ਆਨੰਦਪੁਰ ਤੋਂ ਅੰਤਮ ਵਿਦਾਇਗੀ


ਕਸ਼ਮੀਰ ਵਾਪਸ ਪਹੁੰਚ ਕੇ ਪੰਡਤ ਉਥੋਂ ਦੇ ਸੂਬੇਦਾਰ ਸ਼ੇਰ ਅਫ਼ਗ਼ਾਨ ਨੂੰ ਮਿਲੇ ਅਤੇ ਗੁਰੂ ਜੀ ਦੇ ਸਮਝਾਏ ਅਨੁਸਾਰ ਉਸ ਨੂੰ ਕਿਹਾ ਕਿ ਗੁਰੂ ਤੇਗ ਬਹਾਦਰ ਸਾਡੇ ਆਗੂ ਹਨ।

ਤੁਸੀਂ ਉਹਨਾਂ ਨਾਲ ਗੱਲ ਬਾਤ ਕਰੋ। ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਦੀਨ ਇਸਲਾਮ ਵਿਚ ਆ ਜਾਵਾਂਗੇ।

ਸ਼ੇਰ ਅਫ਼ਗ਼ਾਨ ਗੁਰੂ ਜੀ ਨਾਲ ਸਿੱਧੀ ਬਾਤ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਉਸ ਦੇ ਅਧਿਕਾਰ ਖੇਤਰ ਵਿਚੋਂ ਬਾਹਰ ਰਹਿੰਦੇ ਸਨ। ਉਸ ਨੇ ਸਾਰਾ ਮਾਮਲਾ ਔਰੰਗਜ਼ੇਬ ਨੂੰ ਲਿਖ ਭੇਜਿਆ।

ਔਰੰਗਜ਼ੇਬ ਪਹਿਲੇ ਹੀ ਗੁਰੂ ਜੀ ਨੂੰ ਹੱਥ ਵਿਚ ਕਰਨਾ ਚਾਹੁੰਦਾ ਸੀ ਕਿਉਂ ਜੋ ਗੁਰੂ ਜੀ ਦੇ ਪ੍ਰਚਾਰ ਦੇ ਅਸਰ ਹੇਠ ਸਿੱਖੀ ਦਾ ਬੜਾ ਵਿਸਥਾਰ ਹੁੰਦਾ ਜਾ ਰਿਹਾ ਸੀ।

ਉਹ ਇਸ ਨੂੰ ਠਲ੍ਹ ਪਾਣਾ ਚਾਹੁੰਦਾ ਸੀ। ਉਸ ਨੂੰ ਇਹ ਰਸਤਾ ਬੜਾ ਸੌਖਾਂ ਲਗਾ ਕਿ ਗੁਰੂ ਜੀ ਤੇ ਦਬਾਅ ਪਾ ਕੇ ਉਹਨਾਂ ਨੂੰ ਮਸਲਮਾਨ ਬਣਨ ਤੇ ਮਜਬੂਰ ਕੀਤਾ ਜਾਏ ਤੇ ਉਨ੍ਹਾਂ ਦੇ ਮਗਰ ਸਾਰੇ ਹਿੰਦੂ ਇਸਲਾਮ ਵਿਚ ਆ ਜਾਣਗੇ।

ਇਹ ਸੋਚ ਕੇ ਉਸ ਨੇ ਗੁਰੂ ਜੀ ਦੀ ਗ੍ਰਿਫ਼ਤਾਰੀ ਤੇ ਦਿੱਲੀ ਲਿਆਉਣ ਦਾ ਹੁਕਮ ਜਾਰੀ ਕਰ ਦਿਤਾ। ਗੁਰੂ ਤੇਗ ਬਹਾਦਰ ਜੀ ਜਾਣਦੇ ਸਨ ਕਿ ਕਸ਼ਮੀਰੀ ਪੰਡਤਾਂ ਕੋਲੋਂ ਸਾਡੀ ਕਹੀ ਹੋਈ ਗੱਲ ਸੁਣ ਕੇ ਬਾਦਸ਼ਾਹ ਸਾਨੂੰ ਦਿੱਲੀ ਸਦੇਗਾ ਤੇ ਉਥੇ ਉਨ੍ਹਾਂ ਨੂੰ ਸ਼ਹੀਦੀ ਦੇਣੀ ਹੋਵੇਗੀ।

ਸੋ ਦਿੱਲੀ ਪਹੁੰਚਣ ਤਕ ਦਾ ਸਮਾਂ ਗੁਰੂ ਜੀ ਨੇ ਦੇਸ਼ ਦੇ ਰਟਨ ਤੇ ਲੋਕਾਂ ਵਿਚ ਜਾਗ੍ਰਤੀ ਲਿਆਉਣ ਵਿਚ ਖ਼ਰਚ ਕਰਨ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਸੰਮਤ 1730 ਵਿਚ ਆਪਣੇ ਪਰਿਵਾਰ ਤੇ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਤੋਂ ਅੰਤਮ ਵਿਦਾਇਗੀ ਲਈ ਅਤੇ ਪੰਜਾਬ ਦਾ ਰਟਨ ਕਰਦੇ ਹੋਏ ਪੂਰਬ ਵਲ ਚਲੇ।

ਇਸ ਤੋਂ ਪਹਿਲਾਂ ਗੁਰੂ ਜੀ ਜਦੋਂ ਰਟਨ ਲਈ ਨਿਕਲਦੇ ਸਨ ਤਾਂ ਆਪ ਲੋਕਾਂ ਨੂੰ ਸਿੱਖੀ ਦਾ ਮਾਰਗ ਅਪਨਾਉਣ ਦੀ ਪ੍ਰੇਰਨਾ ਕਰਦੇ ਸਨ। ਪਰ ਹੁਣ ਆਪ ਜਿਥੇ ਵੀ ਜਾਂਦੇ ਲੋਕਾਂ ਨੂੰ ਜ਼ੂਲਮ ਦਾ ਟਾਕਰਾ ਕਰਨ ਲਈ ਡਟ ਜਾਣ ਦੀ ਸਿਖਿਆ ਦਿੰਦੇ।

ਉਹ ਲੋਕਾਂ ਅੰਦਰ ਸਵੈ ਵਿਸ਼ਵਾਸ਼ ਜਗਾਉਂਦੇ, ਉਹਨਾਂ ਅੰਦਰ ਹਿੰਮਤ, ਦਲੇਰੀ ਅਤੇ ਦ੍ਰਿੜ੍ਹਤਾ ਪੈਦਾ ਕਰਦੇ। ਜਿਸ ਇਲਾਕੇ ਵਿਚੋਂ ਆਪ ਲੰਘਦੇ, ਲੋਕ ਆਪ ਦੇ ਬਚਨ ਸੁਣਨ ਲਈ ਵਹੀਰਾਂ ਘੱਤ ਕੇ ਪੁੱਜਦੇ।

ਗੁਰੂ ਜੀ ਦੇ ਉਪਦੇਸ਼ ਸੁਣ ਕੇ ਉਹ ਆਪਣੇ ਅੰਦਰ ਨਵਾਂ ਤਾਣ, ਬਲ ਅਤੇ ਹੌਂਸਲਾ ਮਹਿਸੂਸ ਕਰਦੇ। ਸ਼ਾਹੀ ਸੂਹੀਏ ਵੀ ਸੰਗਤਾਂ ਵਿਚ ਮਿਲ ਕੇ ਸੂਹਾਂ ਲੈਂਦੇ ਸਨ ਤੇ ਬਾਦਸ਼ਾਹ ਨੂੰ ਖ਼ਬਰਾਂ ਭੇਜਦੇ ਸਨ।

ਉਹ ਲਿਖਦੇ ਕਿ ਗੁਰੂ ਜੀ ਪੰਜਾਬ ਵਿਚ ਹਕੂਮਤ ਦੇ ਵਿਰੁੱਧ ਵੱਡੀ ਲਹਿਰ ਪੈਦਾ ਕਰ ਰਿਹਾ ਹੈ। ਇਸ ਨੂੰ ਰੋਕਣਾ ਚਾਹੀਦਾ ਹੈ ਨਹੀਂ ਤਾਂ ਇਹ ਹਕੂਮਤ ਲਈ ਭਾਰਾ ਖ਼ਤਰਾ ਬਣ ਜਾਏਗੀ।

ਔਰੰਗਜ਼ੇਬ ਬੜਾ ਔਖਾ ਹੋ ਰਿਹਾ ਸੀ। ਅੱਗੇ ਦੱਖਣ ਦੀਆਂ ਬਗ਼ਾਵਤਾਂ ਹੀ ਉਹਦੇ ਲਈ ਭਾਰੀ ਮੁਸੀਬਤ ਬਣੀਆਂ ਹੋਈਆਂ ਸਨ। ਉੱਤੋਂ ਰਾਵਲ ਪਿੰਡੀ ਵਲ ਪਠਾਣਾਂ ਨੇ ਸਿਰ ਚੁੱਕ ਲਿਆ ਸੀ।

ਔਰੰਗਜ਼ੇਬ ਪਠਾਣਾਂ ਨੂੰ ਦਬਾਉਣ ਲਈ ਪਿੰਡੀ ਵਲ ਦੌੜਿਆ ਤੇ ਆਪਣੇ ਕਾਹਿਮ ਮੁਕਾਮ ਅਮੀਰਾਂ ਨੂੰ ਹਦਾਇਤ ਕਰ ਗਿਆ ਕਿ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਲਿਆਂਦਾ ਜਾਏ ਤਾਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਏ।

ਬਾਦਸ਼ਾਹ ਦੇ ਫ਼ੌਜੀ ਅਹਿਲਕਾਰ ਆਨੰਦਪੁਰ ਗਏ ਤਾਂ ਗੁਰੂ ਜੀ ਉਹਨਾਂ ਨੂੰ ਨਹੀਂ ਮਿਲੇ ਕਿਉਂਕਿ ਉਹ ਤਾਂ ਪੰਜਾਬ ਦੇ ਦੌਰੇ ਤੇ ਨਿਕਲੇ ਹੋਏ ਸਨ।

Disclaimer Privacy Policy Contact us About us