ਦੇਸੂ ਪੀਰ ਦਾ ਗੁਰੂ ਜੀ ਦੀ ਚਰਨੀ ਆਉਣਾ


ਕੁਝ ਦਿਨ ਮੂਲੋਵਾਲ ਠਹਿਰ ਕੇ ਗੁਰੂ ਜੀ ਅਗਾਂਹ ਚਲੇ ਅਤੇ ਹੰਢਿਆਏ, ਮੋਹੀਵਾਲ, ਜੋਗਾ, ਅਲੀਸ਼ੇਰ, ਭੂਪਾਲੀ ਤੇ ਖੀਵਾ ਆਦਿ ਸਥਾਨਾਂ ਤੋਂ ਹੁੰਦੇ ਹੋਏ ਭਿੱਖੀ ਪਹੁੰਚੇ।

ਭਿੱਖੀ ਵਿਖੇ ਦੇਸੂ ਨਾਂ ਦਾ ਇਕ ਭਗਤ ਰਹਿੰਦਾ ਸੀ ਜਿਹੜਾ ਮੁਸਲਮਾਨ ਪੀਰ ਸਖ਼ੀ ਦਾ ਮੁਰੀਦ ਸੀ।

ਗੁਰੂ ਜੀ ਦੇ ਆਵੰਦ ਸੁਣ ਕੇ ਉਹ ਭੇਟਾ ਲੈ ਕੇ ਹਾਜ਼ਰ ਹੋਇਆ। ਉਸ ਨੇ ਆਪਣੇ ਗਲ ਵਿਚ ਖੂੰਡੀ ਪਾਈ ਹੋਈ ਸੀ। ਗੁਰੂ ਜੀ ਨੇ ਉਸ ਤੋਂ ਪੁਛਿਆ, 'ਇਹ ਕੀ ਹੈ?'

ਦੇਸੂ ਹੱਥ ਜੋੜ ਕੇ ਬੋਲਿਆ, 'ਜੀ ਮੈਂ ਸੁਲਤਾਨੀ ਹਾਂ ਅਤੇ ਪੀਰ ਸਖ਼ੀ ਸਰਵਰ ਦਾ ਮੁਰੀਦ ਹਾਂ। ਇਹ ਪੀਰ ਜੀ ਦੀ ਸੇਵਕੀ ਦੀ ਨਿਸ਼ਾਨੀ ਹੈ'।

ਗੁਰੂ ਜੀ ਨੇ ਹੱਸ ਕੇ ਕਿਹਾ, 'ਤੂੰ ਹਿੰਦੂ ਹੋ ਕੇ ਮੁਸਲਮਾਨ ਪੀਰ ਨੂੰ ਪੂਜਦਾ ਹੈ?'

ਦੇਸੂ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਬੋਲਿਆ, 'ਜੀ, ਸੱਚੇ ਪਾਤਸ਼ਾਹ! ਅੱਜ ਤੋਂ ਮੈਂ ਆਪ ਦਾ ਸੇਵਕ ਬਣਿਆ'।

ਗੁਰੂ ਜੀ ਨੇ ਉਸ ਨੂੰ ਇਕੋ ਅਕਾਲ ਪੁਰਖ ਦਾ ਸਿਮਰਨ ਕਰਨ ਦਾ ਉਪਦੇਸ ਦਿੱਤਾ।

ਫਿਰ ਆਪ ਨੇ ਉਸ ਨੂੰ ਪੰਜ ਤੀਰਾਂ ਦੀ ਦਾਤ ਬਖ਼ਸ਼ੀ ਅਤੇ ਫ਼ੁਰਮਾਇਆ, 'ਜਾ, ਸਿੱਖੀ ਦੀ ਰਹਿਤ ਰਖ, ਤੂੰ ਰਾਜ ਭੋਗੇਂਗਾ। ਪਰ ਜੇ ਤੂੰ ਸਿੱਖੀ ਦਾ ਤਿਆਗ ਕਰ ਦੇਵੇਂਗਾ ਤਦ ਔਖਾ ਹੋਵੇਂਗਾ'।

ਗੁਰੂ ਜੀ ਦੇ ਜਾਣ ਤੋਂ ਥੋੜਾ ਸਮਾਂ ਬਾਅਦ ਦੇਸੂ ਬੀਮਾਰ ਪੈ ਗਿਆ। ਬੜਾ ਦਵਾ ਦਾਰੂ ਕੀਤਾ ਪਰ ਵਲ ਨਾ ਹੋਇਆ।

ਪਿੰਡ ਦੇ ਭਰਾਈਆਂ ਤੇ ਦੇਸੂ ਦੀ ਘਰ ਵਾਲੀ ਨੇ ਉਸ ਨੂੰ ਕਿਹਾ, 'ਤੂੰ ਸਖ਼ੀ ਸਰਵਰ ਦੀ ਮੁਰੀਦੀ ਛੱਡੀ ਏ, ਤਦੇ ਬੀਮਾਰ ਹੋਇਆ ਏਂ। ਤੂੰ ਗੁਰੂ ਤੋਂ ਕੀ ਲੈਣਾ ਏ! ਉਸ ਦੇ ਤੀਰ ਸੁੱਟ ਕੇ ਤੇ ਸਖ਼ੀ ਸਰਵਰ ਦੀ ਖੂੰਡੀ ਗਲ ਪਾ ਲੈ!'

ਦੇਸੂ ਪਹਿਲਾਂ ਤਾਂ ਨਾ ਮੰਨਿਆ। ਗੁਰੂ ਜੀ ਲਈ ਉਸ ਦੇ ਦਿਲ ਵਿਚ ਸੱਚਮੁਚ ਸ਼ਰਧਾ ਤੇ ਸਤਿਕਾਰ ਸੀ। ਪਰ ਹੈ ਸੀ ਉਹ ਕਮਜੋਰ ਇਰਾਦੇ ਦਾ। ਜਦ ਰੋਗ ਦੂਰ ਨਾ ਹੋਇਆ ਤਾਂ ਉਹ ਭਰਾਈਆਂ ਦੀ ਗੱਲ ਮੰਨ ਗਿਆ।

ਉਸ ਨੇ ਗੁਰੂ ਜੀ ਦੇ ਬਖ਼ਸ਼ੇ ਹੋਏ ਪੰਜੇ ਤੀਰ ਸੁੱਟ ਦਿਤੇ ਤੇ ਸਖ਼ੀ ਦੀ ਖੂੰਡੀ ਨੂੰ ਸਿਜਦਾ ਕਰਕੇ ਗਲ ਵਿਚ ਪਾ ਲਿਆ। ਭਰਾਈ ਨੇ ਤੀਰ ਭੰਨ ਕੇ ਚੁਲ੍ਹੇ ਵਿਚ ਫੂਕ ਦਿਤੇ।

ਫਿਰ ਕੁਝ ਸਮੇਂ ਬਾਅਦ ਉਸ ਦਾ ਪੁੱਤਰ ਤੇ ਪੋਤਰਾ ਸ਼ਰੀਕਾਂ ਹੱਥੋਂ ਮਾਰੇ ਗਏ। ਕਰਨੀ ਕਰਤਾਰ ਦੀ! ਕੁਝ ਦਿਨਾਂ ਮਗਰੋਂ ਦੇਸੂ ਮਰ ਗਿਆ।

Disclaimer Privacy Policy Contact us About us