ਗ੍ਰਹਿਸਥ ਮਾਹਿ ਉਦਾਸੀ


ਜਦੋਂ (ਗੁਰੂ) ਤੇਗ ਬਹਾਦਰ ਜੀ ਗਿਆਰ੍ਹਵੇਂ ਵਰ੍ਹੇ ਵਿਚੋਂ ਲੰਘ ਰਹੇ ਸਨ ਤਾਂ 15 ਅਸੂ, ਸੰਮਤ 1689 ਨੂੰ ਆਪ ਦਾ ਵਿਆਹ ਕਰਤਾਰਪੁਰ ਨਿਵਾਸੀ ਸ੍ਰੀ ਲਾਲ ਚੰਦ ਖੱਤਰੀ ਦੀ ਸੱਪੁਤਰੀ ਬੀਬੀ ਗੁਜਰੀ ਜੀ ਨਾਲ ਕੀਤਾ ਗਿਆ।

ਵਿਆਹ ਦੇ ਲਗਭਗ ਚੌਤੀ ਸਾਲ ਬਾਅਦ ਆਪ ਦੇ ਘਰ ਇਕੋ ਇਕ ਸੰਤਾਨ ਹੋਈ।

ਇਹ ਸੰਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਜਿਨ੍ਹਾਂ ਨੇ ਅਗਾਂਹ ਜਾ ਕੇ ਖਾਲਸਾ ਪੰਥ ਦੇ ਰੂਪ ਵਿਚ ਨਿਰਭੈ ਤੇ ਸਿਰਲੱਥ ਜੋਧਿਆਂ ਦੀ ਅਜਿਹੀ ਜੱਥੇਬੰਦੀ ਦੀ ਸਾਜਣਾ ਕੀਤੀ ਜਿਸ ਨੇ ਅਤਿਆਚਾਰੀ ਮੁਗ਼ਲ ਰਾਜ ਨਾਲ ਟੱਕਰ ਲੈ ਕੇ ਉਸ ਦਾ ਪਤਨ ਨੇੜੇ ਲੈ ਆਂਦਾ।

(ਗੁਰੂ) ਤੇਗ ਬਹਾਦਰ ਜੀ ਦਾ ਸੰਸਾਰਕ ਵਿਸ਼ਿਆਂ ਨਾਲ ਬਿਲਕੁਲ ਮੋਹ ਨਹੀਂ ਸੀ। ਆਪ ਇਨ੍ਹਾਂ ਤੋਂ ਬੇਲਾਗ ਤੇ ਬੇਵਾਸਤਾ ਸਨ।

ਆਪ ਜੀ ਦਾ ਗ੍ਰਹਿਸਥ ਜੀਵਨ ਬੜਾ ਸਾਦਾ ਤੇ ਪਵਿੱਤਰ ਸੀ। ਆਪ ਆਪਣਾ ਬਹੁਤਾ ਸਮਾਂ ਨਿਵੇਕਲੇ ਬੈਠ ਕੇ ਸਿਮਰਨ ਬੰਦਗੀ ਵਿਚ ਬਿਤਾਉਂਦੇ ਸਨ।

ਆਪ ਨੇ ਆਪਣੇ ਮਨ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ ਆਪਣੀਆਂ ਇੱਛਾਵਾਂ ਤੇ ਬਿਰਤੀਆਂ ਨੂੰ ਵਸ ਕਰ ਲਿਆ ਸੀ।

ਆਪ ਇਕਾਂਤ ਨੂੰ ਪਸੰਦ ਕਰਦੇ ਸਨ ਤੇ ਲੋਕਾਂ ਨੂੰ ਬਹੁਤ ਘਟ ਮਿਲਦੇ ਜੁਲਦੇ ਸਨ ਕਿਉਂ ਜੋ ਇਸ ਨਾਲ ਭਜਨ ਬੰਦਗੀ ਵਿਚ ਵਿਘਨ ਪੈਂਦਾ ਸੀ।

ਆਪ ਸੰਸਾਰ ਤੋਂ ਏਨੇ ਅੰਟਕ ਰਹਿੰਦੇ ਸਨ ਕਿ ਜਦੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੱਚਖੰਡ ਵਾਪਸੀ ਸਮੇਂ ਗੁਰਗੁੱਦੀ ਆਪ ਨੂੰ ਛੱਡ ਕੇ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੂੰ ਦਿੱਤੀ।

ਤਾਂ ਆਪ ਨੂੰ ਲੇਸ ਮਾਤਰ ਵੀ ਰੋਸ ਨਹੀਂ ਹੋਇਆ ਨਾ ਇਕ ਪਲ ਲਈ ਵੀ ਇਹ ਖ਼ਿਆਲ ਆਇਆ ਕਿ ਗੁਰਿਆਈ ਤੇ ਸਾਡਾ ਹੱਕ ਸੀ ਤੇ ਇਹ ਸਾਨੂੰ ਮਿਲਣੀ ਚਾਹੀਦੀ ਸੀ।

ਇਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੇ ਜੋਤੀ ਜੋਤ ਸਮਾਉਣ ਸਮੇਂ ਆਪਣੇ ਪੰਜਾਂ ਵਰਿਆਂ ਦੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਬਖ਼ਸ਼ ਦਿਤੀ ਅਤੇ ਆਪ ਦਾ ਧਿਆਨ ਨਹੀਂ ਕੀਤਾ ਤਦ ਵੀ ਆਪ ਨੂੰ ਭੋਰਾ ਭਰ ਅਫ਼ਸੋਸ ਨਾ ਹੋਇਆ।

ਇਸ ਦਾ ਕਾਰਨ ਇਹੀ ਸੀ ਕਿ ਆਪ ਸੰਸਾਰਕ ਮੋਹ ਮਾਇਆ ਤੋਂ ਉਚੇ ਸਨ ਤੇ ਆਪ ਕਿਸੇ ਪ੍ਰਕਾਰ ਦੇ ਦੁਨਿਆਵੀ ਝਮੇਲੇ ਵਿਚ ਪੈਣਾ ਨਹੀਂ ਸਨ ਚਾਹੁੰਦੇ।

ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਆਪਣੇ ਮਾਤਾ ਜੀ ਅਤੇ ਸੁਪਤਨੀ ਨੂੰ ਲੈ ਕੇ ਆਪਣੇ ਨਾਨਕੇ ਪਿੰਡ ਬਾਬਾ ਬਕਾਲਾ ਚਲੇ ਗਏ।

Disclaimer Privacy Policy Contact us About us