ਕਸ਼ਮੀਰੀ ਪੰਡਤਾਂ ਦੀ ਪੁਕਾਰ


ਹਿੰਦੂਆਂ ਦੇ ਧਾਰਮਕ ਆਗੂ ਬ੍ਰਾਹਮਣ ਸਨ। ਬ੍ਰਾਹਮਣਾਂ ਵਿਚੋਂ ਕਸ਼ਮੀਰੀ ਪੰਡਤ ਸਰੇਸ਼ਟ ਸਨ। ਇਸ ਲਈ ਬਾਦਸ਼ਾਹੀ ਜਬਰ ਦੇ ਉਹ ਸਭ ਤੋਂ ਵਧ ਨਿਸ਼ਾਨਾ ਬਣੇ।

ਔਰੰਗਜ਼ੇਬ ਦਾ ਖ਼ਿਆਲ ਸੀ ਕਿ ਜੇ ਕਸ਼ਮੀਰੀ ਪੰਡਤ ਇਸਲਾਮ ਦੇ ਦਾਇਰੇ ਵਿਚ ਆ ਜਾਣ ਤਾਂ ਸਾਰੇ ਹਿੰਦੂ ਉਹਨਾਂ ਦੇ ਮਗਰ ਇਸਲਾਮ ਕਬੂਲ ਕਰ ਲੈਣਗੇ।

ਕਸ਼ਮੀਰੀ ਬ੍ਰਾਹਮਣਾਂ ਵਿਚੋਂ ਕਈ ਜਬਰ ਦਾ ਸਾਹਮਣਾ ਨਾ ਕਰ ਸਕੇ ਅਤੇ ਮੁਸਲਮਾਨ ਬਣ ਗਏ। ਪਰ ਵੱਡੀ ਸੰਖਿਆ ਵਿਚ ਪੰਡਤ ਅਜੇ ਸੋਚਾਂ ਵਿਚਾਰਾਂ ਵਿਚ ਪਏ ਹੋਏ ਸਨ। ਇਹੋ ਸਮਾਂ ਸੀ ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਆਸਾਮ ਤੋਂ ਆਨੰਦਪੁਰ ਪਰਤੇ।

ਪੰਜਾਬ ਆਉਣ ਤੋਂ ਥੋੜਾ ਸਮਾਂ ਬਾਅਦ ਆਪ ਨੇ ਆਪਣੇ ਪਰਿਵਾਰ ਨੂੰ ਵੀ ਪਟਨੇ ਤੋਂ ਆਨੰਦਪੁਰ ਬੁਲਾ ਲਿਆ। ਇਥੇ ਆਉਣ ਤੇ ਆਪ ਨੇ ਸਾਹਿਬਜ਼ਾਦਾ ਗੋਬਿੰਦ ਰਾਇ ਦੀ ਪੜ੍ਹਾਈ ਸਿਖਲਾਈ ਦਾ ਯੋਗ ਪ੍ਰਬੰਧ ਕਰ ਦਿੱਤਾ।

ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗ਼ਾਨ ਸੀ। ਔਰੰਗਜ਼ੇਬ ਨੇ ਉਸਨੂੰ ਸਖ਼ਤੀ ਨਾਲ ਇਸਲਾਮ ਦਾ ਵਿਸਤਾਰ ਕਰਨ ਦਾ ਹੁਕਮ ਦਿਤਾ।

ਔਰੰਗਜ਼ੇਬ ਦੇ ਇਸ ਫ਼ਿਰਦੌਸ ਨੂੰ ਪੂਰਨ ਤੌਰ ਤੇ ਮੁਸਲਮਾਨ ਬਣਿਆ ਵੇਖਣਾ ਚਾਹੁੰਦਾ ਸੀ। ਸ਼ਾਹੀ ਹੁਕਮ ਦੀ ਪਾਲਣਾ ਵਿਚ ਸ਼ੇਰ ਅਫ਼ਗ਼ਾਨ ਨੇ ਸਖ਼ਤੀ ਦੀਆਂ ਹੱਦਾਂ ਤੋੜ ਮਾਰੀਆਂ।

ਉਸ ਨੇ ਫ਼ੌਜ ਦੇ ਛੋਟੇ ਛੋਟੇ ਦਸਤੇ ਤਿਆਰ ਕੀਤੇ। ਕੱਟੜ ਵਿਚਾਰਾਂ ਵਾਲੇ ਫ਼ੌਜਦਾਰ ਉਹਨਾਂ ਦੇ ਸਰਦਾਰ ਥਾਪੇ ਤੇ ਨਾਲ ਸ਼ਰਈ ਮੁੱਲਾਵਾਂ ਨੂੰ ਅਗਵਾਈ ਲਈ ਜੋੜ ਦਿਤਾ ਜਾਂਦਾ।

ਇਹ ਦਸਤੇ ਵੱਖ ਵੱਖ ਇਲਾਕਿਆਂ ਵਲ ਭੇਜੇ ਜਾਂਦੇ। ਉਹਨਾਂ ਦੁਆਰਾ ਪਿੰਡਾਂ ਦੇ ਪਿੰਡ ਘੇਰ ਲਏ ਜਾਂਦੇ ਅਤੇ ਲੋਕਾਂ ਨੂੰ ਤਲਵਾਰ ਦੇ ਜ਼ੋਰ ਨਾਲ ਕਲਮਾ ਪੜ੍ਹਾਇਆ ਜਾਂਦਾ।

ਗ਼ਰੀਬ ਤੇ ਕਮਜ਼ੋਰ ਵਰਗਾਂ ਦੇ ਲੋਕ ਧੜਾ ਧੜ ਮੁਸਲਮਾਨ ਬਣਨ ਲੱਗੇ। ਉਹਨਾਂ ਨੂੰ ਉੱਚੀਆਂ ਜ਼ਾਤਾਂ ਦੇ ਹਿੰਦੂ ਵੀ ਤ੍ਰਿਸਕਾਰਦੇ ਸਨ, ਇਸ ਕਰਕੇ ਹਿੰਦੂ ਰਹਿ ਕੇ ਮਰਨ ਨਾਲੋਂ ਉਹਨਾਂ ਨੇ ਮੁਸਲਮਾਨ ਬਣ ਜਾਣਾ ਹੀ ਚੰਗਾ ਸਮਝਿਆ।

ਇਸ ਤੋਂ ਬਾਅਦ ਸ਼ੇਰ ਅਫ਼ਗ਼ਾਨ ਉੱਚੀਆਂ ਜ਼ਾਤਾਂ ਦੇ ਹਿੰਦੂਆਂ ਤੇ ਬ੍ਰਾਹਮਣਾਂ ਦੇ ਦੁਆਲੇ ਹੋਇਆ। ਉਹ ਉਹਨਾਂ ਤੇ ਮੁਸਲਮਾਨ ਬਣਨ ਲਈ ਦਬਾਅ ਪਾਣ ਲੱਗਾ।

ਜੋ ਨਾਂਹ ਕਰਦੇ, ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ। ਕਈ ਤਾਂ ਡਰਦੇ ਮਾਰੇ ਕਲਮਾ ਪੜ੍ਹ ਗਏ ਤੇ ਕੁਝ ਸ਼ਹੀਦ ਹੋ ਗਏ। ਇਹ ਹਾਲਤ ਵੇਖ ਕੇ ਮੁਖੀ ਪੰਡਤਾਂ ਨੇ ਉਸ ਨੂੰ ਮਿਲ ਕੇ ਕੁਝ ਸਮੇਂ ਦੀ ਮੁਲਹਤ ਦੇਣ ਦੀ ਬੇਨਤੀ ਕੀਤੀ।

ਸ਼ੇਰ ਅਫ਼ਗ਼ਾਨ ਨੇ ਉਹਨਾਂ ਨੂੰ ਛੇਆਂ ਮਹੀਨਿਆਂ ਦਾ ਸਮਾਂ ਦਿੱਤਾ ਤੇ ਨਾਲ ਹੀ ਤਾੜਨਾ ਕਰ ਦਿੱਤੀ ਕਿ ਜੇ ਇਸ ਸਮੇਂ ਤਕ ਤੁਸੀਂ ਕਲਮਾ ਨਾ ਪੜ੍ਹਿਆ ਤਾਂ ਸਭ ਦੇ ਸਭ ਤਲਵਾਰ ਦੇ ਘਾਟ ਉਤਾਰ ਦਿੱਤੇ ਜਾਓਗੇ।

ਸੂਬੇਦਾਰ ਕੋਲੋਂ ਵਾਪਸ ਆ ਕੇ ਪੰਡਤਾਂ ਨੇ ਸਾਰੀ ਬਰਾਦਰੀ ਦੀ ਇਕੱਤ੍ਰਤਾ ਬੁਲਾਈ ਤੇ ਸੂਬੇ ਦੀ ਧਮਕੀ ਤੇ ਹਕੂਮਤੀ ਜਬਰ ਤੇ ਵਿਚਾਰ ਕੀਤਾ।

ਕਾਫ਼ੀ ਸੋਚ ਵਿਚਾਰ ਤੋਂ ਬਾਅਦ ਕੁਝ ਸਿਆਣਿਆਂ ਦੀ ਸਲਾਹ ਤੇ ਫ਼ੈਸਲਾ ਹੋਇਆ ਕਿ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਪੁਕਾਰ ਕੀਤੀ ਜਾਏ।

ਇਸ ਫ਼ੈਸਲੇ ਅਨੁਸਾਰ ਮੁਖੀ ਪੰਡਤਾਂ ਦਾ ਇਕ ਛੋਟਾ ਜਿਹਾ ਦਲ ਆਨੰਦਪੁਰ ਸਾਹਿਬ ਲਈ ਚਲ ਪਿਆ।

Disclaimer Privacy Policy Contact us About us