ਕੀਰਤਪੁਰ ਦੇ ਸੋਢੀਆਂ ਈਰਖਾ ਕਰਨੀ


ਬਿਆਸ ਪਾਰ ਕਰਕੇ ਗੁਰੂ ਜੀ ਕੀਰਤਪੁਰ ਵਲ ਚਲੇ। ਰਸਤੇ ਵਿਚ ਹਜ਼ਾਰਾ, ਦੁਰਗਾਪੁਰ, ਨਵਾਂ ਸ਼ਹਿਰ ਆਦਿ ਨਗਰਾਂ ਤੇ ਗਿਰਾਵਾਂ ਵਿਚ ਪੜਾਅ ਕਰਦੇ ਤੇ ਜੀਵਾਂ ਨੂੰ ਨਾਮ ਦਾਨ ਦੇ ਕੇ ਉਨ੍ਹਾਂ ਦਾ ਉਧਾਰ ਕਰਦੇ ਹੋਏ ਉਥੇ ਪੁਜੇ।

ਪਰ ਕੀਰਤਪੁਰ ਵੀ ਆਪ ਨੂੰ ਉਹ ਅਮਨ ਤੇ ਸ਼ਾਂਤੀ ਪ੍ਰਾਪਤ ਨਾ ਹੋਈ ਜਿਸ ਦੇ ਆਪ ਚਾਹਵਾਨ ਸਨ ਅਤੇ ਜਿਸ ਦੀ ਖ਼ਾਤਰ ਆਪ ਬਾਬਾ ਬਕਾਲਾ ਤੋਂ ਚਲ ਕੇ ਇਥੇ ਆਏ ਸਨ।

ਕੀਰਤਪੁਰ ਦੇ ਸੋਢੀ ਤੇ ਧੀਰਮਲ ਦੇ ਬੰਦੇ ਆਪ ਦੇ ਆਉਣ ਤੋਂ ਬੜੇ ਔਖੇ ਹੋਏ ਕਿਉਂ ਜੋ ਉਨ੍ਹਾਂ ਦੀਆਂ ਧਰਮ ਦੇ ਵੱਖਰ ਦੀਆਂ ਸਜਾਈਆਂ ਦੁਕਾਨਾਂ ਬੇਰੌਣਕ ਹੋਣ ਲਗੀਆਂ ਸਨ।

ਉਨ੍ਹਾਂ ਨੇ ਕਈ ਜਤਨਾਂ ਨਾਲ ਨਗਰ ਨੂੰ ਉਜਾੜਨ ਦੇ ਉਪਰਾਲੇ ਕੀਤੇ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਆਈ। ਦੂਜੇ ਪਾਸੇ ਧੀਰਮਲ ਤੇ ਰਾਮਰਾਇ ਅਜੇ ਵੀ ਦਿੱਲੀ ਦੇ ਗੇੜੇ ਲਾਉਣ ਵਿਚ ਲਗੇ ਹੋਏ ਸਨ ਕਿ ਕਿਸੇ ਤਰ੍ਹਾਂ ਔਰੰਗਜ਼ੇਬ ਨੂੰ ਗੁਰੂ ਜੀ ਦੇ ਵਿਰੁੱਧ ਭੜਕਾ ਕੇ ਗੁਰਗੱਦੀ ਪ੍ਰਾਪਤ ਕਰਨ ਲਈ ਸਹਾਇਤਾ ਲੈ ਸਕਣ।

ਦਿੱਲੀ ਦੀਆਂ ਸੰਗਤਾਂ ਇਨ੍ਹਾਂ ਦੋਖੀਆਂ ਦੀਆਂ ਕਰਤੂਤਾਂ ਤੋਂ ਗੁਰੂ ਜੀ ਨੂੰ ਜਾਣੂ ਕਰਾਉਂਦੀਆਂ ਪਰ ਸ਼ਾਂਤੀ ਤੇ ਤਿਆਗ ਦੇ ਪੁੰਜ ਗੁਰੂ ਜੀ ਉਨ੍ਹਾਂ ਨੂੰ ਵਾਹਿਗੁਰੂ ਤੇ ਭਰੋਸਾ ਰਖਣ ਦਾ ਉਪਦੇਸ਼ ਦਿੰਦੇ।

Disclaimer Privacy Policy Contact us About us