ਭਾਈ ਉਦੋ ਤੇ ਭਾਈ ਚੀਮਾ ਨੇ ਜੇਲ੍ਹ ਵਿਚੋਂ ਨੱਸ ਜਾਣਾ


ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਤੋਂ ਭਾਈ ਉਦੋ ਤੇ ਭਾਈ ਚੀਮਾ ਬੜੇ ਜੋਸ਼ ਵਿਚ ਆਏ।

ਉਨ੍ਹਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਬੇਵਸੀ ਦੀ ਮੌਤ ਨਹੀਂ ਮਰਨਾ ਚਾਹੁੰਦੇ।

ਆਪ ਸਾਨੂੰ ਆਗਿਆ ਦਿਉ ਤਾਂ ਜੋ ਅਸੀਂ ਜੇਲ੍ਹ ਵਿਚੋਂ ਨਿਕਲ ਜਾਈਏ ਤੇ ਬਾਹਰ ਜਾ ਕੇ ਸਿੱਖਾਂ ਵਿਚ ਜੋਸ਼ ਤੇ ਜਾਗ੍ਰਤ ਪੈਦਾ ਕਰੀਏ ਕਿ ਉਹ ਜਾਬਰ ਮੁਗ਼ਲ ਸਰਕਾਰ ਦੇ ਵਿਰੁੱਧ ਸੰਗਠਤ ਹੋਣ ਤੇ ਇਸ ਦਾ ਡਟ ਕੇ ਮੁਕਾਬਲਾ ਕਰਨ।

ਇਹ ਹਕੂਮਤ ਹੁਣ ਆਪਣੇ ਪਤਨ ਵਲ ਵੱਧ ਰਹੀ ਹੈ, ਇਸ ਨੂੰ ਕੇਵਲ ਧੱਕਾ ਦੇਣ ਦੀ ਲੋੜ ਹੈ।

ਗੁਰੂ ਜੀ ਨੇ ਜਾਣ ਲਿਆ ਕਿ ਇਨ੍ਹਾਂ ਸਿੱਖਾਂ ਵਿਚ ਬੀਰ ਰਸ ਦਾ ਸੰਚਾਰ ਹੋ ਆਇਆ ਹੈ ਅਤੇ ਇਹ ਜ਼ੁਲਮ ਤੇ ਬੇਇਨਸਾਫ਼ੀ ਦਾ ਟਾਕਰਾ ਕਰਨ ਤੇ ਤੱਤਪਰ ਹਨ, ਇਸ ਲਈ ਗੁਰੂ ਜੀ ਨੇ ਉਨ੍ਹਾਂ ਨੂੰ ਜੇਲ੍ਹ ਵਿਚੋਂ ਚਲੇ ਜਾਣ ਦੀ ਆਗਿਆ ਦੇ ਦਿੱਤੀ।

ਦੋਵੇਂ ਸੂਰਮੇ ਜੇਲ੍ਹ ਦੀ ਕੰਧ ਤੋੜ ਕੇ ਨਿਕਲ ਗਏ। ਇਸ ਨਾਲ ਅਧਿਕਾਰੀ ਡਰ ਗਏ ਕਿ ਕਿਧਰੇ ਗੁਰੂ ਜੀ ਵੀ ਨਾ ਇਸ ਤਰ੍ਹਾਂ ਜੇਲ੍ਹ ਵਿਚੋਂ ਨਿਕਲ ਜਾਣ। ਉਨ੍ਹਾਂ ਨੇ ਗੁਰੂ ਜੀ ਨੂੰ ਲੋਹੇ ਦੇ ਮਜ਼ਬੂਤ ਪਿੰਜਰੇ ਵਿਚ ਬੰਦ ਕਰ ਦਿੱਤਾ ਤੇ ਕਰੜਾ ਪਹਿਰਾ ਲਗਾ ਦਿਤਾ।

ਉਧਰ ਆਨੰਦਪੁਰ ਬੈਠੇ ਦਸਮ ਗੁਰੂ ਜੀ ਆਪਣੇ ਪਿਤਾ ਜੀ ਵਲੋਂ ਬੜੇ ਚਿੰਤਤ ਸਨ। ਉਨ੍ਹਾਂ ਨੇ ਇਕ ਚਤਰ ਤੇ ਚੁਸਤ ਸਿੱਖ ਨੂੰ ਦਿੱਲੀ ਭੇਜਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਖ਼ਬਰ ਸਾਰ ਲਿਆਵੇ।

ਸਿੱਖ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਜੀ ਨੂੰ ਜੇਲ੍ਹ ਵਿਚ ਮਿਲਣ ਵਿਚ ਸਫਲ ਹੋ ਗਿਆ।

ਗੁਰੂ ਜੀ ਨੇ ਉਸ ਦੇ ਰਾਹੀਂ ਸਾਹਿਬਜ਼ਾਦਾ ਜੀ ਵਲ ਸ਼ਬਦ ਦੇ ਰੂਪ ਵਿਚ ਪੱਤਰ ਭੇਜਿਆ ਜਿਸ ਵਿਚ ਆਪ ਨੇ ਅਕਾਲ ਪੁਰਖ ਦੀ ਟੇਕ ਤੇ ਰਹਿਣ ਦਾ ਨਿਸਚਾ ਪ੍ਰਗਟ ਕੀਤਾ।

ਇਸ ਦੇ ਉੱਤਰ ਵਿਚ ਸ੍ਰੀ ਗੁਰੂ ਗੋਬਿੰਦ ਰਾਇ ਜੀ ਨੇ ਪੱਤਰ ਭੇਜਿਆ, ਉਸ ਤੋਂ ਗੁਰੂ ਜੀ ਨੂੰ ਪੂਰਾ ਭਰੋਸਾ ਹੋ ਗਿਆ ਕਿ ਗੋਬਿੰਦ ਜੀ ਗੁਰ-ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਸੁਯੋਗ ਹਨ।

ਆਪ ਨੇ ਪੱਤਰ ਦੁਆਰਾ ਗੋਬਿੰਦ ਰਾਇ ਜੀ ਨੂੰ ਆਪਣੀ ਜਗ੍ਹਾਂ ਗੁਰੂ ਨੀਯਤ ਕੀਤਾ ਅਤੇ ਲਿਖਿਆ:-

ਨਾਮੁ ਰਹਿਓ ਸਾਧੂ ਰਹਿਓ, ਰਹਿਓ ਗੁਰੁ ਗੋਬਿੰਦੁ ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰਮੰਤ ॥੫੬॥

Disclaimer Privacy Policy Contact us About us