ਗੁਰੂ ਜੀ ਦੀ ਗ੍ਰਿਫ਼ਤਾਰੀ


ਛੋਟੇ ਛੋਟੇ ਪੜਾਅ ਕਰਦੇ ਗੁਰੂ ਜੀ ਆ ਆਗਰੇ ਪੁੱਜੇ। ਉਥੇ ਆਪ ਨੇ ਨਗਰ ਤੋਂ ਬਾਹਰਵਾਰ ਬਣੇ ਇਕ ਬਗੀਚੇ ਵਿਚ ਜਾ ਡੇਰਾ ਕੀਤਾ। ਆਪ ਨੇ ਸ਼ਾਹੀ ਅਹਿਲਕਾਰਾਂ ਨੂੰ ਆਪਣੀ ਆਵੰਦ ਦੀ ਖ਼ਬਰ ਇਕ ਵਿਲੱਖਣ ਢੰਗ ਨਾਲ ਕੀਤੀ। ਜਿਸ ਬਗੀਚੀ ਵਿਚ ਆਪ ਠਹਿਰੇ ਸਨ। ਉਸ ਦੇ ਲਾਗੇ ਇਕ ਆਜੜੀ ਮੁੰਡਾ ਭੇਡਾਂ ਚਾਰਦਾ ਪਿਆ ਸੀ।

ਆਪ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਇਕ ਕੀਮਤੀ, ਸੁੱਚੇ ਨਗਾਂ ਵਾਲੀ ਮੁੰਦਰੀ ਦੇ ਕੇ ਆਖਿਆ ਕਿ ਇਸ ਨੂੰ ਵੇਚ ਕੇ ਦੋ ਰੁਪਿਆਂ ਦੀ ਮਠਿਆਈ ਲੈ ਆ। ਮਠਿਆਈ ਬੰਨ੍ਹਣ ਲਈ ਆਪ ਨੇ ਆਪਣਾ ਵੱਡਮੁੱਲਾ ਦੁਸ਼ਾਲਾ ਲਾਹਕੇ ਉਸ ਨੂੰ ਫੜਾ ਦਿੱਤਾ।

ਮੁੰਡਾ ਇਕ ਹਲਾਵਾਈ ਦੀ ਦੁਕਾਨ ਤੇ ਗਿਆ ਤੇ ਉਸ ਨੂੰ ਮੁੰਦਰੀ ਦੇ ਕੇ ਦੋ ਰੁਪਿਆ ਦੀ ਮਠਿਆਈ ਤੇ ਬਾਕੀ ਪੈਸੇ ਦੇਣ ਲਈ ਕਿਹਾ। ਮਠਿਆਈ ਪੁਆਉਣ ਲਈ ਉਸ ਨੇ ਗੁਰੂ ਜੀ ਦਾ ਕੀਮਤੀ ਦੁਸ਼ਾਲਾ ਉਸ ਦੇ ਸਾਹਮਣੇ ਵਿਛਾ ਦਿੱਤਾ।

ਦੋ ਬਹੁ ਮੁੱਲੀਆਂ ਵਸਤਾਂ ਇਕ ਗ਼ਰੀਬ ਆਜੜੀ ਕੋਲ ਵੇਖ ਕੇ ਹਲਵਾਈ ਨੂੰ ਸ਼ਕ ਪੈ ਗਿਆ ਕਿ ਇਸ ਨੇ ਜ਼ਰੂਰ ਇਹ ਕਿਤੋਂ ਚੁਰਾਈਆਂ ਹਨ।

ਉਹ ਮੁੰਡੇ ਨੂੰ ਫੜ ਕੇ ਸ਼ਹਿਰ ਦੇ ਕੋਤਵਾਲ ਪਾਸ ਲੈ ਗਿਆ। ਕੋਤਵਾਲ ਦੇ ਪੁਛਣ ਤੇ ਆਜੜੀ ਨੇ ਦਸਿਆ ਕਿ ਇਹ ਵਸਤਾਂ ਮੈਨੂੰ ਇਕ ਸਾਧੂ ਮਹਾਰਾਜ ਨੇ ਦਿੱਤੀਆਂ ਹਨ ਜਿਹੜੇ ਨਗਰ ਦੇ ਬਾਹਰ ਵਾਲੀ ਬਗੀਚੀ ਵਿਚ ਉਤਰੇ ਹੋਏ ਹਨ।

ਕੋਤਵਾਲ ਨੇ ਉਸ ਨਾਲ ਆਪਣੇ ਸਿਪਾਹੀ ਭੇਜੇ ਕਿ ਪਤਾ ਕਰਕੇ ਆਉਣ। ਗੁਰੂ ਜੀ ਨੇ ਸਿਪਾਹੀਆਂ ਨੂੰ ਆਪਣੇ ਬਾਰੇ ਖੋਲ੍ਹ ਕੇ ਦਸਦਿਆਂ ਕਿਹਾ ਕਿ ਅਸੀਂ ਬਾਦਸ਼ਾਹ ਨੂੰ ਮਿਲਣ ਆਏ ਹਾਂ।

ਸਿਪਾਹੀਆਂ ਕੋਲੋਂ ਖ਼ਬਰ ਪਾ ਕੇ ਕੋਤਵਾਲ ਕਿਲ੍ਹੇ ਵਲ ਨੱਸਾ ਗਿਆ। ਕਿਲ੍ਹੇਦਾਰ ਨੇ ਉਸੇ ਪਲ ਸੌ ਸਵਾਰਾਂ ਦਾ ਇਕ ਦਸਤਾ ਉਧਰ ਭੇਜਿਆ। ਫ਼ੌਜ ਵਾਲੇ ਗੁਰੂ ਜੀ ਨੂੰ ਪੰਜਾਂ ਸਿੱਖਾਂ ਸਣੇ ਗ੍ਰਿਫ਼ਤਾਰ ਕਰਕੇ ਕਿਲ੍ਹੇ ਵਿਚ ਲੈ ਗਏ।

ਗੁਰੂ ਜੀ ਦੀ ਗ੍ਰਿਫ਼ਤਾਰੀ ਦੀ ਇਤਲਾਹ ਦਿੱਲੀ ਭੇਜੀ ਗਈ। ਉਥੋਂ ਬਾਰ੍ਹਾਂ ਸੌ ਸਵਾਰਾਂ ਦਾ ਦਸਤਾ ਆਗਰੇ ਪਹੁੰਚਾ ਤੇ ਗੁਰੂ ਜੀ ਨੂੰ ਪੰਜਾਂ ਸਿੱੱਖਾਂ ਸਮੇਤ ਕਰੜੀ ਨਿਗਰਾਨੀ ਵਿਚ ਦਿੱਲੀ ਲਿਜਾਇਆ ਗਿਆ।

ਉਥੇ ਆਪ ਨੂੰ ਬੰਦੀਖ਼ਾਨੇ ਵਿਚ ਪਾ ਦਿੱਤਾ ਗਿਆ ਤੇ ਸਖ਼ਤ ਪਹਿਰਾ ਲਾ ਦਿੱਤਾ ਗਿਆ।

Disclaimer Privacy Policy Contact us About us