ਰਾਜਾ ਰਾਮ ਸਿੰਘ ਦਾ ਆਸਾਮ ਜਾਣਾ


ਉਸ ਕਾਲ ਵਿਚ ਆਸਾਮ ਅੰਦਰ ਜਾਦੂ ਟੂਣੇ ਦਾ ਬੜਾ ਜ਼ੋਰ ਸੀ। ਕਾਮ ਰੂਪ ਵਿਚ ਦਾ ਵੱਡਾ ਗੜ੍ਹ ਸੀ।

ਔਰੰਗਜ਼ੇਬ ਨੇ ਆਸਾਮ ਦੇ ਸ਼ਾਸਕ ਵਿਰੁੱਧ ਜਿੰਨੀ ਵਾਰ ਫ਼ੌਜੀ ਮੁਹਿੰਮਾਂ ਭੇਜੀਆ ਸਨ, ਉਹ ਸਭੇ ਅਸਫਲ ਰਹੀਆਂ ਸਨ।

ਇਹ ਗੱਲ ਮਸ਼ਹੂਰ ਸੀ ਕਿ ਇਹ ਮੁਹਿੰਮਾ ਜਾਦੂ ਦੇ ਜ਼ੋਰ ਨਾਲ ਨਾਕਾਮ ਕੀਤੀਆਂ ਜਾਂਦੀਆਂ ਹਨ।

ਆਪਣੇ ਪਿਉ ਨਾਲ ਔਰੰਗਜ਼ੇਬ ਦੇ ਸਲੂਕ ਨੂੰ ਯਾਦ ਕਰਕੇ ਰਾਜਾ ਰਾਮ ਸਿੰਘ ਮਹਿਸੂਸ ਕਰਦਾ ਸੀ ਕਿ ਬਾਦਸ਼ਾਹ ਨੇ ਉਸ ਨੂੰ ਜਾਣ ਬੁੱਝ ਕੇ ਆਸਾਮ ਵਲ ਭੇਜਿਆ ਹੈ ਤਾਂ ਕਿ ਮੈਂ ਇਧਰ ਹੀ ਖ਼ਤਮ ਹੋ ਜਾਵਾਂ।

ਉਨ੍ਹਾਂ ਦਿਨਾਂ ਵਿਚ ਜਾਦੂ ਅਤੇ ਮੰਤਰਾਂ ਤੰਤਰਾਂ ਉਪਰ ਛੋਟੇ ਤੇ ਵੱਡੇ ਤਕ ਸਭਨਾਂ ਦਾ ਵਿਸ਼ਵਾਸ ਹੁੰਦਾ ਸੀ ਤੇ ਸਭੇ ਇਨ੍ਹਾਂ ਤੋਂ ਭੈ ਖਾਂਦੇ ਸਨ।

ਜਾਦੂ ਟੂਣੇ ਤੋਂ ਬਚਣ ਲਈ ਰਾਜਾ ਰਾਮ ਸਿੰਘ ਨੇ ਆਪਣੇ ਨਾਲ ਪੰਜ ਪੀਰ ਲਿਆਂਦੇ ਹੋਏ ਸਨ ਜਿਨ੍ਹਾਂ ਦਾ ਦਾਅਵਾ ਸੀ ਕਿ ਉਹ ਹਰ ਤਰ੍ਹਾਂ ਦੇ ਜਾਦੂ ਦਾ ਤੋੜ ਜਾਣੇ ਹਨ।

ਪਰ ਰਾਜਾ ਰਾਮ ਸਿੰਘ ਨੂੰ ਉਨ੍ਹਾਂ ਤੇ ਮੁਸਲਮਾਨ ਹੋਣ ਕਰਕੇ ਪੂਰਾ ਭਰੋਸਾ ਤੇ ਵਿਸ਼ਵਾਸ਼ ਨਹੀਂ ਸੀ।

ਉਹ ਚਾਹੁੰਦਾ ਸੀ ਕਿ ਗੁਰੂ ਜੀ ਮੇਰੇ ਸੰਗ ਚਲਣ ਤਾਂ ਕਾਮਰੂਪ ਦੇ ਜਾਦੂ ਦਾ ਮੇਰੇ ਉਤੇ ਕੋਈ ਪ੍ਰਭਾਵ ਨਹੀਂ ਹੋਵੇਗਾ।

ਉਸ ਦੀ ਗੁਰੂ ਜੀ ਤੇ ਅਗਾਧ ਸ਼ਰਧਾ ਸੀ ਤੇ ਉਹ ਸਮਝਦਾ ਸੀ ਕਿ ਗੁਰੂ ਜੀ ਆਪਣੀ ਕਰਤਾਰੀ ਸ਼ਕਤੀ ਨਾਲ ਜਾਦੂ ਮੰਤਰਾਂ ਨੂੰ ਬੇਅਸਰ ਬਣਾ ਸਕਦੇ ਹਨ।

ਇਸ ਵਾਸਤੇ ਰਾਜਾ ਰਾਮ ਸਿੰਘ ਸੰਮਤ 1726 ਵਿਚ ਰੰਗਮਤੀ ਦੇ ਸਥਾਨ ਤੇ ਗੁਰੂ ਜੀ ਨੂੰ ਆ ਮਿਲਿਆ।

ਰਾਜਾ ਰਾਮ ਸਿੰਘ ਨੇ ਗੁਰੂ ਜੀ ਪਾਸੋਂ ਅਸੀਸ ਤੇ ਸਹਾਇਤਾ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਸ਼ਰਧਾਲੂ ਰਾਜਾ ਰਾਮ ਸਿੰਘ ਦੀ ਦੋਹਾਂ ਤਰ੍ਹਾਂ ਨਾਲ ਸਹਾਇਤਾ ਕੀਤੀ।

ਆਪ ਜੀ ਨੇ ਜਾਦੂ ਟੂਣੇ ਅਤੇ ਤੰਤਰਾਂ ਮੰਤਰਾਂ ਤੋਂ ਵੀ ਉਸ ਦੀ ਰਖਿਆ ਕੀਤੀ ਅਤੇ ਉਸ ਦੀ ਫ਼ੌਜੀ ਮੁਹਿੰਮ ਨੂੰ ਵੀ ਸਫਲਤਾ ਦੁਆਈ।

ਗੁਰੂ ਜੀ ਨੇ ਵਿਚੋਲਗੀ ਕਰਕੇ ਆਸਾਮ ਦੇ ਰਾਜੇ ਅਤੇ ਮੁਗ਼ਲ ਫ਼ੌਜਦਾਰ ਰਾਜਾ ਰਾਮ ਸਿੰਘ ਦੇ ਦਰਮਿਆਨ ਸੁਲਾਹ ਕਰਵਾ ਦਿੱਤੀ।

ਇਕ ਸੰਧੀ ਦੁਆਰਾ ਇਲਾਕੇ ਦੀ ਹੱਦ ਬੰਦੀ ਕਰ ਦਿੱਤੀ ਗਈ ਅਤੇ ਦੋਹਾਂ ਰਾਜਾਂ ਵਿਚਾਲੇ ਸੀਮਾ ਰੇਖਾ ਖਿੱਚ ਦਿੱਤੀ ਗਈ ਤਾਂ ਜੋ ਅਗਾਂਹ ਲਈ ਕਿਸੇ ਵਾਦ ਵਿਵਾਦ ਦੀ ਗੁੰਜਾਇਸ਼ ਨਾ ਰਹੇ।

ਬਿਨਾਂ ਵਧੇਰੇ ਖ਼ੂਨ ਖ਼ਰਾਬੇ ਅਤੇ ਜਾਨੀ ਨੁਕਸਾਨ ਦੇ ਸੁਲਾਹ ਹੋ ਜਾਣ ਨਾਲ ਸੁਭਾਵਕ ਤੌਰ ਤੇ ਦੋਹਾਂ ਸੈਨਾਵਾਂ ਨੇ ਸੁੱਖ ਦਾ ਸਾਹ ਲਿਆ ਅਤੇ ਖ਼ੂਬ ਖ਼ੁਸ਼ੀਆਂ ਮਨਾਈਆਂ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਰ ਪਾਸੇ ਉਸਤਤ ਹੋਣ ਲੱਗੀ। ਸੁਲਾਹ ਦੀ ਯਾਦਗਾਰ ਵਚੋਂ ਗੁਰੂ ਜੀ ਦੀ ਆਗਿਆ ਨਾਲ ਦੋਹਾਂ ਧਿਰਾਂ ਦੀਆਂ ਫ਼ੌਜਾਂ ਨੇ ਆਪਣੀਆਂ ਢਾਲਾਂ ਵਿਚ ਮਿੱਟੀ ਢੋ ਕੇ ਧੋਬੜੀ ਦੇ ਸਥਾਨ ਤੇ ਇਕ ਉੱਚਾ ਧੋੜ੍ਹਾ ਬਣਾਇਆ।

ਉਸ ਧੋੜ੍ਹੇ ਦੇ ਨਾਲ ਲਗਵਾਂ ਇਕ ਗੁਰਦੁਆਰਾ ਵੀ ਹੈ। ਇਸ ਜਗ੍ਹਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾ ਕੇ ਭਾਗ ਲਾਏ ਸਨ।

Disclaimer Privacy Policy Contact us About us