ਮਹਾਨ ਪਿਤਾ ਮਹਾਨ ਪੁੱਤਰ


ਕਸ਼ਮੀਰੀ ਪੰਡਤ ਆਨੰਦਪੁਰ ਪਹੁੰਚੇ ਅਤੇ ਗੁਰੂ ਤੇਗ ਬਹਾਦਰ ਜੀ ਪਾਸ ਹਾਜ਼ਰ ਹੋਏ। ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀ ਦੁੱਖ ਭਰੀ ਕਥਾ ਸੁਣਾਈ ਕਿ ਕਿਵੇਂ ਕਸ਼ਮੀਰ ਵਿਚ ਹਿੰਦੂਆਂ ਨੂੰ ਜ਼ੋਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਜਿਵੇਂ ਹੋਵੇ, ਉਨ੍ਹਾਂ ਦੇ ਧਰਮ ਦੀ ਰਾਖੀ ਕੀਤੀ ਜਾਵੇ।

ਗੁਰੂ ਜੀ ਕਸ਼ਮੀਰੀ ਪੰਡਤਾਂ ਦੀ ਵਿਥਿਆ ਸੁਣ ਕੇ ਸੋਚਵਾਨ ਹੋ ਗਏ। ਧਰਮ ਦੀ ਰਖਿਆ ਕਿਵੇਂ ਹੋਵੇ, ਉਹ ਇਸ ਪੁਰ ਵਿਚਾਰ ਕਰਨ ਲੱਗੇ। ਏਨੇ ਨੂੰ ਗੁਰੂ ਜੀ ਦੇ ਸਾਹਿਬਜ਼ਾਦੇ, ਬਾਲ ਗੋਬਿੰਦ ਰਾਇ ਬਾਹਰੋਂ ਖੇਡਦੇ ਘਰ ਪਰਤੇ।

ਕੀ ਵੇਖਦੇ ਹਨ ਕਿ ਪਿਤਾ ਜੀ ਗੰਭੀਰ ਰੂਪ ਹੋ ਕਿਸੇ ਡੂੰਘੀ ਸੋਚ ਵਿਚ ਗੁਆਚੇ ਹੋਏ ਹਨ। ਕੋਲ ਕੁਝ ਪਤਵੰਤੇ ਸੱਜਣ ਬੈਠੇ ਹਨ। ਉਹ ਵੀ ਗੰਭੀਰ ਤੇ ਉਦਾਸ ਵਿਖਾਈ ਦਿੰਦੇ ਹਨ। ਸੱਭੇ ਚੁੱਪ ਹਨ ਤੇ ਵਿਚਾਰਾਂ ਵਿਚ ਡੁੱਬੇ ਹੋਏ ਹਨ।

ਅਜਿਹਾ ਗੰਭੀਰ ਤੇ ਉਦਾਸ ਦ੍ਰਿਸ਼ ਬਾਲ ਗੋਬਿੰਦ ਲਈ ਬਿਲਕੁਲ ਨਵੀਂ ਚੀਜ਼ ਸੀ ਕਿਉਂਕਿ ਅੱਗੇ ਤਾਂ ਗੁਰੂ ਪਿਤਾ ਦੀ ਹਜ਼ੂਰੀ ਵਿਚ ਸਦਾ ਕਥਾ ਕੀਰਤਨ ਤੇ ਧਰਮ ਚਰਚਾ ਹੁੰਦੀ ਰਹਿੰਦੀ ਸੀ।

ਗੋਬਿੰਦ ਰਾਇ ਹੈਰਾਨੀ ਵਿਚ ਭਰੇ ਹੋਏ ਪਿਤਾ ਜੀ ਕੋਲ ਚਲੇ ਗਏ ਤੇ ਬੜੀ ਨਿਮ੍ਰਤਾ ਨਾਲ ਇਸ ਉਦਾਸੀ ਦਾ ਕਾਰਨ ਪੁੱਛਣ ਲੱਗੇ, 'ਗੁਰੂ ਜੀ ਦੀ ਵਿਚਾਰ ਮਗਨਤਾ ਟੁੱਟੀ। ਉਹਨਾਂ ਨੇ ਸਨੇਹ ਨਾਲ ਪੁੱਤਰ ਨੂੰ ਕੋਲ ਬੈਠਾ ਲਿਆ ਤੇ ਸਾਰੀ ਗੱਲ ਸੁਣਾਈ।

ਸੁਣ ਕੇ ਬਾਲ ਗੋਬਿੰਦ ਵੀ ਗੰਭੀਰ ਹੋ ਗਏ ਤੇ ਕਹਿਣ ਲੱਗੇ, 'ਫਿਰ ਪਿਤਾ ਜੀ! ਇਸ ਔਕੜ ਦਾ ਕੋਈ ਹਲ ਲਭਣਾ ਚਾਹੀਦਾ ਹੈ ਅਤੇ ਧਰਮ ਦੀ ਰੱਖਿਆ ਹੋਣੀ ਚਾਹੀਦੀ ਹੈ'।

ਗੁਰੂ ਪਿਤਾ ਮੁਸਕਰਾਏ। ਚਿਹਰਾ ਗੰਭੀਰ ਤੇ ਦ੍ਰਿੜ੍ਹ। ਮਸਤਕ ਨੂਰ ਭਰਪੂਰ। ਤੱਕਣੀ ਵਿਚ ਕੋਮਲਤਾ ਲਿਆਂਦੇ ਹੋਏ ਉਹਨਾਂ ਨੇ ਕਿਹਾ, 'ਬੇਟਾ ਜੀ! ਇਸ ਸਮੇਂ ਧਰਮ ਦੀ ਰੱਖਿਆ ਕਿਸੇ ਮਹਾਂਪੁਰਖ ਦੇ ਸੀਸ ਦੇਣ ਨਾਲ ਹੀ ਹੋ ਸਕਦੀ ਹੈ'।

ਬਾਲ ਗੋਬਿੰਦ ਨੇ ਪਿਤਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕਿਆ ਤੇ ਗੰਭੀਰ ਆਵਾਜ਼ ਵਿਚ ਕਹਿਣ ਲੱਗੇ, 'ਪਿਤਾ ਜੀ! ਆਪ ਨਾਲੋਂ ਵੱਡਾ ਮਹਾਂਪੁਰਖ ਹੋਰ ਕੌਣ ਹੈ? ਆਪ ਹੀ ਧਰਮ ਤੇ ਜਾਤੀ ਦੀ ਰੱਖਿਆ ਲਈ ਮੈਦਾਨ ਵਿਚ ਨਿੱਤਰੋ!'

ਨੌਂ ਸਾਲ ਦਾ ਨਿੱਕਾ ਜਿਹਾ ਬਾਲਕ ਆਪਣੇ ਪਿਤਾ ਨੂੰ ਕੌਮ ਲਈ ਬਲੀਦਾਨ ਦੇਣ ਵਾਸਤੇ ਆਪ ਕਹਿ ਰਿਹਾ ਹੈ।

ਪਿਤਾ ਫੇਰ ਮੁਸਕਰਾਏ। ਸਨੇਹ ਨਾਲ ਪੁੱਤਰ ਦੀ ਪਿੱਠ ਤੇ ਹੱਥ ਫੇਰਿਆ ਤੇ ਕਹਿਣ ਲੱਗੇ, 'ਪੁੱਤਰ ਜੀ! ਅਸੀਂ ਪਹਿਲੇ ਹੀ ਇਹ ਨਿਸਚਾ ਕਰ ਚੁਕੇ ਹਾਂ। ਕੇਵਲ ਤੁਹਾਡੀ ਆਗਿਆ ਦੀ ਉਡੀਕ ਸੀ'।

'ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਸੰਦੇਸ਼ਾ ਭੇਜੋ ਕਿ ਤੇਗ ਬਹਾਦਰ ਸਾਡੇ ਨੇਤਾ ਹਨ। ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਨ ਲਈ ਤਿਆਰ ਕਰ ਲਵੋ ਤਾਂ ਅਸੀਂ ਸਾਰੇ ਦੀਨ ਇਸਲਾਮ ਕਬੂਲ ਕਰ ਲਵਾਂਗੇ। ਜਦੋਂ ਬਾਦਸ਼ਾਹ ਸਾਨੂੰ ਬੁਲਾਵੇਗਾ ਤਾਂ ਅਸੀਂ ਉਸ ਨਾਲ ਨਜਿੱਠ ਲਵਾਂਗੇ'।

ਕਸ਼ਮੀਰੀ ਪੰਡਤਾਂ ਨੇ ਸੁਖ ਦਾ ਸਾਹ ਲਿਆ। ਉਹਨਾਂ ਨੂੰ ਵੱਡਾ ਸਹਾਰਾ ਮਿਲ ਗਿਆ। ਉਹ ਮਹਾਨ ਪਿਤਾ ਤੇ ਮਹਾਨ ਪੁੱਤਰ ਨੂੰ ਨਮਸ਼ਕਾਰ ਕਰਕੇ ਖ਼ੁਸ਼ ਖ਼ੁਸ਼ ਵਿਦਾ ਹੋਏ।

Disclaimer Privacy Policy Contact us About us