ਵਿਦਿਆ


(ਗੁਰੂ) ਤੇਗ ਬਹਾਦਰ ਜੀ ਬਾਲਪਨ ਤੋਂ ਹੀ ਬੜੇ ਧੀਰ, ਗੰਭੀਰ, ਵਿਚਾਰਵਾਨ ਤੇ ਸੰਤ ਸੁਭਾ ਸਨ। ਨਾਲ ਹੀ ਆਪ ਬੜੇ ਨਿਡਰ ਤੇ ਦਲੇਰ ਵੀ ਸਨ।

ਆਪ ਜੀ ਦੀ ਬਹੁਤੀ ਰੁਚੀ ਗੁਰਬਾਣੀ ਦਾ ਪਾਠ ਕਰਨ ਤੇ ਨਾਮ ਜਪਣ ਵਲ ਸੀ। ਦੁਨਿਆਵੀ ਸੁੱਖਾਂ, ਪਦਾਰਥਾਂ ਦਾ ਆਪ ਨੂੰ ਰਤਾ ਵੀ ਮੋਹ ਨਹੀਂ ਸੀ।

ਜਦੋਂ ਆਪ ਅਜੇ ਪੰਜਾਂ ਵਰਿਆਂ ਦੇ ਸਨ ਤਾਂ ਇਕਾਂਤ ਵਿਚ ਸਮਾਧੀ ਲਾ ਕੇ ਬੈਠ ਜਾਂਦੇ। ਆਪ ਨਾ ਹਿਲਦੇ ਜੁਲਦੇ ਨਾ ਬੋਲਦੇ ਚਾਲਦੇ।

ਆਪ ਨੂੰ ਵਿਸਰਿਆ ਹੁੰਦਾ ਤੇ ਬਿਰਤੀ ਅਕਾਲ ਪੁਰਖ ਦੇ ਚਰਨਾਂ ਵਿਚ ਜੁੜੀ ਹੁੰਦੀ।

ਮਾਤਾ ਜੀ ਇਹ ਵੇਖ ਕੇ ਚਿੰਤਾ ਕਰਦੇ ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉਨ੍ਹਾਂ ਨੂੰ ਸਮਝਾਉਂਦੇ ਕਿ ਸਾਡੇ ਇਸ ਪੁੱਤਰ ਨੇ ਬੜੇ ਵੱਡੇ ਕਾਰਜ ਕਰਨੇ ਹਨ। ਇਹ ਹੁਣ ਤੋਂ ਹੀ ਉਨ੍ਹਾਂ ਲਈ ਤਿਆਰੀ ਕਰ ਰਿਹਾ ਹੈ।

ਜਦੋਂ (ਗੁਰੂ) ਤੇਗ ਬਹਾਦਰ ਜੀ ਰਤਾ ਹੋਰ ਸਿਆਣੇ ਹੋਏ ਤਾਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਉਨ੍ਹਾਂ ਦੀ ਪੜ੍ਹਾਈ ਸਿਖਲਾਈ ਦਾ ਯੋਗ ਪ੍ਰਬੰਧ ਕੀਤਾ ਅਤੇ ਆਪ ਵੀ ਉਚੇਚਾ ਧਿਆਨ ਦਿਆ ਕਰਦੇ।

(ਗੁਰੂ) ਤੇਗ ਬਹਾਦਰ ਜੀ ਨੂੰ ਭਾਸ਼ਾਵਾਂ, ਗੁਰਬਾਣੀ ਅਤੇ ਗੁਰਮਤ ਦੀ ਸਿੱਖਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਆਦਿ ਦੀ ਵੀ ਸਿਖਲਾਈ ਕਰਵਾਈ ਗਈ।

ਸਰੀਰ ਵਲੋਂ ਆਪ ਬੜੇ ਸੁੰਦਰ ਤੇ ਬਲਵਾਨ ਗਭਰੂ ਨਿਕਲੇ। ਭਾਵੇਂ ਆਪ ਧੀਰ, ਤਿਆਗੀ ਅਤੇ ਸਾਧੂ ਸੁਭਾ ਸਨ ਪਰ ਫਿਰ ਵੀ ਸ਼ਸਤਰ ਵਿਦਿਆ, ਧਰਮ ਅਤੇ ਰਾਜਨੀਤੀ ਦੇ ਚੰਗੇ ਗਿਆਤਾ ਬਣੇ।

ਸੰਮਤ 1691 ਵਿਚ ਸ੍ਰੀ ਹਰਿਗੋਬਿੰਦ ਜੀ ਦਾ ਮੁਗ਼ਲਾਂ ਨਾਲ ਕਰਤਾਰਪੁਰ ਕੋਲ ਜਿਹੜਾ ਯੁੱਧ ਹੋਇਆ, ਉਸ ਵਿਚ ਆਪ ਨੇ ਤੇਗ ਦੇ ਉਹ ਜੌਹਰ ਵਿਖਾਏ ਕਿ ਵੈਰੀ ਅਸ਼ ਅਸ਼ ਕਰ ਉੱਠੇ ਅਤੇ ਸਿੱਖਾਂ ਨੇ ਭਾਰੀ ਪ੍ਰਸੰਸਾ ਕੀਤੀ।

ਇਸ ਪ੍ਰਕਾਰ ਆਪ ਜੀ ਨੇ ਗੁਰੂ ਪਿਤਾ ਦੇ ਉਚਾਰੇ ਹੋਏ ਬਚਨਾਂ ਨੂੰ ਕਿ ਸਾਡਾ ਪੁੱਤਰ ਤੇਗ ਦਾ ਧਨੀ ਨਿਕਲੇਗਾ, ਆਪਣੇ ਅਮਲ ਦੁਆਰਾ ਸਾਰਥਕ ਕਰ ਦਿਤਾ।

Disclaimer Privacy Policy Contact us About us