ਮੁਗ਼ਲ ਹਕੂਮਤ ਨੂੰ ਗੁਰੂ ਜੀ ਤੋਂ ਖ਼ਤਰਾ ਭਾਸਣਾ


ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਲਵਾ ਦੇਸ਼ ਦਾ ਰਟਨ ਬੜਾ ਸਫਲ ਰਿਹਾ। ਜਿਥੇ ਜਿਥੇ ਵੀ ਆਪ ਨੇ ਚਰਨ ਪਾਏ ਆਪ ਦੇ ਉਪਦੇਸ਼ਾ ਨੇ ਲੋਕਾਂ ਵਿਚ ਨਵੀਂ ਜਿੰਦ ਜਾਨ ਲੈ ਆਂਦੀ।

ਹਕੁਮਤ ਦੇ ਜਬਰ ਅੱਗੇ ਆਪਣੇ ਆਪ ਨੂੰ ਬੇਵਸ ਤੇ ਲਾਚਾਰ ਸਮਝਣ ਵਾਲੇ ਲੋਕਾਂ ਅੰਦਰ ਹੌਲੀ ਹੌਲੀ ਰੋਸ ਜਾਗਣ ਲਗਾ।

ਜਬਰ ਦਾ ਟਾਕਰਾ ਕਰਨ ਦੀ ਭਾਵਨਾ ਉਪਜਣ ਲੱਗੀ। ਸਵੈ ਮਾਨ ਪੈਦਾ ਹੋਇਆ, ਸਵੈ ਸ਼ਿਵਾਸ਼ ਜਾਗਿਆ।

ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਗੁਰੂ ਜੀ ਨੇ ਲੋਕਾਂ ਦਾ ਦੁਖ ਵੰਡਾਇਆ। ਉਨ੍ਹਾਂ ਦੀਆਂ ਔਕੜਾਂ ਦੂਰ ਕੀਤੀਆਂ। ਖ਼ਾਸ ਕਰਕੇ ਪਾਣੀ ਦੀ ਔਕੜ।

ਇਸ ਨਾਲ ਗੁਰੂ ਜੀ ਲੋਕਾਂ ਲਈ ਮਸੀਹਾ ਬਣ ਗਏ। ਉਨ੍ਹਾਂ ਵਾਸਤੇ ਸ਼ਰਧਾ ਤੇ ਪ੍ਰੇਮ ਠਾਠਾਂ ਮਾਰ ਉੱਠੇ ਸਿੱਖੀ ਧਾਰਨ ਕਰਨ ਦੀ ਇਕ ਜ਼ਬਰਦਸਤ ਲਹਿਰ ਚਲ ਨਿਕਲੀ।

ਸੁਭਾਵਕ ਹੀ ਸੀ ਕਿ ਇਸ ਲਹਿਰ ਤੋਂ ਮੁਗ਼ਲ ਹਕੂਮਤ ਨੂੰ ਖ਼ਤਰਾ ਮਹਿਸੂਸ ਹੁੰਦਾ। ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਸਰਕਾਰ ਦੀਆਂ ਨਜ਼ਰਾਂ ਵਿੱਚ ਖਟਕਦੇ ਆ ਰਹੇ ਸਨ। ਹੁਣ ਜਦੋਂ ਉਨ੍ਹਾਂ ਦੀ ਗਿਣਤੀ ਤੇਜ਼ ਗਤੀ ਨਾਲ ਵਧਣ ਲਗੀ ਤਾਂ ਸਰਕਾਰ ਘਬਰਾ ਉੱਠੀ।

ਔਰੰਗਜ਼ੇਬ ਦੱਖਣ ਦੀਆ ਬਗ਼ਾਵਤਾਂ ਤੋਂ ਪਹਿਲੇ ਹੀ ਬੁਖਲਾਇਆ ਹੋਇਆ ਸੀ, ਉਸ ਨੇ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਚਾੜ੍ਹ ਦਿਤਾ।

ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਿਰਜ਼ਾ ਰਾਜਾ ਜੈ ਸਿੰਘ ਦਾ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ। ਇਸ ਸਮੇਂ ਰਾਜਾ ਜੈ ਸਿੰਘ ਦਾ ਪੁੱਤਰ ਰਾਜਾ ਰਾਮ ਸਿੰਘ ਔਰੰਗਜ਼ੇਬ ਦਾ ਸੈਨਾਪਤੀ ਤੇ ਸਲਾਹਕਾਰ ਸੀ।

ਉਸ ਨੇ ਬਾਦਸ਼ਾਹ ਨੂੰ ਸਮਝਾਇਆ ਕਿ ਗੁਰੂ ਤੇਗ ਬਹਾਦਰ ਜੀ ਤਾਂ ਪੂਰੇ ਦਰਵੇਸ਼ ਹਨ। ਉਨ੍ਹਾਂ ਦਾ ਕਾਰਜ ਖੇਤਰ ਨਿਰੋਲ ਧਾਰਮਕ ਹੈ।

ਇਸ ਕਾਰਜ ਵਿਚ ਉਹ ਸਦਾ ਅਮਨ ਦੇ ਚਾਹਵਾਨ ਰਹੇ ਹਨ। ਰਾਜ ਰੌਲੇ ਦੇ ਉਹ ਪੱਖਪਾਤੀ ਨਹੀਂ, ਇਸ ਲਈ ਹਕੂਮਤ ਨੂੰ ਉਨ੍ਹਾਂ ਤੋਂ ਕੋਈ ਖ਼ਤਰਾ ਨਹੀਂ ਹੋ ਸਕਦਾ।

ਰਾਜਾ ਰਾਮ ਸਿੰਘ ਨੇ ਗੁਰੂ ਜੀ ਵਲੋਂ ਜ਼ਿੰਮੇਵਾਰੀ ਲੈ ਕੇ ਮਾਮਲਾ ਖ਼ਤਮ ਕਰਾ ਦਿਤਾ।

Disclaimer Privacy Policy Contact us About us