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਲਾਹੌਰ ਦੀਆਂ ਸੰਗਤਾਂ ਆਪ ਜੀ ਦੇ ਦਰਸ਼ਨਾਂ ਲਈ ਬਹੁਤ ਉਤਾਵਲੀਆਂ ਹਨ। ਆਪ ਨੂੰ ਆਪਣੀ ਜਨਮ ਭੂਮੀ ਵਿਖੇ ਜ਼ਰੂਰ ਜਾਣਾ ਚਾਹੀਦਾ ਹੈ।

ਗੁਰੂ ਜੀ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਲਾਹੌਰ ਚਲੇ ਗਏ। ਜਦ ਉਹ ਲਾਹੌਰ ਪੁੱਜੇ ਤਾਂ ਲਾਹੌਰ ਨਿਵਾਸੀ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਲੈਣ ਆਏ।

ਉਨ੍ਹਾਂ ਨੂੰ ਇਹ ਮਾਣ ਸੀ ਕਿ ਗੁਰੂ ਰਾਮਦਾਸ ਜੀ ਦੀ ਜਨਮ ਭੂਮੀ ਲਾਹੌਰ ਸੀ। ਉਹ ਇਹ ਸਮਝਦੇ ਸਨ ਕਿ ਇਕ ਯਤੀਮ ਬਾਲਕ ਤੋਂ ਉਹ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਬਣ ਗਏ ਸਨ ਇਹ ਸਭ ਕੁਝ ਉਨ੍ਹਾਂ ਦੀ ਘਾਲਣਾ ਦਾ ਹੀ ਸਦਕਾ ਸੀ।

ਗੁਰੂ ਰਾਮਦਾਸ ਜੀ ਪਹਿਲਾਂ ਆਪਣੇ ਨਿੱਜੀ ਮਕਾਨ ਵਿਚ ਗਏ। ਉਨ੍ਹਾਂ ਆਪਣੇ ਮਕਾਨ ਨੂੰ ਇਕ ਧਰਮਸ਼ਾਲਾ ਵਿਚ ਬਦਲ ਦਿੱਤਾ। ਲੋਕਾਂ ਦੀ ਸਹੂਲਤ ਲਈ ੳਥੇ ਉਨ੍ਹਾਂ ਇਕ ਖੂਹ ਵੀ ਲਵਾਇਆ।

ਆਪਣੇ ਘਰ ਨੂੰ ਧਰਮਸ਼ਾਲਾ ਬਣਾ ਕੇ ਉਹ ਭਾਈ ਸਿਹਾਰੀ ਮਲ ਦੇ ਘਰ ਜਾ ਠਹਿਰੇ। ਭਾਈ ਸਿਹਾਰੀ ਮਲ ਦਾ ਘਰ ਕਾਫੀ ਵੱਡਾ ਸੀ। ਇਥੇ ਸਿੱਖ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਸੀ। ਗੁਰੂ ਜੀ ਨੇ ਸੰਗਤਾਂ ਨੂੰ ਮਰਯਾਦਾ ਵਿਚ ਰਹਿਣ ਲਈ ਕਿਹਾ ਜਿਸ ਕਾਰਨ ਸੰਗਤ ਸਵੇਰ ਵੇਲੇ ਅਤੇ ਸ਼ਾਮ ਨੂੰ ਇਕੱਤਰ ਹੁੰਦੀ।

ਅੰਮ੍ਰਿਤਸਰ ਵਾਂਗ ਹੀ ਇਥੇ ਗੁਰੂ ਦਾ ਲੰਗਰ ਚਲ ਪਿਆ ਅਤੇ ਸਵੇਰ ਸ਼ਾਮ ਕੀਰਤਨ ਦਾ ਪ੍ਰਵਾਹ ਚਲ ਪਿਆ। ਸ਼ਾਮ ਵੇਲੇ ਗੁਰੂ ਜੀ ਕਥਾ ਕਰਦੇ ਅਤੇ ਲਾਹੌਰ ਦੀ ਸੰਗਤਾਂ ਨੂੰ ਨਿਹਾਲ ਕਰਦੇ।

ਕਾਫੀ ਸਮਾਂ ਲਾਹੌਰ ਠਹਿਰ ਕੇ ਉਹ ਵਾਪਸ ਅੰਮ੍ਰਿਤਸਰ ਆ ਗਏ।

Disclaimer Privacy Policy Contact us About us