ਮੁਗ਼ਲ ਸਾਮਰਾਜ ਵਿਚ ਹਾ ਹਾ ਕਾਰ ਹੋਣੀ


ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਖ਼ੂਨ ਵਹਾ ਕੇ ਤਾਜ ਤਖ਼ਤ ਤੇ ਕਬਜ਼ਾ ਕੀਤਾ ਤੇ ਆਪਣੇ ਬਾਪ ਨੂੰ ਨਜ਼ਰਬੰਦੀ ਵਿਚ ਸੁਟਿਆ।

ਦਰਬਾਰ ਵਿਚ ਤੇ ਮੁਲਕ ਵਿਚ ਆਪਣੇ ਵਿਰੋਧ ਨੂੰ ਠੰਢਾ ਕਰਨ ਲਈ ਉਸ ਨੇ ਸ਼ਰਈ ਮੁੱਲਾਂ ਮੌਲਾਣਿਆਂ ਨੂੰ ਆਪਣੇ ਨਾਲ ਗੰਢ ਲਿਆ।

ਉਨ੍ਹਾਂ ਨੂੰ ਯਕੀਨ ਦੁਆਇਆ ਕਿ ਮੁਲਕ ਵਿਚ ਇਸਲਾਮੀ ਢੰਗ ਦਾ ਰਾਜ ਪ੍ਰਬੰਧ ਕਾਇਮ ਕੀਤਾ ਜਾਏਗਾ ਤੇ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਥੱਲੇ ਲਿਆਂਦਾ ਜਾਵੇਗਾ।

ਆਪਣੇ ਪੈਰ ਪੱਕੇ ਕਰਨ ਤੋਂ ਬਾਅਦ ਉਸ ਨੇ ਹੁਣ ਆਪਣੇ ਵਾਇਦੇ ਤੇ ਅਮਲ ਸ਼ੁਰੂ ਕਰ ਦਿੱਤਾ। ਗੱਲ ਕੇਵਲ ਮੌਲਾਣਿਆਂ ਨਾਲ ਵਾਇਦੇ ਦੀ ਹੀ ਨਹੀਂ ਸੀ, ਔਰੰਗਜ਼ੇਬ ਆਪ ਵੀ ਕੱਟੜ ਮੁਤਸੱਬੀ ਮੁਸਲਮਾਨ ਸੀ।

ਉਹ ਕਾਫ਼ਰਾਂ ਨੂੰ ਇਸਲਾਮ ਵਿਚ ਲਿਆਉਣਾ ਵੱਡਾ ਪੁੰਨ ਸਮਝਦਾ ਸੀ। ਇਹ ਪੁੰਨ ਕਮਾਉਣ ਲਈ ਉਸ ਨੇ ਆਪਣੀ ਸਲਤਨਤ ਦੇ ਸਾਰੇ ਸੂਬੇਦਾਰਾਂ ਨੂੰ ਹੁਕਮ ਜਾਰੀ ਕੀਤੇ ਕਿ ਉਹ ਗ਼ੈਰ ਮੁਸਲਮਾਨ ਰਿਆਇਆ ਨੂੰ ਲੋਭ, ਪ੍ਰੇਰਨਾ, ਦਬਾਅ ਤੇ ਜਬਰ, ਹਰ ਹੀਲੇ ਨਾਲ ਮੁਸਲਮਾਨ ਬਣਨ ਲਈ ਮਜਬੂਰ ਕਰਨ।

ਇਸ ਹੁਕਮ ਤੇ ਅਮਲ ਕਰਕੇ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਸਭ ਸੂਬੇਦਾਰ ਇਕ ਦੂਜੇ ਤੋਂ ਅੱਗੇ ਵਧੱਣ ਦੀ ਕੋਸ਼ਿਸ਼ ਵਿਚ ਲੱਗ ਪਏ।

ਮੰਦਰ, ਸ਼ਿਵਾਲੇ, ਗੁਰਦੁਆਰੇ ਧੜਾ ਧੜ ਢਾਹੇ ਜਾਣ ਲੱਗੇ। ਗ਼ੈਰ ਧਰਮਾਂ ਦੇ ਅਨੁਯਾਈਆਂ ਉੱਪਰ ਕਈ ਕਈ ਤਰ੍ਹਾਂ ਦੇ ਕਰ ਲਾ ਦਿੱਤੇ ਗਏ।

ਉਨ੍ਹਾਂ ਨੂੰ ਆਪਣੀਆਂ ਸਮਾਜਕ ਤੇ ਧਾਰਮਕ ਰਸਮਾਂ ਪੈਰੀਆਂ ਕਰਨ ਤੋਂ ਰੋਕਿਆ ਜਾਣ ਲੱਗਾ।

ਗ਼ੈਰ ਮੁਸਲਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਹਟਾਇਆ ਜਾਣ ਲੱਗਾ।

ਉਨ੍ਹਾਂ ਦੇ ਕਾਰ ਵਿਹਾਰ ਵਿਚ ਅੜਿੱਕੇ ਪਾਏ ਜਾਣ ਲੱਗੇ। ਧੀਆਂ ਭੈਣਾਂ ਦੀ ਇੱਜ਼ਤ ਖ਼ਤਰੇ ਵਿਚ ਪੈ ਗਈ। ਇਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ।

Disclaimer Privacy Policy Contact us About us