ਆਨੰਦਪੁਰ ਸਾਹਿਬ ਦੀ ਰਚਨਾ


ਗੁਰੂ ਤੇਗ ਬਹਾਦਰ ਜੀ ਅਤੀ ਕੋਮਲ ਚਿਤ ਤੇ ਤਿਆਗ ਦੀ ਮੂਰਤ ਸਨ। ਆਪ ਕਿਸੇ ਨੂੰ ਦੁਖੀ ਕਰਨਾ ਨਹੀਂ ਸਨ ਚਾਹੁੰਦੇ।

ਇਸ ਲਈ ਆਪ ਨੇ ਆਪਣੇ ਵਾਸਤੇ ਕੋਈ ਹੋਰ ਟਿਕਾਣਾ ਬਣਾਉਣ ਦਾ ਵਿਚਾਰ ਕੀਤਾ ਜਿਸ ਨਾਲ ਆਪ ਸਭ ਪ੍ਰਕਾਰ ਦੇ ਝਗੜਿਆਂ ਬਖੇੜਿਆਂ ਤੋਂ ਦੂਰ ਰਹਿ ਸਕਣ।

ਆਪ ਨੇ ਕਹਿਲੂਰ ਦੇ ਰਾਜੇ ਪਾਸੋਂ ਪਿੰਡ ਮਾਖੋਵਾਲ ਦੀ ਭੋਂ ਖ਼ਰੀਦੀ ਜੋ ਕੀਰਤਪੁਰ ਤੋਂ ਪੰਜ ਮੀਲ ਦੇ ਕਰੀਬ ਉੱਤਰ ਪੱਛਮ ਵੰਨੇ ਸਥਿਤ ਸੀ।

ਇਥੇ ਆਪ ਨੇ ਸਾਵਣ ਸੰਮਤ 1723 ਵਿਚ ਦਰਿਆ ਸਤਲੁਜ ਦੇ ਕੰਢੇ ਦੇ ਕੋਲ ਕਰਕੇ ਨੈਣਾ ਦੇਵੀ ਪਰਬਤ ਦੇ ਉਰਲੇ ਪਾਸੇ ਇਕ ਨਵਾਂ ਨਗਰ ਵਸਾਇਆ ਜਿਸ ਦਾ ਨਾਂ ਆਪ ਨੇ ਆਨੰਦਪੁਰ ਰਖਿਆ।

ਆਨੰਦਪੁਰ ਦੀ ਸਥਿਤੀ ਬੜੀ ਹੀ ਢੁੱਕਵੀ ਸੀ। ਦਰਿਆ ਦਾ ਪਤਨ ਨੇੜੇ ਸੀ ਜਿਥੋਂ ਲੋਕਾਂ ਦੀ ਆਰ ਪਾਰ ਆਵਾਜਾਈ ਬੜੀ ਰਹਿੰਦੀ ਸੀ।

ਇਥੋਂ ਪਹਾੜੀ ਇਲਾਕਾ ਸ਼ੁਰੂ ਹੁੰਦਾ ਸੀ ਤੇ ਪਹਾੜ ਵਲ ਜਾਣ ਦੇ ਕਈ ਰਸਤੇ ਡੰਡੀਆਂ ਨਿਕਲਦੀਆਂ ਸਨ।

ਆਨੰਦਪੁਰ ਆਉਂਦੇ ਜਾਂਦੇ ਲੋਕਾਂ ਦੇ ਟਿਕਣ ਅਤੇ ਸੌਦਾ ਵਸਤ ਖ਼ਰੀਦਣ ਦਾ ਚੰਗਾ ਕੇਂਦਰ ਬਣ ਗਿਆ ਤੇ ਦਿਨਾਂ ਵਿਚ ਹੀ ਇਥੇ ਬੜੀ ਰੌਣਕ ਹੋ ਗਈ।

ਪਹਾੜੀ ਸਥਾਨ ਹੋਣ ਕਰਕੇ ਇਕ ਤਾਂ ਆਲਾ ਦੁਆਲਾ ਬੜਾ ਰਮਣੀਕ ਸੀ। ਦੂਜੇ ਮੈਦਾਨੀ ਇਲਾਕੇ ਤੋਂ ਦੂਰ ਹੋਣ ਕਰਕੇ ਇਥੇ ਬੜੀ ਸ਼ਾਂਤੀ ਤੇ ਨਿਵੇਕਲਪਨ ਸੀ।

ਫਿਰ ਗੁਰੂ ਜੀ ਇਥੇ ਬਿਰਾਜ ਰਹੇ ਸਨ। ਇਨ੍ਹਾਂ ਸਭਨਾਂ ਗੱਲਾਂ ਕਰਕੇ ਦੂਰ ਦੂਰ ਤੋਂ ਸਿੱਖ ਸੰਗਤਾਂ ਇਥੇ ਆ ਕੇ ਵਸਣ ਲਗੀਆਂ।

ਇਸ ਪ੍ਰਕਾਰ ਆਨੰਦਪੁਰ ਸਾਹਿਬ ਬੜਾ ਉੱਘਾ ਹੋ ਗਿਆ।

Disclaimer Privacy Policy Contact us About us