ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ


ਦਿੱਲੀ ਤੋਂ ਗੁਰੂ ਜੀ ਨਾਲ ਹੋਈ ਕਾਜ਼ੀ ਦੀ ਗੱਲ ਬਾਤ ਦੀ ਪੂਰੀ ਇਤਲਾਹ ਔਰੰਗਜ਼ੇਬ ਨੂੰ ਭੇਜ ਦਿੱਤੀ ਗਈ ਸੀ।

ਨਵੰਬਰ 1675 ਵਿਚ ਗੁਰੂ ਜੀ ਬਾਰੇ ਬਾਦਸ਼ਾਹ ਦਾ ਹੁਕਮ ਪਹੁੰਚ ਗਿਆ। ਉਸ ਨੂੰ ਲੈ ਕੇ ਵੱਡਾ ਕਾਜ਼ੀ ਗੁਰੂ ਜੀ ਪਾਸ ਆਇਆ ਤੇ ਕਹਿਣ ਲਗਾ ਕਿ ਬਾਦਸ਼ਾਹ ਨੇ ਆਪ ਵਲ ਫ਼ੁਰਮਾਨ ਭੇਜਿਆ ਹੈ ਕਿ

'ਜਾਂ ਤਾਂ ਕਮਲਾ ਪੜ੍ਹ ਕੇ ਦੀਨ ਇਸਲਾਮ ਪ੍ਰਵਾਨ ਕਰੋ, ਜਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਕੋਈ ਕਰਾਮਾਤ ਵਿਖਾਉ ਤੇ ਜਾਂ ਮੌਤ ਲਈ ਤਿਆਰ ਹੋ ਜਾਉ'।

ਗੁਰੂ ਜੀ ਨੇ ਸ਼ਾਂਤ ਮਨ ਤੇ ਗੰਭੀਰ ਆਵਜ਼ ਵਿਚ ਫ਼ੁਰਮਾਇਆ ਕਿ ਸਾਨੂੰ ਬਾਦਸ਼ਾਹ ਦੀਆਂ ਦੋਵੇਂ ਸ਼ਰਤਾਂ ਅਪਰਵਾਨ ਹਨ।

ਅਸੀਂ ਨਾ ਆਪਣਾ ਧਰਮ ਤਿਆਗਣ ਲਈ ਤਿਆਰ ਹਾਂ, ਨਾ ਕਰਾਮਾਤ ਵਿਖਾਉਣ ਲਈ। ਤੁਸੀਂ ਜੋ ਕਾਰਵਾਈ ਕਰਨੀ ਹੈ, ਕਰੋ।

ਗੁਰੂ ਜੀ ਦਾ ਜਵਾਬ ਸੁਣ ਕੇ ਕਾਜ਼ੀ ਨੇ ਉਨ੍ਹਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿਤਾ।

ਕਤਲ ਦਾ ਸਮਾਂ ਨੀਯਤ ਕਰਕੇ ਨਗਰ ਵਿਚ ਡੌਂਡੀ ਫੇਰੀ ਗਈ। ਨਿਸਚਤ ਸਮੇਂ ਤੇ ਗੁਰੂ ਜੀ ਨੂੰ ਬੰਦੀਖਾਨੇ ਵਿਚੋਂ ਚਾਂਦਨੀ ਚੌਂਕ ਲਿਜਾਇਆ ਗਿਆ।

ਆਪ ਦੀ ਅੰਤਮ ਇੱਛਾ ਜਾਣ ਕੇ ਆਪ ਨੂੰ ਲਾਗਲੇ ਖੂਤ ਤੋਂ ਇਸ਼ਨਾਨ ਕਰਨ ਦੀ ਆਗਿਆ ਦੇ ਦਿਤੀ ਗਈ।

ਇਸ਼ਨਾਨ ਕਰਕੇ ਆਪ ਬੋਹੜ ਦੇ ਬਿਰਛ ਥੱਲੇ ਚੌਂਕੜੀ ਮਾਰ ਕੇ ਬੈਠ ਗਏ।

ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਨ੍ਹਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਸਭੇ ਸ਼ਾਮਲ ਸਨ, ਇਹ ਦਰਦ ਭਰਿਆ ਦ੍ਰਿਸ਼ ਵੇਖਣ ਲਈ ਜੁੜੇ ਹੋਏ ਸਨ।

ਸਭਨਾਂ ਦੇ ਦਿਲ ਭਰੇ ਹੋਏ ਸਨ ਤੇ ਅੱਖਾਂ ਵਿਚੋਂ ਹੰਝੂ ਛਲਕ ਰਹੇ ਸਨ। ਗੁਰੂ ਸਾਹਿਬ ਨੇ ਜੱਲਾਦ ਨੂੰ ਆਖਿਆ ਕਿ ਅਸੀਂ ਪਾਠ ਕਰਨ ਲਗੇ ਹਾਂ। ਜਿਸ ਸਮੇਂ ਪਾਠ ਦਾ ਭੋਗ ਪਵੇ ਤੁਸੀਂ ਆਪਣਾ ਫ਼ਰਜ਼ ਪੂਰਾ ਕਰ ਲੈਣਾ।

ਗੁਰੂ ਜੀ ਇਕਾਗਰ ਚਿਤ ਹੋ ਕੇ ਜਪੁਜੀ ਸਾਹਿਬ ਦਾ ਪਾਠ ਕਰਨ ਲਗੇ। ਆਪ ਦੀ ਬਿਰਤੀ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ।

ਪਾਠ ਸੰਪੂਰਨ ਹੋਇਆ ਤਾਂ ਆਪ ਨੇ ਧੰਨ ਵਾਹਿਗੁਰੂ ਆਖਦੇ ਹੋਏ ਸੀਸ ਨਿਵਾਇਆ।

ਜੱਲਾਦ ਸੱਈਅਦ ਜਲਾਲ ਦੀਨ ਨੇ ਤਲਵਾਰ ਤਾਣੀ ਤੇ ਸੀਸ ਉੱਤੇ ਵਾਰ ਕੀਤਾ। ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ।

ਉਸ ਦਿਨ ਮੱਘਰ ਸੁਦੀ 5 ਸੰਮਤ 1732 ਜਾਂ ਸੰਨ 1675 ਈ: ਦੀ ਨਵੰਬਰ ਮਹੀਨੇ ਦੀ 11 ਤਾਰੀਖ ਸੀ।

ਜਿਸ ਸਥਾਨ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਜਗ੍ਹਾ ਹੁਣ ਗੁਰਦੁਆਰਾ ਸੀਸ ਗੰਜ ਸਥਿਤ ਹੈ।

Disclaimer Privacy Policy Contact us About us