ਧੀਰ ਮੱਲ ਦੀ ਈਰਖਾ


ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰ-ਗੱਦੀ ਪੁਰ ਬਿਰਾਜੇ। ਸੰਗਤਾਂ ਦੀ ਭਟਕਣਾ ਖ਼ਤਮ ਹੋਈ। ਉਨ੍ਹਾਂ ਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ।

ਗੁਰਸਿਖ ਦੰਭੀ ਗੁਰੂਆਂ ਦੇ ਭਰਮ ਜਾਲ ਵਿਚੋਂ ਨਿਕਲ ਗਏ। ਉਨ੍ਹਾਂ ਨੇ ਸਭ ਪਾਸਿਆਂ ਵਲੋਂ ਧਿਆਨ ਹਟਾ ਲਿਆ ਤੇ ਗੁਰੂ ਜੀ ਦੀ ਚਰਨੀਂ ਲੱਗੇ।

ਗੁਰੂ ਜੀ ਦੀ ਮਾਣਤਾ ਉਸੇ ਪਹਿਲੇ ਸਿਖਰ ਤੇ ਪਹੁੰਚ ਗਈ। ਸੰਗਤਾਂ ਦੂਰ ਦੂਰ ਤੋਂ ਦਰਸ਼ਨਾਂ ਲਈ ਪੁੱਜਣ ਲੱਗੀਆਂ। ਕਾਰ ਭੇਟਾ ਤੇ ਨਜ਼ਰਾਨਿਆਂ ਦੀ ਚੜ੍ਹਤ ਦਾ ਕੋਈ ਅੰਤ ਸ਼ੁਮਾਰ ਨਾ ਰਿਹਾ।

ਇਹ ਸੜ ਵੇਖ ਕੇ ਗੁਰੂ ਘਰ ਦਾ ਵੱਡਾ ਦੋਖੀ ਧੀਰ ਮੱਲ ਈਰਖਾ ਨਾਲ ਸੜ ਬਲ ਉੱਠਿਆ। ਉਹ ਸਮਝੀ ਬੈਠਾ ਸੀ ਕਿ ਗੁਰੂ ਤੇਗ ਬਹਾਦਰ ਸੰਸਾਰ ਵਲੋਂ ਵਿਰਕਤ ਹਨ ਤੇ ਸਮਾਧੀਆਂ ਵਿਚ ਗੁਆਚੇ ਰਹਿੰਦੇ ਹਨ।

ਮੰਜਿਆਂ ਵਾਲੇ ਗੁਰੂਆਂ ਵਿਚੋਂ ਮੈਂ ਹੀ ਸਭ ਤੋਂ ਵੱਡਾ ਹਾਂ। ਹੁਣ ਗੁਰ-ਗੱਦੀ ਤੇ ਮੇਰਾ ਦਾਅ ਲਗ ਜਾਵੇਗਾ। ਪਰ ਗੁਰੂ ਤੇਗ ਬਹਾਦਰ ਜੀ ਅਕਾਲ ਪੁਰਖ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤੇ ਨਾਜ਼ਕ ਸਮਿਆਂ ਵਿਚ ਗੁਰਸਿਖਾਂ ਦੀ ਅਗਵਾਈ ਸੰਭਾਲਣ ਵਾਸਤੇ ਇਕਾਂਤ ਵਿਚੋਂ ਨਿਕਲ ਆਏ।

ਇਸ ਨਾਲ ਧੀਰ ਮਲ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ। ਉਸ ਨੂੰ ਆਪਣੀ ਸੁਆਰਥ ਸਿੱਧੀ ਦਾ ਹੁਣ ਇਕੋ ਢੰਗ ਨਜ਼ਰ ਆਂਦਾ ਸੀ ਕਿ ਕਿਸੇ ਤਰ੍ਹਾਂ ਗੁਰੂ ਜੀ ਦੇ ਜੀਵਨ ਦਾ ਅੰਤ ਕਰ ਦਿੱਤਾ ਜਾਵੇ।

ਗੁਰੂ ਨਾ ਰਹਿਣਗੇ ਤਾਂ ਗੁਰਗੱਦੀ ਤੇ ਕਬਜ਼ਾ ਜਮਾਉਣਾ ਸੌਖਾ ਹੋ ਜਾਵੇਗਾ।

ਉਸਨੇ ਆਪਣੇ ਮਸੰਦਾਂ ਤੇ ਚੇਲੇ ਚਾਂਵਿਆਂ ਨਾਲ ਸਲਾਹ ਕੀਤੀ। ਇਕ ਦੈਂਤ ਸਿਫ਼ਤ ਮਸੰਦ ਸ਼ੀਹੇ ਨੇ ਇਹ ਕਾਰਾ ਕਰ ਵਿਖਾਉਣ ਦੀ ਜ਼ਿੰਮੇਵਾਰੀ ਲੈ ਲਈ। ਧੀਰਮਲ ਨੇ ਉਸ ਨੂੰ ਭਾਰੀ ਇਨਾਮ ਦੇਣ ਦਾ ਇਕਰਾਰ ਕੀਤਾ।

ਸ਼ੀਹੇ ਨੇ ਵੀਹ ਦੇ ਕਰਬ ਬੰਦੇ ਇਕੱਠੇ ਕੀਤੇ ਤੇ ਇਕ ਦਿਨ ਮੌਕਾ ਵੇਖ ਕੇ ਗੁਰੂ ਜੀ ਉਪਰ ਜਾ ਪਿਆ। ਉਸ ਨੇ ਹੱਥ ਵਿਚ ਬੰਦੂਕ ਫੜੀ ਹੋਈ ਸੀ। ਨਿਸ਼ਾਨਾ ਸੇਧ ਕੇ ਗੁਰੂ ਜੀ ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਗੁਰੂ ਜੀ ਘਾਇਲ ਹੋ ਗਏ।

ਵੱਡਾ ਸਾਰਾ ਜਖ਼ਮ ਹੋ ਗਿਆ ਪਰ ਆਪ ਸ਼ਾਂਤ ਤੇ ਅਡੋਲ ਬੈਠੇ ਰਹੇ। ਧੀਰਮਲ ਤੇ ਉਸ ਦੇ ਬੰਦਿਆਂ ਨੇ ਗੁਰੂ ਘਰ ਦਾ ਸਾਰਾ ਸਾਮਾਨ ਲੁੱਟ ਲਿਆ। ਗੁਰੂ ਜੀ ਫਿਰ ਵੀ ਬੇਵਾਸਤਾ ਰਹੇ ਕਿਉਂ ਜੋ ਉਨ੍ਹਾਂ ਦਾ ਕਿਸੇ ਸੰਸਾਰਕ ਪਦਾਰਥ ਨਾਲ ਮੋਹ ਨਹੀਂ ਸੀ।

ਧੀਰਮਲ ਦੀ ਇਸ ਨੀਚ ਹਰਕਤ ਦੀ ਜਦੋਂ ਮੱਖਣ ਸ਼ਾਹ ਤੇ ਦੂਜੇ ਸਿੱਖਾਂ ਨੂੰ ਖ਼ਬਰ ਲੱਗੀ ਤਾਂ ਉਹ ਬੜੇ ਤੈਸ਼ ਵਿਚ ਆਏ। ਉਨ੍ਹਾਂ ਨੇ ਧੀਰਮਲ ਤੇ ਉਸ ਦੇ ਬੰਦਿਆਂ ਨੂੰ ਜਾ ਘੇਰਿਆ। ਬੰਦਿਆਂ ਨੂੰ ਤਾਂ ਉਨ੍ਹਾਂ ਨੇ ਵਾਹਵਾ ਸੋਧਿਆ ਤੇ ਸ਼ੀਹੇ ਮਸੰਦ ਦੀਆਂ ਮੁਸ਼ਕਾਂ ਬੰਨ੍ਹ ਕੇ ਅੱਗੇ ਲਾ ਲਿਆ।

ਉਨ੍ਹਾਂ ਨੇ ਧੀਰ ਮਲ ਪਾਸੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਾਰਾ ਮਾਲ ਅਸਬਾਬ ਕਢਵਾ ਲਿਆ। ਏਨਾ ਹੀ ਨਹੀਂ, ਉਨ੍ਹਾਂ ਨੇ ਧੀਰਮਲ ਦਾ ਵੀ ਸਾਰਾ ਮਾਲ ਮੱਤਾ ਖੋਹ ਲਿਆ। ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਿਆਰ ਕਰਵਾਈ ਸ੍ਰੀ (ਗੁਰੂ) ਗ੍ਰੰਥ ਸਾਹਿਬ ਦੀ ਬੀੜ ਵੀ ਚੁਕ ਲਿਆਂਦੀ।

ਬੰਦੀ ਬਣਾਏ ਸ਼ੀਂਹੇ ਮਸੰਦ ਨੂੰ ਗੁਰੂ ਜੀ ਦੇ ਸਾਹਮਣੇ ਹਾਜ਼ਰ ਕੀਤਾ ਗਿਆ। ਸ਼ੀਂਹਾ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਹੱਥ ਜੋੜ ਕੇ ਬੜੀ ਅਧੀਨਗੀ ਨਾਲ ਆਪਣੇ ਕੀਤੇ ਦੀ ਮੁਆਫ਼ੀ ਮੰਗਣ ਲੱਗਾ।

ਦਇਆ ਦੇ ਸਾਗਰ ਗੁਰੂ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ ਤੇ ਨੇਕੀ ਉੱਤੇ ਚੱਲਣ ਦਾ ਉਪਦੇਸ਼ ਦੇ ਕੇ ਤੋਰ ਦਿੱਤਾ ਤੇ ਆਪ ਨੇ ਇਹ ਵੀ ਆਦੇਸ਼ ਦਿਤਾ ਕਿ ਸਿੱਖ ਧੀਰਮਲ ਦਾ ਸਾਰਾ ਮਾਲ ਮੱਤਾ ਵਾਪਸ ਕਰ ਦੇਣ।

Disclaimer Privacy Policy Contact us About us