ਬਾਬਾ ਅਟੱਲ ਰਾਇ


ਮਾਤਾ ਨਾਨਕੀ ਦੀ ਕੁਖੋਂ ਪੈਦਾ ਹੋਏ ਸ੍ਰੀ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਅਟੱਲ ਰਾਇ ਸਨ। ਉਹ ਆਪ ਤੋਂ ਕੇਵਲ ਦੋ ਸਾਲ ਹੀ ਵੱਡੇ ਸਨ।

ਇਸੇ ਕਰਕੇ ਹੀ ਇਨ੍ਹਾਂ ਦੋਹਾਂ ਭਰਾਵਾਂ ਦਾ ਬੜਾ ਪਿਆਰ ਸੀ ਤੇ ਆਪ ਦੋਵੇਂ ਆਪਣੇ ਹਾਣੀਆਂ ਨਾਲ ਖੇਡਿਆ ਕਰਦੇ ਸਨ। ਬਾਬਾ ਅਟੱਲ ਰਾਇ ਵੀ ਆਪ ਵਾਂਗ ਭਗਤੀ ਵਿਚ ਲੀਨ ਰਹਿਣ ਵਾਲੇ ਸਨ।

ਇਕ ਵਾਰ ਬਾਬਾ ਅਟੱਲ ਰਾਇ ਅਤੇ (ਗੁਰੂ) ਤੇਗ ਬਹਾਦਰ ਆਪਣੇ ਹਾਣੀਆਂ ਨਾਲ ਲੁਕਣ ਮੀਚੀ ਖੇਡ ਰਹੇ ਸਨ। ਲੱਭਣ ਦੀ ਜਿਸ ਦੀ ਵਾਰੀ ਆਉਂਦੀ ਉਸ ਨੂੰ ਆਪਣੀ ਵਾਰੀ ਦੇਣੀ ਹੀ ਪੈਂਦੀ ਸੀ।

ਇਕ ਦਿਨ ਰਾਤ ਪੈ ਗਈ ਤੇ ਹਨੇਰਾ ਹੋਣ ਕਰਕੇ ਖੇਡ ਬੰਦ ਕਰਨੀ ਪਈ। ਪਰ ਲੱਭਣ ਦੀ ਮੀਟੀ ਮੇਹਣ ਨਾਂ ਦੇ ਇਕ ਬਾਲਕ ਦੇ ਸਿਰ ਰਹਿ ਗਈ।

ਅਗਲੇ ਦਿਨ ਦੋਵੇਂ ਭਰਾ ਅਤੇ ਹੋਰ ਬੱਚੇ ਮੋਹਣ ਦੇ ਘਰ ਗਏ ਕਿ ਉਹ ਆ ਕੇ ਉਸ ਦੇ ਸਿਰ ਆਈ ਮਿਟੀ ਦੇਵੇ। ਸਾਰੇ ਬੱਚਿਆਂ ਦਾ ਖ਼ਿਆਲ ਸੀ ਕਿ ਮੋਹਣ ਮੀਟੀ ਤੋਂ ਡਰਦਾ ਖੇਡਣ ਨਹੀਂ ਆਏਗਾ।

ਜਦ ਸਾਰੇ ਹਾਣੀ ਇਕੱਠੇ ਹੋ ਕੇ ਉਸ ਬਾਲਕ ਦੇ ਘਰ ਗਏ ਤਾਂ ਆਪ ਨੂੰ ਪਤਾ ਲੱਗਾ ਕਿ ਮੋਹਣ ਦੀ ਸੱਪ ਲੜ ਜਾਣ ਕਾਰਨ ਮੌਤ ਹੋ ਗਈ ਹੈ।

ਲੋਕ ਇਕੱਠੇ ਹੋਏ ਸੀ ਅਤੇ ਉਸਦੇ ਮਾਂ ਬਾਪ ਵਿਰਲਾਪ ਕਰ ਰਹੇ ਸਨ।

ਪਰ ਬਾਬਾ ਅਟੱਲ ਰਾਇ ਨੇ ਉਨ੍ਹਾਂ ਦੇ ਵਿਰਲਾਪ ਦੀ ਪ੍ਰਵਾਹ ਨਾ ਕੀਤੀ ਅਤੇ ਕਹਿਣ ਲੱਗੇ, 'ਇਹ ਜਾਣ ਬੁੱਝ ਕੇ ਘੇਸ ਮਾਰ ਕੇ ਪਿਆ ਹੈ ਤਾਂਕਿ ਮੀਟੀ ਨਾ ਦੇਣੀ ਪਵੇ। ਮੈਂ ਹੋਣੇ ਹੀ ਇਸਨੂੰ ਸੋਟੀ ਮਾਰ ਕੇ ਦੱਸਦਾ ਹਾਂ ਕਿ ਘੇਸ ਕਿਵੇਂ ਮਾਰੀ ਜਾਂਦੀ ਹੈ'।

ਬਾਬਾ ਅੱਟਲ ਰਾਇ ਨੇ ਸੋਟੀ ਫੜ ਕੇ ਜਦ ਮੋਹਣ ਨੂੰ ਜ਼ੋਰ ਨਾਲ ਹਿਲਾਇਆ ਤਾਂ ਉਹ ਉੱਠ ਬੈਠ ਗਿਆ।

ਫਿਰ ਸਾਰੇ ਹਾਣੀ ਤਾੜੀਆਂ ਮਾਰ ਕੇ ਹੱਸਣ ਲੱਗੇ ਅਤੇ ਕਹਿਣ ਲਗੇ, 'ਬੱਚੂ ਇਹ ਬਹਾਨੇਬਾਜ਼ੀ ਨਹੀਂ ਚਲਣੀ, ਉੱਠ ਅਤੇ ਆਪਣੀ ਰਾਤ ਵਾਲੀ ਮੀਟੀ ਦੇਵੋ'।

ਮੋਹਣ ਉੱਠ ਕੇ ਬਾਹਰ ਆ ਗਿਆ ਅਤੇ ਸਾਰੇ ਬੱਚੇ ਫਿਰ ਖੇਡਣ ਲੱਗ ਪਏ। ਪਰ ਮੋਹਣ ਦੇ ਮਾਂ ਬਾਪ ਅਤੇ ਗਲੀ ਮੁਹੱਲੇ ਦੇ ਲੋਕ ਜਾਣਦੇ ਸਨ ਕਿ ਮੋਹਣ ਮਰ ਚੁਕਾ ਸੀ ਅਤੇ ਬਾਬੇ ਅਟੱਲ ਰਾਇ ਨੇ ਇਸ ਨੂੰ ਆਪਣੀ ਸ਼ਕਤੀ ਨਾਲ ਜ਼ਿੰਦਾ ਕੀਤਾ ਹੈ।

ਇਸ ਲਈ ਇਹ ਖ਼ਬਰ ਹੌਲੀ ਹੌਲੀ ਗੁਰੂ ਹਰਿਗੋਬਿੰਦ ਸਾਹਿਬ ਪਾਸ ਵੀ ਪਹੁੰਚ ਗਈ। ਸੱਚੇ ਪਾਤਸ਼ਾਹ ਆਪ ਜਾਣੀਜਾਣ ਸਨ, ਉਨ੍ਹਾਂ ਨੂੰ ਇਹ ਪਤਾ ਸੀ ਕਿ ਬਾਬਾ ਅਟੱਲ ਰਾਇ ਹਰ ਪ੍ਰਕਾਰ ਦੀ ਕਰਾਮਾਤ ਦੇ ਮਾਲਕ ਸਨ। ਉਸ ਦੀ ਸਮਾਧੀ ਤਾਂ ਪੰਘੂੜੇ ਵਿਚ ਹੀ ਲਗੀ ਰਹਿੰਦੀ ਸੀ।

ਉਹਨਾਂ ਨੇ ਅਜਿਹੀ ਘਟਨਾ ਨੂੰ ਠੀਕ ਨਾ ਸਮਝਿਆ, ਕਿਉਂਕਿ ਮਹਾਂਪੁਰਖ ਕਦੇ ਕਰਾਮਾਤਾਂ ਨਹੀਂ ਵਿਖਾਉਂਦੇ। ਕਰਾਮਾਤ ਕਹਿਰ ਦਾ ਨਾਂ ਹੈ। ਇਕ ਸੱਚੇ ਸਿੱਖ ਦਾ ਧਰਮ ਹੈ ਕਿ ਉਹ ਰਿਧੀਆਂ ਸਿਧੀਆਂ ਤੇ ਭਰੋਸਾ ਨਾ ਕਰੇ।

ਗੁਰੂ ਜੀ ਸਮਝਦੇ ਸਨ ਕਿ ਉਸ ਘਟਨਾ ਦਾ ਜੇ ਲੋਕਾਂ ਨੂੰ ਪਤਾ ਲੱਗਾ ਤਾਂ ਜਦ ਵੀ ਕੋਈ ਮਰੇਗਾ ਤਾਂ ਉਨ੍ਹਾਂ ਦੇ ਘਰ ਵਾਲੇ ਲਾਸ਼ ਚੁੱਕ ਕੇ ਬਾਬੇ ਅੱਟਲ ਰਾਇ ਪਾਸ ਲੈ ਆਇਆ ਕਰਨਗੇ ਕਿ ਇਸ ਨੂੰ ਜ਼ਿੰਦਾ ਕਰ ਦੇਵੋ।

ਇਸ ਤੱਥ ਨੂੰ ਮੁੱਖ ਰੱਖ ਕੇ ਉਨ੍ਹਾਂ ਬਾਲਕ ਅੱਟਲ ਰਾਇ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ,

'ਪੁੱਤਰ ਤੂੰ ਅਜ ਕਿਵੇਂ ਪ੍ਰਭੂ ਦਾ ਸ਼ਰੀਕ ਬਣ ਗਿਆ ਹੈ? ਇਹ ਕੰਮ ਪ੍ਰਭੂ ਦਾ ਹੈ ਕਿ ਉਹ ਕਿਸੇ ਨੂੰ ਮਾਰੇ ਜਾਂ ਜ਼ਿੰਦਾ ਕਰੇ। ਤੂੰ ਇਹ ਚੰਗਾ ਕੰਮ ਨਹੀਂ ਕੀਤਾ। ਪ੍ਰਭੂ ਅਜਿਹੇ ਕਾਰਨਾਮਿਆਂ ਉਤੇ ਖ਼ੁਸ਼ ਨਹੀਂ ਹੁੰਦਾ'।

ਬਾਬਾ ਅਟੱਲ ਰਾਇ ਚੁੱਪ ਰਹੇ, ਪਰ ਆਪਣੇ ਪਿਤਾ ਦੀ ਗੱਲ ਸੁਣ ਕੇ ਬਹੁਤ ਸ਼ਰਮਸਾਰ ਹੋਏ। ਉਨ੍ਹਾਂ ਇਹ ਮਨ ਬਣਾ ਲਿਆ ਕਿ ਹੁਣ ਉਨ੍ਹਾਂ ਦਾ ਇਸ ਦੁਨੀਆਂ ਵਿਚ ਰਹਿਣਾ ਯੋਗ ਨਹੀਂ ਹੋਵੇਗਾ। ਇਸ ਲਈ ਉਨ੍ਹਾਂ ਉਸੇ ਸਮੇਂ ਸਮਾਧੀ ਲਾ ਕੇ ਆਪਣੇ ਪ੍ਰਾਣ ਤਿਆਗ ਦਿੱਤੇ।

ਜਦ ਸੰਗਤ ਨੇ ਉਨ੍ਹਾਂ ਨੂੰ ਵੇਖਿਆ, ਟੋਹਿਆ ਅਤੇ ਹਿਲਾਇਆ ਤਾਂ ਸਭ ਹੈਰਾਨ ਰਹਿ ਗਏ ਕਿ ਬਾਬਾ ਅਟੱਲ ਰਾਇ ਸੰਸਾਰ ਛੱਡ ਕੇ ਚਲੇ ਗਏ ਸਨ।

ਗੁਰੂ ਹਰਿਗੋਬਿੰਦ ਸਾਹਿਬ ਤਾਂ ਪਹਿਲਾਂ ਹੀ ਜਾਣ ਗਏ ਸਨ। ਉਨ੍ਹਾਂ ਆਪਣੇ ਹੱਥੀਂ ਬੱਚੇ ਦਾ ਸਸਕਾਰ ਕੀਤਾ ਅਤੇ ਲੋਕਾਂ ਨੂੰ ਧੀਰਜ ਦਿੱਤਾ ਕਿ ਉਹ ਇਸ ਬਾਰੇ ਦੁਖੀ ਨਾ ਹੋਣ।

ਉਨ੍ਹਾਂ ਸਾਰਿਆ ਨੂੰ ਉਪਦੇਸ਼ ਦਿੱਤਾ ਕਿ ਮਨੁੱਖ ਦੀ ਜ਼ਿੰਦਗੀ ਅਤੇ ਮੌਤ ਪ੍ਰਭੂ ਦੇ ਹੱਥ ਹੈ। ਉਸ ਦੀ ਮਰਜ਼ੀ ਅਤੇ ਰਜ਼ਾ ਵਿਚ ਹੀ ਸਭ ਕੁਝ ਹੋ ਰਿਹਾ ਹੈ, ਇਸ ਲਈ ਸਾਨੂੰ ਕਿਸੇ ਦੇ ਜਨਮ ਉਤੇ ਨਾ ਖੁਸ਼ ਹੀ ਹੋਣਾ ਚਾਹੀਦਾ ਹੈ ਅਤੇ ਨਾ ਮੌਤ ਉਤੇ ਗਮ ਕਰਨਾ ਚਾਹੀਦਾ ਹੈ।

(ਗੁਰੂ) ਤੇਗ ਬਹਾਦਰ ਜੀ ਵੀ ਉਸ ਸਮੇਂ ਉਥੇ ਹਾਜ਼ਰ ਸਨ। ਇਸ ਘਟਨਾ ਦਾ ਉਨ੍ਹਾਂ ਦੇ ਮਨ ਉਤੇ ਬੜਾ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਵੀ ਮਨ ਵਿਚ ਦ੍ਰਿੜ੍ਹ ਕਰ ਲਿਆ ਕਿ ਮਨੁੱਖ ਨੂੰ ਖੁਸ਼ੀਆਂ ਗਮੀਆਂ ਤੋਂ ਉਪੱਰ ਉਠਣਾ ਚਾਹੀਦਾ ਹੈ।

Disclaimer Privacy Policy Contact us About us