ਮਲੂਕ ਦਾਸ


ਔਰੰਗਜ਼ੇਬ ਨਾਲ ਨਿਬੜ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਦੇਸ਼ ਦਾ ਰਟਨ ਆਰੰਭ ਕੀਤਾ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਵਿਚ ਸ਼ਿਕਾਰ ਖੇਡਣ ਦੀ ਰੀਤ ਤੋਰੀ ਸੀ ਇਸ ਅਨੁਸਾਰ ਗੁਰੂ ਤੇਗ ਬਹਾਦਰ ਜੀ ਵੀ ਰਸਤੇ ਵਿਚ ਜੰਗਲੀ ਦਰਿੰਦਿਆਂ ਦਾ ਸ਼ਿਕਾਰ ਖੇਡਦੇ ਰਹੇ।

ਰਟਨ ਕਰਦੇ ਆਪ ਕੜਾ ਮਾਣਕਪੁਰ ਪੁਜੇ। ਉਥੇ ਇਕ ਉੱਘਾ ਵੈਸ਼ਨਵ ਸਾਧੂ ਰਹਿੰਦਾ ਸੀ ਜਿਸ ਦਾ ਨਾਂ ਮਲੂਕ ਦਾਸ ਸੀ। ਲੋਕਾਂ ਵਿਚ ਉਸ ਦੀ ਚੰਗੀ ਮਾਣਤਾ ਸੀ।

ਮਲੂਕ ਦਾਸ ਨੇ ਗੁਰੂ ਜੀ ਦਾ ਜਸ ਸੁਣਿਆ ਤਾਂ ਉਸ ਦੇ ਮਨ ਵਿਚ ਦਰਸ਼ਨਾਂ ਦੀ ਇੱਛਾ ਪੈਦਾ ਹੋਈ।

ਪਰ ਜਦੋਂ ਉਸ ਨੂੰ ਪਤਾ ਲਗਾ ਕਿ ਗੁਰੂ ਜੀ ਸ਼ਿਕਾਰ ਖੇਡਦੇ ਹਨ ਤਾਂ ਉਸ ਨੇ ਦਰਸ਼ਨਾ ਦਾ ਇਰਾਦਾ ਛੱਡ ਦਿਤਾ ਕਿਉਂ ਜੋ ਉਹ ਵੈਸ਼ਨੋ ਸੀ ਅਤੇ ਵੈਸ਼ਨੋ ਜੀਵਾਂ ਦੀ ਹੱਤਿਆ ਤੇ ਭੱਖਿਆ ਪਾਪ ਸਮਝਦੇ ਹਨ।

ਉਸ ਨੇ ਲੋਕਾਂ ਨੂੰ ਵੀ ਗੁਰੂ ਜੀ ਦੇ ਦਰਸ਼ਨਾਂ ਤੋਂ ਰੋਕਿਆ ਤੇ ਕਿਹਾ, 'ਇਹ ਕਾਹਦੇ ਗੁਰੂ ਹਨ ਜਿਹੜੇ ਜੀਵਾ ਦੀ ਹੱਤਿਆ ਕਰਦੇ ਹਨ'।

ਗੁਰੂ ਜੀ ਨੇ ਮਲੂਕ ਦਾਸ ਦੇ ਸ਼ੰਕੇ ਦੂਰ ਕਰਨ ਲਈ ਉਸ ਨੂੰ ਬੁਲਾ ਭੇਜਿਆ। ਜਦੋਂ ਉਸ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਬਚਨ ਸੁਣੇ ਤਾਂ ਉਸ ਦਾ ਅੰਦਰਲਾ ਸਾਰਾ ਖਿੜ ਗਿਆ।

ਜੀਵ ਹੱਤਿਆ ਦੇ ਬਾਰੇ ਉਸ ਦੇ ਸਾਰੇ ਭਰਮ ਦੂਰ ਹੋ ਗਏ ਤੇ ਸ਼ੰਕੇ ਨਵਿਰਤ ਹੋ ਗਏ। ਉਹ ਗੁਰੂ ਜੀ ਦਾ ਸਿੱਖ ਬਣਿਆ।

ਗੁਰੂ ਜੀ ਨੇ ਉਸ ਨੂੰ ਉਸ ਇਲਾਕੇ ਦਾ ਮੁਖੀ ਪ੍ਰਚਾਰਕ ਥਾਪਿਆ। ਮਲੂਕ ਦਾਸ ਨੇ ਸਿੱਖੀ ਦਾ ਪ੍ਰਚਾਰ ਕਰਨ ਦਾ ਵੱਡਾ ਕਾਰਜ ਕੀਤਾ।

Disclaimer Privacy Policy Contact us About us