ਅਵਤਾਰ ਧਾਰਿਆ


ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਵਦੀ ਪੰਚਵੀਂ ਸੰਮਤ 1678 ਮੁਤਾਬਕ ਪਹਿਲੀ ਅਪ੍ਰੈਲ, 1621 ਨੂੰ ਮਾਤਾ ਨਾਨਕੀ ਜੀ ਦੀ ਪਵਿੱਤਰ ਕੁਖੋਂ ਗੁਰੂ ਕੇ ਮਹਿਲ, ਅੰਮ੍ਰਿਤਸਰ ਵਿਖੇ ਹੋਇਆ।

ਆਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਆਪ ਜੀ ਦੇ ਚਾਰ ਵੱਡੇ ਭਰਾ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ ਅਤੇ ਇਕ ਵੱਡੀ ਭੈਣ ਬੀਬੀ ਵੀਰੋ ਜੀ ਸਨ।

ਆਪ ਜੀ ਦੇ ਅਵਤਾਰ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਹਰਿਮੰਦਰ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ।

ਕੀਰਤਨ ਦੀ ਸਮਾਪਤੀ ਤੋਂ ਬਾਅਦ ਜਦ ਆਪ ਜੀ ਨੂੰ ਬਾਲਕ ਦੇ ਜਨਮ ਬਾਰੇ ਸੂਚਨਾ ਦਿੱਤੀ ਗਈ ਤਾਂ ਆਪ ਜੀ ਤੁਰੰਤ ਗੁਰੂ ਕੇ ਮਹਿਲ ਪਹੁੰਚੇ।

ਇਤਿਹਾਸਕਾਰ ਲਿਖਦੇ ਹਨ ਕਿ ਜਦ ਛੇਵੇਂ ਪਾਤਸ਼ਾਹ ਨੇ ਨਵੇ ਜੰਮੇ ਬਾਲਕ ਦੇ ਦਰਸ਼ਨ ਕੀਤੇ ਤਾਂ ਆਪ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ।

ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ ਕਿ ਉਸ ਸਮੇਂ ਆਪ ਨਾਲ ਹੋਰ ਵੀ ਸੰਗਤ ਸੀ। ਉਨ੍ਹਾਂ ਸਿੱਖ ਸੇਵਕਾਂ ਵਿਚ ਉਨ੍ਹਾਂ ਦਾ ਪਿਆਰਾ ਗੁਰਸਿੱਖ ਬਿਧੀ ਚੰਦ ਵੀ ਸੀ।

ਬਿਧੀ ਚੰਧ ਹੈਰਾਨ ਹੋਇਆ ਕਿ ਗੁਰੂ ਸਾਹਿਬ ਨੇ ਤਾਂ ਕਿਸੇ ਅੱਗੇ ਸਿਰ ਨਹੀਂ ਝੁਕਾਇਆ, ਪਰ ਉਨ੍ਹਾਂ ਇਸ ਬਾਲਕ ਨੂੰ ਸਿਰ ਝੁਕਾ ਕੇ ਬੰਦਨਾ ਕੀਤੀ ਹੈ।

ਇਸ ਲਈ ਉਹ ਪੁਛਣ ਤੋਂ ਨਾ ਰਹਿ ਸਕਿਆ ਅਤੇ ਗੁਰੂ ਜੀ ਅੱਗੇ ਹੱਥ ਜੋੜ ਕੇ ਕਹਿਣ ਲੱਗਾ, 'ਮੀਰੀ ਪੀਰੀ ਦਾ ਮਾਲਕ! ਸੱਚੇ ਪਾਤਸ਼ਾਹ! ਇਹ ਕੀ ਕਾਰਨ ਹੈ ਕਿ ਆਪ ਜੀ ਨੇ ਇਸ ਬਾਲਕ ਨੂੰ ਨਮਸਕਾਰ ਕੀਤੀ ਹੈ?'

ਤਦ ਗੁਰੂ ਹਰਿਗੋਬਿੰਦ ਸਾਹਿਬ ਜੀ ਕਹਿਣ ਲੱਗੇ, 'ਬਿਧੀ ਚੰਦ! ਇਹ ਬਾਲਕ ਵੱਡਾ ਹੋ ਕੇ ਦੀਨਾਂ ਦੀ ਰਖਿਆ ਕਰੇਗਾ ਅਤੇ ਲੋਕਾਈ ਦੇ ਦੁੱਖਾਂ ਨੂੰ ਦੂਰ ਕਰੇਗਾ। ਇਹ ਨਿਰਭੈ ਬਾਲਕ ਜ਼ਾਲਮ ਤੁਰਕਾਂ ਦੀ ਜੜ੍ਹ ਵੀ ਉਖਾੜੇਗਾ'।

ਬਾਲਕ ਦੀ ਇਸ ਅਨੋਖੀ ਸ਼ਕਤੀ ਨੂੰ ਮੁੱਖ ਰੱਖ ਕੇ ਆਪ ਜੀ ਨੇ ਬਾਲਕ ਦਾ ਨਾਂ ਵੀ ‘ਤੇਗ ਬਹਾਦਰ' ਰਖਿਆ। ਗੁਰੂ ਜੀ ਆਪਣੇ ਸਾਰੇ ਪੁੱਤਰਾਂ ਨਾਲੋਂ ਤੇਗ ਬਹਾਦਰ ਜੀ ਨੂੰ ਜ਼ਿਆਦਾ ਪਿਆਰ ਕਰਦੇ ਸਨ। ਉਹ ਉਨ੍ਹਾਂ ਨੂੰ ਖਿਡਾਉਣ ਵਿਚ ਬੜੀ ਖੁਸ਼ੀ ਅਨੁਭਵ ਕਰਦੇ ਸਨ।

ਪੰਘੂੜੇ ਵਿਚ ਲੇਟੇ ਬਾਲਕ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਸਨ ਅਤੇ ਆਪਣੇ ਪਵਿੱਤਰ ਹੱਥਾਂ ਨਾਲ ਪੰਘੂੜੇ ਨੂੰ ਹਿਲਾਉਂਦੇ ਸਨ।

ਬਾਲਕ ਸ੍ਰੀ ਤੇਗ ਬਹਾਦਰ ਬਹੁਤ ਘੱਟ ਰੋਂਦੇ ਸਨ। ਉਨ੍ਹਾਂ ਦਾ ਚਿਹਰਾ ਹਰ ਵੇਲੇ ਗੁਲਾਬ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਸੀ।

ਮਾਤਾ ਨਾਨਕੀ ਜੀ ਵੀ ਬਾਲਕ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਬੱਚੇ ਦੀ ਸੇਵਾ ਸੰਭਾਲ ਦਾ ਕਾਰਜ ਖੁਦ ਨਿਭਾਉਂਦੇ ਸਨ। ਸ੍ਰੀ ਤੇਗ ਬਹਾਦਰ ਜੀ ਦੇ ਵਿਅਕਤੀਤਵ ਨੂੰ ਨਿਖਾਰਨ ਅਤੇ ਸਵਾਰਨ ਵਿਚ ਆਪ ਜੀ ਦਾ ਸਭ ਤੋਂ ਵੱਧ ਯੋਗਦਾਨ ਸੀ।

ਮਾਤਾ ਨਾਨਕੀ ਜੀ ਆਪ ਵੀ ਬੜੇ ਮਿੱਠ ਬੋਲੜੇ, ਸੁੰਦਰ, ਸੁਸ਼ੀਲ ਅਤੇ ਸਦਾ ਪ੍ਰਸੰਨ ਰਹਿਣ ਵਾਲੇ ਸਨ।

(ਗੁਰੂ) ਤੇਗ ਬਹਾਦਰ ਜੀ ਦੀ ਵੱਡੀ ਭੈਣ ਅਤੇ ਭਰਾ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ। ਬੀਬੀ ਵੀਰੋ ਜੀ ਵੀ ਸਦਾ ਲਾਡ ਲਡਾਉਂਦੀ ਰਹਿੰਦੀ।

ਬਾਲਕ ਸ੍ਰੀ ਤੇਗ ਬਹਾਦਰ ਜੀ ਵੀ ਛੋਟੀ ਉਮਰ ਵਿਚ ਹੀ ਸਮਾਧੀ ਵਿਚ ਲੀਨ ਹੋ ਜਾਂਦੇ ਸਨ। ਉਨ੍ਹਾਂ ਨੂੰ ਖਾਣਾ ਪੀਣਾ ਵੀ ਭੁੱਲ ਜਾਂਦਾ।

ਇਹ ਵੇਖ ਕੇ ਮਾਤਾ ਨਾਨਕੀ ਜੀ ਅਤੇ ਵੱਡੇ ਭੈਣ ਭਰਾ ਵੀ ਫ਼ਿਕਰਮੰਦ ਹੋ ਜਾਂਦੇ, ਪਰ ਗੁਰੂ ਹਰਿਗੋਬਿੰਦ ਸਾਹਿਬ ਉਨ੍ਹਾਂ ਨੂੰ ਸਮਝਾਉਂਦੇ ਕਿ ਇਹ ਬਾਲਕ ਜਨਮ ਤੋਂ ਹੀ ਅੰਤਰ ਧਿਆਨ ਆਏ ਹਨ। ਇਨ੍ਹਾਂ ਦੀ ਪ੍ਰਭੂ ਨਾਲ ਬਿਰਤੀ ਲੱਗ ਜਾਂਦੀ ਹੈ। ਇਸ ਲਈ ਇਹ ਖਾਣਾ ਪੀਣਾ ਵਿਸਰ ਜਾਂਦੇ ਹਨ।

Disclaimer Privacy Policy Contact us About us