ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ


ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਜੇਠਾ’ ਸੀ ਅਤੇ ਕੁਦਰਤ ਦਾ ਭਾਨਾ ਐਸਾ ਹੋਇਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ਤੇ ਮਾਂ- ਪਿਉ ਦਾ ਸਾਇਆ ਨਾ ਰਿਹਾ। ਸਬੰਧੀਆ ਨੇ ਮੂੰਹ ਫੇਰ ਲਿਆ ਅਤੇ ਲਹੌਰ ਵਿਚੋਂ ਕਿਸੇ ਨੇ ਵੀ ਆਪ ਦੀ ਮਦਦ ਨਾ ਕੀਤੀ ਪਰ ਆਪ ਜੀ ਦੀ ਨਾਨੀ ਆਪ ਨੂੰ ਬਾਸਰਕੇ ਲੈ ਆਈ। ਨਾਨੀ ਗਰੀਬ ਹੀ ਸੀ ਇਸ ਕਰਕੇ ਆਪ ਦੇ ਸਿਰ ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣਾ ਦਾ ਭਾਰ ਵੀ ਪੈ ਗਿਆ। ਆਪ ਚੜ੍ਹਦੀ ਕਲਾ ਦੀ ਮੂਰਤ ਸਨ ਅਤੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ ਅਤੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ।


ਸ਼ੁਰੂਆਤੀ ਜੀਵਨ


ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਲਾ ਚਲਾਣਾ ਕਰ ਗਏ। ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਣੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਆਪ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਇਸਵੀ ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ।

ਆਪ ਜੀ ਨੇ ਪਿੰਡ ਤੁੰਗ ਦੇ ਜਿਮਮੀਦਾਰਾਂ ਤੋਂ 700 ਅਕਬਰੀ ਰੁਪਏ ਦੇਕੇ 500 ਵਿਘੇ ਜਮੀਨ ਲਈ। 1570 ਵਿੱਚ ਸੰਤੋਖਸਰ-ਖੁਦਵਾਈ ਅਰੰਭ ਕਰਵਾਈ,1574 ਵਿੱਚ ਅੰਮ੍ਰਿਤਸਰ ਦੀ ਨੀਂਹ ਰੱਖੀ ਅਤੇ 1577 ਵਿੱਚ ਸਰੋਵਰ ਦੀ ਅਰੰਭਤਾ ਕਰਵਾਈ।


ਸੁਭਾਅ ਅਤੇ ਪ੍ਰੀਖਿਆ


ਆਪ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਜਿਸਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵਲੋਂ ਲਈ ਪ੍ਰੀਖਿਆ ਵੇਲੇ ਮਿਲਦਾ ਹੈ।

ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਨਾਉਣ ਵਾਸਤੇ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮੇ ਅਤੇ ਛੋਟੇ ਜੇਠੇ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ ਤਾਕਿ ਸੰਗਤ ਥੜ੍ਹੇ ਉਤੇ ਬੈਠਿਆ ਕਰੇ। ਪਰ ਜਦੋ ਥੜ੍ਹੇ ਦੀ ਓਸਾਰੀ ਹੋਈ ਤੇ ਗੁਰੂ ਜੀ ਨੇ ਥੜ੍ਹੇ ਨੂੰ ਢਾ ਦਿਤਾ। ਰਾਮਾ ਜੀ ਨੇ ਤਾਂ ਗੁਰੂ ਜੀ ਵਲੋਂ ਥੜ੍ਹਾ ਢਾਉਣ ਤੇ ਗੁਸਾ ਮਨਾਇਆ ਪਰ ਜੇਠਾ ਜੀ ਨੇ ਦੋ ਵਾਰ ਥੜ੍ਹਾ ਡਾਏ ਜਾਣ ਤੇ ਵੀ ਬੜੀ ਨਿਮ੍ਰਤਾ ਨਾਲ ਆਖਿਆ “ਮੈਂ ਤਾਂ ਅਨਜਾਨ ਤੇ ਭੁਲਣਹਾਰ ਹਾਂ ਪਰ ਤੁਸੀਂ ਤਾਂ ਕ੍ਰਿਪਾਲੂ ਹੋ। ਬਾਰ ਬਾਰ ਭੁਲਾਂ ਬਖਸ਼ਦੇ ਹੋ”। ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ ਮੈਂ ਆਪ ਦਾ ਕਿਹਾ ਜਾਣ ਨਹੀਂ ਸਕਦਾ।

ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿਚੋਂ ਮਿਲਦਾ ਹੈ ਕਿ ਜੱਦ ਬਾਬਾ ਸ੍ਰੀ ਚੰਦ ਜੀ ਨੇ ਆਪ ਨੂੰ ਪੁੱਛਿਆ ਕਿ ਇਤਨਾ ਲੰਬਾ ਦਾੜ੍ਹਾ ਕਿਉਂ ਰਖਿਆ ਹੋਇਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਣ ਝਾੜਨ ਲਈ ਹੈ। ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾਂ ਪਹਿਲੇ ਹੀ ਬਹੁਤ ਸੁਣੀ ਸੀ ਹੁਣ ਪਰਤੱਖ ਵੇਖ ਲਈ ਹੈ।


ਅੰਤਿਮ ਸਮਾਂ


ਸ੍ਰੀ ਗੁਰੂ ਰਾਮ ਦਾਸ ਜੀ ਨੂੰ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਤੇ ਹਰ ਪ੍ਰਕਾਰ ਦੀ ਪ੍ਰੀਖਿਆ ਉਪੰਤ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ ਗੁਰਗੱਦੀ ਦੇਣ ਦਾ ਫ਼ੈਸਲਾ ਕਰ ਲਿਆ। ਇਹ ਪਤਾ ਲੱਗਣ 'ਤੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤ ਭਾਰੀ ਵਿਰੋਧ ਕੀਤਾ। ਪਿਤਾ ਗੁਰੂ ਜੀ ਦੇ ਸਮਝਾਉਣ 'ਤੇ ਵੀ ਉਹ ਨਾ ਰੁਕਿਆ। ਝਗੜਾ ਟਾਲਣ ਲਈ ਸ੍ਰੀ ਗੁਰੂ ਰਾਮ ਦਾਸ ਜੀ ਅੰਮ੍ਰਿਤਸਰੋਂ ਗੋਇੰਦਵਾਲ ਚਲੇ ਗਏ ਤੇ ਓਥੇ ਹੀ, ਇਕ ਸਤੰਬਰ ਸੰਨ 1581 ਨੂੰ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਉਪਰ ਸੁਸ਼ੋਭਤ ਕਰ ਕੇ ਆਪ ਜੀ ਜੋਤੀ ਜੋਤਿ ਸਮਾ ਗਏ।


ਰਚਨਾਵਾਂ


ਗੁਰੂ ਰਾਮਦਾਸ ਨੇ 30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ। ਆਪ ਨੇ 678 ਸ਼ਬਦਾ ਦੀ ਰਚਨਾ ਕੀਤੀ ਹੈ। ਆਪ ਨੇ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਵਾਰਾਂ ਦੀ ਰਚਨਾ ਕੀਤੀ ਹੈ-

  • ਸਿਰੀਰਾਗ ਕੀ ਵਾਰ (ਮਹੱਲਾ ਚੌਥਾ)
  • ਗਉੜੀ ਕੀ ਵਾਰ (ਮਹੱਲਾ ਚੌਥਾ)
  • ਬਿਹਰਾੜੇ ਕੀ ਵਾਰ
  • ਵਡਹੰਸ ਕੀ ਵਾਰ
  • ਸੋਰਠਿ ਕੀ ਵਾਰ
  • ਸਾਰੰਗ ਕੀ ਵਾਰ
  • ਬਿਲਾਵਲ ਕੀ ਵਾਰ
  • ਕਾਨੜੇ ਕੀ ਵਾਰ (15 ਪਉੜੀਆਂ)

Disclaimer Privacy Policy Contact us About us