ਮਾਲਵੇ ਦੇਸ਼ ਰਟਨ


ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਵੇਂ ਅਤਿਅੰਤ ਜਤਨ ਕੀਤੇ ਕਿ ਸਭ ਤਰ੍ਹਾਂ ਦੇ ਝਗੜਿਆਂ ਬਖੇੜਿਆਂ ਤੋਂ ਦੂਰ ਅਮਨ ਸ਼ਾਂਤੀ ਨਾਲ ਰਹਿਣ।

ਇਸੇ ਮਨੋਰਥ ਨਾਲ ਆਪ ਨੇ ਬਕਾਲਾ, ਕਰਤਾਰਪੁਰ ਤੇ ਕੀਰਤਪੁਰ ਛੱਡ ਕੇ ਅਨੰਦਪੁਰ ਦਾ ਨਿਵੇਕਲਾ ਨਗਰ ਵਸਾਇਆ ਪਰ ਧੀਰ ਮਲੀਏ ਤੇ ਰਾਮ ਰਾਈਏ ਕੋਈ ਨਾ ਕੋਈ ਛੇੜਖਾਨੀ ਕਰਦੇ ਹੀ ਰਹਿੰਦੇ ਸਨ।

ਇਸ ਨਾਲ ਸੰਗਤਾਂ ਵਿਚ ਬੇਚੌਨੀ ਪੈਦਾ ਹੁੰਦੀ। ਪਰ ਗੁਰੂ ਜੀ ਉਨ੍ਹਾਂ ਨੂੰ ਆਪਣੇ ਕੋਮਲ ਬਚਨਾਂ ਨਾਲ ਸ਼ਾਂਤ ਕਰਦੇ।

ਕੁਝ ਸਮੇਂ ਬਾਅਦ ਗੁਰੂ ਜੀ ਨੇ ਧਰਮ ਪ੍ਰਚਾਰ ਹਿਤ ਦੇਸ਼ ਦਾ ਰਟਨ ਕਰਨ ਦਾ ਨਿਸਚਾ ਕੀਤਾ। ਪਹਿਲੇ ਆਪ ਨੇ ਮਾਲਵਾ ਦੇਸ਼ ਵਲ ਜਾਣ ਦਾ ਵਿਚਾਰ ਬਣਾਇਆ।

ਦੂਰ ਦੇ ਸਥਾਨਾਂ ਉੱਤੇ ਅੱਗੇ ਜੋ ਸਿੱਖੀ ਦੇ ਕੇਂਦਰ ਸਨ। ਉਨ੍ਹਾਂ ਦੀ ਸਾਰ ਲੈਣ ਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦੀ ਲੋੜ ਸੀ।

ਬਹੁਤ ਸਾਰੇ ਇਲਾਕਿਆਂ ਵਿਚ ਸਿੱਖੀ ਦੇ ਪ੍ਰਚਾਰ ਦਾ ਬੜਾ ਕੰਮ ਕਰਨਾ ਬਾਕੀ ਸੀ। ਇਸ ਸਮੇਂ ਮੁਗ਼ਲ ਹੁਕੂਮਤ ਦੇ ਹਿੰਦੂਆਂ ਉੱਤੇ ਅਤਿਆਚਾਰ ਵੱਧਦੇ ਜਾਂਦੇ ਸਨ ਤੇ ਲੋਕ ਘਬਰਾਏ ਤੇ ਡਰੇ ਹੋਏ ਸਨ।

ਗੁਰੂ ਜੀ ਇਨ੍ਹਾਂ ਸਹਿਮੇ ਹੋਏ ਤੇ ਭੈਭੀਤ ਲੋਕਾਂ ਵਿਚ ਹੌਸਲਾਂ ਤੇ ਹਿੰਮਤ ਪੈਦਾ ਕਰਨਾ ਚਾਹੁੰਦੇ ਸਨ ਤਾਂ ਜੋ ਇਹ ਜ਼ੁਲਮ ਦੇ ਟਾਕਰੇ ਲਈ ਤਿਆਰ ਹੋਣ।

ਇਹਨਾਂ ਸਾਰੇ ਉਦੇਸ਼ਾਂ ਨੂੰ ਸਾਹਮਣੇ ਰਖ ਕੇ ਆਪ ਨੇ ਮਾਲਵਾ ਦੇਸ਼ ਦਾ ਰਟਨ ਸ਼ੁਰੂ ਕੀਤਾ। ਆਪ ਦੇ ਮਰਰੋਂ ਧੀਰਮਲਈਏਂ ਕੋਈ ਸ਼ਰਾਰਤ ਬਖੇੜਾ ਨਾ ਕਰਨ, ਇਸ ਵਿਚਾਰ ਨਾਲ ਆਪ ਨੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਲਿਆ। ਕੁਝ ਮੁਖੀ ਸਿੱਖ ਵੀ ਆਪ ਦੇ ਨਾਲ ਸਨ।

ਆਨੰਦਪੁਰ ਤੋਂ ਆਪ 15 ਮਘਰ ਸੰਮਤ 1723 ਨੂੰ ਰਵਾਨਾ ਹੋਏ। ਪਹਿਲੇ ਆਪ ਕੀਰਤਪੁਰ ਅਤੇ ਉਥੋਂ ਅਗਾਂਹ ਮਾਲਵੇ ਦੇਸ਼ ਵਿਚ ਦਾਖ਼ਲ ਹੋਏ। ਜਗ੍ਹਾ ਜਗ੍ਹਾ ਠਹਿਰਦੇ ਅਤੇ ਸੰਗਤਾਂ ਨੂੰ ਸਿਖੀ ਦੀ ਦਾਤ ਬਖ਼ਸ਼ਦੇ ਆਪ ਮੂਲੋਵਾਲ ਪਹੁੰਚੇ।

ਮੂਲੋਵਾਲ ਵਿਖੇ ਮਿੱਠੇ ਪਾਣੀ ਦਾ ਕੋਈ ਖੂਹ ਨਹੀਂ ਸੀ ਜਿਸ ਕਰਕੇ ਲੋਕਾਂ ਨੂੰ ਖਾਰਾ ਪਾਣੀ ਪੀਣਾ ਪੈਂਦਾ ਸੀ ਤੇ ਇਸ ਗੱਲੋਂ ਉਹ ਬੜੇ ਦੁਖੀ ਸਨ।

ਉਨ੍ਹਾਂ ਦੇ ਬੇਨਤੀ ਕਰਨ ਤੇ ਗੁਰੂ ਸਾਹਿਬ ਨੇ ਬੰਦ ਕੀਤੇ ਹੋਏ ਤੇ ਤਿਆਗੇ ਹੋਏ ਇਕ ਖੂਹ ਨੂੰ ਚਾਲੂ ਕਰਨ ਦਾ ਹੁਕਮ ਕੀਤਾ। ਆਪ ਦਾ ਸਵੱਲੀ ਨਜ਼ਰ ਕਰਕੇ ਖੂਹ ਦਾ ਪਾਣੀ ਅੱਤ ਦਾ ਮਿੱਠਾ ਹੋ ਗਿਆ।

ਲੋਕ ਬੜੇ ਪ੍ਰਸੰਨ ਹੋਏ। ਉਨ੍ਹਾਂ ਲਈ ਇਹ ਬੜੀ ਵੱਡੀ ਦਾਤ ਸੀ। ਮਾਲਵੇ ਦੀ ਧਰਤੀ ਤੇ ਗੁਰੂ ਜੀ ਨੇ ਨੌ ਹੋਰ ਮਿੱਠੇ ਪਾਣੀ ਦੇ ਖੂਹ ਲਗਵਾਏ। ਉਸ ਖੂਹ ਨੂੰ ਅਜ ਤਕ ‘ਗੁਰੂ ਕਾ ਖੂਹ' ਕਿਹਾ ਜਾਂਦਾ ਹੈ।

Disclaimer Privacy Policy Contact us About us