ਨਵਾਬ ਸੈਫ਼ ਖ਼ਾਨ


ਗੁਰੂ ਜੀ ਪਿੰਡਾਂ ਵਿਚ ਸਿੱਖੀ ਦਾ ਨਾਮ ਦਾਨ ਦਿੰਦੇ ਹੋਏ ਸੈਫ਼ਾਬਾਦ ਪੁੱਜੇ। ਇਸ ਸਥਾਨ ਨੂੰ ਅੱਜ ਕਲ੍ਹ ਬਹਾਦਰ ਗੜ੍ਹ ਦਾ ਕਿਲ੍ਹਾ ਕਹਿੰਦੇ ਹਨ।

ਇਹ ਸਥਾਨ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ਤੇ ਸਥਿਤ ਹੈ ਅਤੇ ਪਟਿਆਲੇ ਤੋਂ ਅੱਠ ਕਿਲੋਮੀਟਰ ਦੇ ਫਾਸਲੇ ਤੇ ਹੈ।

ਇਸ ਨਗਰ ਨੂੰ ਸੈਫ਼ਾਬਾਦ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇਸ ਨੂੰ ਵਸਾਉਣ ਵਾਲਾ ਨਵਾਬ ਸੈਫ਼ ਖ਼ਾਂ ਸੀ।

ਨਵਾਬ ਸੈਫ਼ ਖਾਂ ਬਾਦਸ਼ਾਹ ਦਾ ਸਾਂਢੂ, ਤਰਬੀਅਤ ਖ਼ਾਂ ਬਖ਼ਸ਼ੀ ਸ਼ਾਹ ਜਹਾਨੀ ਦਾ ਪੁੱਤਰ ਅਤੇ ਫ਼ਿਦਾਈ ਖ਼ਾਂ ਦਾ ਭਰਾ ਸੀ।

ਨਵਾਬ ਸੈਫ਼ ਖ਼ਾਂ ਨੇ ਮੁਗਲ ਸਰਕਾਰ ਦੇ ਕਈ ਮਹੱਤਵ ਪੂਰਨ ਅਹੁਦਿਆਂ ਤੇ ਕੰਮ ਕੀਤਾ ਸੀ। ਉਹ ਕਸ਼ਮੀਰ ਦਾ ਸੂਬੇਦਾਰ ਰਹਿ ਚੁਕਾ ਸੀ।

ਪਰ ਕੁਝ ਸਮੇਂ ਬਾਅਦ ਉਸ ਨੇ ਫ਼ਕੀਰੀ ਪਹਿਰਾਵਾ ਧਾਰਨ ਕਰ ਲਿਆ ਸੀ। ਜਦ ਗੁਰੂ ਤੇਗ ਬਹਾਦਰ ਜੀ ਉਸਨੂੰ ਮਿਲਣ ਵਾਸਤੇ ਸੈਫ਼ਾਬਾਦ ਪੁੱਜੇ ਤਾਂ ਨਵਾਬ ਸੈਫ਼ ਖ਼ਾਂ ਆਪ ਗੁਰੂ ਜੀ ਨੂੰ ਮਿਲਣ ਵਾਸਤੇ ਬਾਹਰ ਆਇਆ।

ਗੁਰੂ ਜੀ ਨੇ ਉਸ ਦੇ ਬਾਗ ਵਿਚ ਡੇਰਾ ਲਾਇਆ। ਸੈਫ਼ ਖਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ।

ਕੁਝ ਦਿਨ ਤਾਂ ਗੁਰੂ ਜੀ ਬਾਹਰ ਬਾਗ ਵਿਚ ਠਹਿਰੇ, ਪਰ ਫਿਰ ਸੈਫ਼ ਖ਼ਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਸ ਦੀਆਂ ਬੇਗਮਾਂ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਇਸ ਲਈ ਮੇਰੇ ਮਹਿਲਾਂ ਵਿਚ ਨਿਵਾਸ ਕਰੋ।

ਗੁਰੂ ਜੀ ਨੇ ਅੰਦਰ ਜਾਣਾ ਪਰਵਾਨ ਕਰ ਲਿਆ। ਉਹ ਗੁਰੂ ਜੀ ਨੂੰ ਘੋੜੇ ਉਤੇ ਚੜ੍ਹੇ ਹੀ ਅੰਦਰ ਲੈ ਗਿਆ ਅਤੇ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਵੀ ਪਾਲਕੀ ਵਿਚ ਹੀ ਅੰਦਰ ਗਈਆਂ।

ਉਸ ਦੀਆਂ ਬੇਗਮਾਂ ਨੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਨੂੰ ਮੱਥਾ ਟੇਕਿਆ ਅਤੇ ਕੀਮਤੀ ਗਹਿਣੇ ਭੇਂਟ ਕੀਤੇ।

ਸੈਫ਼ ਖਾਂ ਨੇ ਗੁਰੂ ਜੀ ਨੂੰ ਸੁੰਦਰ ਮਕਾਨ ਵਿਚ ਠਹਿਰਿਆ। ਗੁਰੂ ਜੀ ਦੇ ਮਕਾਨ ਦੇ ਸਾਹਮਣੇ ਇਕ ਸੁੰਦਰ ਮਸੀਤ ਬਣੀ ਹੋਈ ਸੀ।

ਜਦ ਗੁਰੂ ਸਾਹਿਬ ਨੇ ਉਸ ਮਸੀਤ ਨੂੰ ਵੇਖਿਆ ਤਾਂ ਕਹਿਣ ਲੱਗੇ, 'ਜਿਥੇ ਏਨੀ ਸੁੰਦਰ ਮਸੀਤ ਬਣੀ ਹੋਈ ਸੀ ਉਥੇ ਮਕਾਨ ਦੀ ਕੀ ਲੋੜ ਸੀ? ਅਸੀਂ ਮਸੀਤ ਵਿਚ ਹੀ ਬੈਠ ਜਾਇਆ ਕਰਦੇ'।

ਸੈਫ਼ ਖ਼ਾਂ ਨੇ ਕਿਹਾ ਇਹ ਮੁਸਲਮਾਨਾਂ ਵਾਸਤੇ ਹੈ, ਤੁਸੀਂ ਨਵਾਂ ਧਰਮ ਚਲਾਇਆ ਹੈ। ਸ਼ਾਇਦ ਤੁਸੀਂ ਇਸ ਨੂੰ ਯੋਗ ਨਾ ਸਮਝਦੇ।

ਗੁਰੂ ਜੀ ਨੇ ਫ਼ੁਰਮਾਇਆ ਕਿ ਉਹ ਕਿਸੇ ਧਰਮ ਨਾਲ ਵਿਤਕਰਾ ਨਹੀਂ ਕਰਦੇ। ਸਾਡੇ ਵਾਸਤੇ ਮਸੀਤਾਂ ਅਤੇ ਮੰਦਰ ਸਭ ਬਰਾਬਰ ਹਨ।

ਗੁਰੂ ਜੀ ਦੇ ਮਹਿਲ ਦੇ ਦੁਆਲੇ ਬਣੀ ਦੀਵਾਰ ਨੂੰ ਵੇਖ ਕੇ ਕਿਹਾ ਕਿ ਇਹ ਕੰਧਾਂ ਏਨੀਆਂ ਮਜ਼ਬੂਤ ਨਹੀਂ ਹਨ।

ਸੈਫ਼ ਖਾਂ ਨੇ ਕਿਹਾ ਕਿ ਉਹ ਦੁਬਾਰਾ ਮਜ਼ਬੂਤ ਕੰਧਾਂ ਬਣਾ ਦੇਣਗੇ। ਗੁਰੂ ਜੀ ਨੇ ਕਿਹਾ ਕਿ ਤੁਹਾਨੂੰ ਹੁਣ ਹੋਰ ਕੰਧਾਂ ਬਣਾਉਣ ਦੀ ਲੋੜ ਨਹੀਂ. ਕੋਈ ਸਮਾਂ ਆਵੇਗਾ ਕਿ ਇਹ ਕੰਧਾਂ ਇਕ ਮਜ਼ਬੂਤ ਕਿਲ੍ਹੇ ਦਾ ਰੂਪ ਧਾਰਨ ਕਰ ਜਾਣਗੀਆਂ।

ਗੁਰੂ ਜੀ ਦੇ ਬਚਨਾਂ ਅਨੁਸਾਰ ਬਾਅਦ ਵਿਚ ਮਹਾਰਾਜਾ ਪਟਿਆਲਾ ਨੇ ਉਨ੍ਹਾਂ ਕੰਧਾਂ ਨੂੰ ਮਜ਼ਬੂਤ ਕਰਕੇ ਇਕ ਮਜ਼ਬੂਤ ਕਿਲ੍ਹਾ ਬਣਾ ਦਿਤਾ ਅਤੇ ਉਸ ਕਿਲ੍ਹੇ ਦਾ ਨਾਂ ਬਹਾਦਰ ਗੜ੍ਹ ਰਖਿਆ।

ਸੈਫ਼ ਖ਼ਾਂ ਨੇ ਗੁਰੂ ਜੀ ਦੀ ਸਵਾਰੀ ਲਈ ਇਕ ਸੁੰਦਰ ਘੋੜਾ ਭੇਂਟ ਕੀਤਾ। ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਦੀ ਸਵਾਰੀ ਵਾਸਤੇ ਇਕ ਸੁੰਦਰ ਰੱਥ ਬਣਵਾਇਆ।

ਨਵਾਬ ਸੈਫ਼ ਖ਼ਾਂ ਹਰ ਵੇਲੇ ਗੁਰੂ ਜੀ ਪਾਸ ਬੈਠਾ ਰਹਿੰਦਾ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਦਾ ਰਹਿੰਦਾ। ਗੁਰੂ ਜੀ ਉਸ ਪਾਸ ਨੌ ਦਿਨ ਠਹਿਰੇ।

Disclaimer Privacy Policy Contact us About us