ਬਾਦਸ਼ਾਹ ਅਕਬਰ ਦਾ ਅੰਮ੍ਰਿਤਸਰ ਆਉਣਾ


ਬਾਦਸ਼ਾਹ ਅਕਬਰ ਨੇ ਇਕ ਨਵਾਂ ਧਰਮ ਚਲਾਇਆ ਸੀ ਜਿਸ ਦਾ ਨਾਂ ਉਸ ‘ਦੀਨੇ ਇਲਾਹੀ' ਰਖਿਆ ਸੀ। ਉਸ ਦੇ ਦਰਬਾਰ ਵਿਚ ਧਰਮ ਚਰਚਾ ਆਮ ਚਲਦੀ ਰਹਿੰਦੀ ਸੀ।

ਇਕ ਵਾਰ ਉਸਦੇ ਦਰਬਾਰ ਵਿਚ ਇਹ ਚਰਚਾ ਚਲੀ ਕਿ ਦੁਨੀਆਂ ਵਿਚ ਕੋਈ ਐਸਾ ਵੀ ਵਿਅਕਤੀ ਹੈ ਜੋ ਬਿਲਕੁਲ ਰੱਬ ਰੂਪ ਹੋਵੇ।

ਕਈ ਸੰਤਾਂ, ਪੀਰਾਂ, ਫਕੀਰਾਂ ਦੇ ਨਾਂ ਲਏ ਗਏ ਪਰ ਅਕਬਰ ਬਾਦਸ਼ਾਹ ਦੀ ਤਸੱਲੀ ਨਾ ਹੋਈ। ਉਨ੍ਹਾਂ ਸਾਰੇ ਫਕੀਰਾਂ ਨੂੰ ਅਕਬਰ ਪਰਖ ਚੁਕਾ ਸੀ।

ਉਨ੍ਹਾਂ ਵਿਚੋਂ ਕੋਈ ਮਾਇਆ ਦਾ ਭੁੱਖਾ ਸੀ, ਕੋਈ ਮਰਾਤਬੇ ਦਾ ਭੁੱਖਾ ਸੀ ਅਤੇ ਕਿਸੇ ਨੂੰ ਆਪਣੀ ਮਹਿਮਾਂ ਕਰਵਾਉਣ ਦੀ ਲਾਲਸਾ ਸੀ।

ਅਕਬਰ ਦੇ ਦਰਬਾਰ ਵਿਚ ਇਕ ਅਜਿਹਾ ਵਿਅਕਤੀ ਵੀ ਸੀ ਜਿਹੜਾ ਗੁਰੂ ਰਾਮਦਾਸ ਜੀ ਨੂੰ ਜਾਣਦਾ ਸੀ ਅਤੇ ਉਸ ਗੁਰੂ ਸਾਹਿਬ ਦੇ ਦਰਸ਼ਨ ਵੀ ਕੀਤੇ ਸਨ।

ਉਸ ਨੇ ਕਿਹਾ, 'ਗੁਰੂ ਰਾਮਦਾਸ ਜੀ ਇਕ ਅਜਿਹੇ ਮਹਾਂਪੁਰਸ਼ ਹਨ, ਜਿਨ੍ਹਾਂ ਨੂੰ ਕਿਸੇ ਦੁਨਿਆਵੀ ਵਸਤੂ ਦੀ ਲਾਲਸਾ ਨਹੀਂ। ਜੋ ਕੁਝ ਉਨ੍ਹਾਂ ਨੂੰ ਭੇਟ ਹੁੰਦਾ ਹੈ ਉਸ ਨਾਲ ਉਹ ਸਾਂਝਾ ਲੰਗਰ ਚਲਾਉਂਦੇ ਹਨ। ਜੇ ਕੋਈ ਉਨ੍ਹਾਂ ਨੂੰ ਕੀਮਤੀ ਉਪਹਾਰ ਵੀ ਦਿੰਦਾ ਹੈ ਤਾਂ ਉਸ ਨੂੰ ਉਸੇ ਵੇਲੇ ਲੋੜਵੰਦਾਂ ਵਿਚ ਵੰਡ ਦਿੰਦੇ ਹਨ'।

ਅਕਬਰ ਨੂੰ ਫਿਰ ਇਹ ਵੀ ਯਾਦ ਆਇਆ ਕਿ ਗੁਰੂ ਰਾਮਦਾਸ ਜੀ ਉਹੀ ਹਨ ਜਿਹੜੇ ਸਨਾਤਨ ਧਰਮ ਵਾਲਿਆਂ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਵਾਸਤੇ ਉਸ ਨੂੰ ਲਾਹੌਰ ਮਿਲੇ ਸਨ। ਉਸ ਨੇ ਗੁਰੂ ਅਮਰਦਾਸ ਜੀ ਦੇ ਲੰਗਰ ਤੋਂ ਪ੍ਰਸ਼ਾਦ ਵੀ ਛਕਿਆ ਸੀ ਅਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਵੀ ਕੀਤੇ ਸਨ।

ਉਸ ਨੇ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਅੰਮ੍ਰਿਤਸਰ ਜਾਵੇਗਾ। ਉਸ ਅੰਮ੍ਰਿਤਸਰ ਜਾਣ ਬਾਰੇ ਆਪਣੇ ਦਰਬਾਰੀਆਂ ਨੂੰ ਦੱਸਿਆ। ਕੁਝ ਦਿਨਾਂ ਵਿਚ ਹੀ ਉਹ ਅੰਮ੍ਰਿਤਸਰ ਪਹੁੰਚ ਗਿਆ।

ਜਦ ਉਹ ਗੁਰੂ ਦੇ ਦਰਬਾਰ ਵਿਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਦੇ ਰੂਹਾਨੀ ਚਿਹਰੇ ਵਲ ਵੇਖ ਬਹੁਤ ਪ੍ਰਸੰਨ ਹੋਇਆ। ਉਸ ਗੁਰੂ ਸਾਹਿਬ ਅੱਗੇ ਇਕ ਸੌ ਇਕ ਮੋਹਰਾਂ ਰੱਖ ਕੇ ਸਿਜਦਾ ਕੀਤਾ।

ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ (ਗੁਰੂ) ਅਰਜਨ ਦੇਵ ਜੀ ਉਨ੍ਹਾਂ ਪਾਸ ਹੀ ਬੈਠੇ ਸਨ। ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਨੂੰ ਆਦੇਸ਼ ਕੀਤਾ ਕਿ ਉਹ ਮੋਹਰਾਂ ਗਰੀਬਾਂ ਵਿਚ ਵੰਡ ਦੇਵੇ। (ਗੁਰੂ) ਅਰਜਨ ਦੇਵ ਜੀ ਨੇ ਸਾਰੀਆਂ ਮੋਹਰਾਂ ਲੋੜਵੰਦਾਂ ਨੂੰ ਵੰਡ ਦਿੱਤੀਆਂ।

ਫਿਰ ਅਕਬਰ ਨੇ ਬਾਰ੍ਹਾਂ ਪਿੰਡਾਂ ਦੀ ਜਗੀਰ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਨਾਂ ਲਾਉਣੀ ਚਾਹੀ ਪਰ ਗੁਰੂ ਸਾਹਿਬ ਨੇ ਜਿਹਾ, 'ਫਕੀਰਾਂ ਦਾ ਜਗੀਰਾਂ ਨਾਲ ਕੀ ਵਾਸਤਾ? ਇਹ ਜਗੀਰਾਂ ਹੀ ਹਨ ਜਿਹੜੀਆਂ ਮਨੁੱਖ ਵਿਚ ਕਾਮ, ਕ੍ਰੋਧ, ਲੋਭ, ਮੋਹ ਈਰਖਾ, ਲੜਾਈ, ਝਗੜੇ ਪੈਦਾ ਕਰਦੀਆਂ ਹਨ'।

ਅਕਬਰ ਨੂੰ ਹੁਣ ਪੂਰਾ ਭਰੋਸਾ ਹੋ ਗਿਆ ਕਿ ਦੁਨੀਆਂ ਵਿਚ ਇਕ ਐਸਾ ਵਿਅਕਤੀ ਵੀ ਹੈ, ਜਿਹੜਾ ਰੱਬ ਦਾ ਹੀ ਰੂਪ ਹੈ। ਇਹ ਵੇਖ ਕੇ ਬਾਦਸ਼ਾਹ ਅਕਬਰ ਬਹੁਤ ਹੈਰਾਨ ਹੋਇਆ।

Disclaimer Privacy Policy Contact us About us