ਬਾਈ ਗੁਰੂ


ਅੱਠਵੇਂ ਗੁਰੂ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਅਚਨਚੇਤ ਬੀਮਾਰ ਹੋਏ ਅਤੇ ਛੋਟੀ ਜਿਹੀ ਉਮਰ ਵਿਚ ਜੋਤੀ ਜੋਤ ਸਮਾਂ ਗਏ।

ਆਪਣੀ ਸੱਚਖੰਡ ਯਾਤਰਾ ਸਮੇਂ ਸੰਗਤਾਂ ਦੇ ਪੁੱਛਣ ਤੇ ਕਿ ਆਪ ਦੇ ਬਾਅਦ ਇਸ ਗੱਦੀ ਉਪਰ ਕੌਣ ਸੁਸ਼ੋਭਤ ਹੋਣਗੇ ਤੇ ਸਾਡੀ ਅਗਵਾਈ ਕਰਨਗੇ, ਆਪ ਨੇ ਬਿਸਤਰੇ ਪੁਰ ਲੇਟੇ ਲੇਟੇ ਹੀ ਪੰਜ ਪੈਸੇ ਤੇ ਨਰੇਲ ਹੱਥ ਵਿਚ ਲੈ ਕੇ ਤਿੰਨ ਵਾਰੀ ਹੱਥ ਭੁਆਇਆ ਅਤੇ ਬਚਨ ਕੀਤਾ, 'ਬਾਬਾ ਬਕਾਲੇ!'

ਇਹਨਾਂ ਸ਼ਬਦਾਂ ਦਾ ਭਾਵ ਆਪਣੇ ਆਪ ਵਿਚ ਬਿਲਕੁਲ ਸਪਸ਼ਟ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਪਿੰਡ ਬਕਾਲਾ ਵਿਖੇ ਨਿਵਾਸ ਰਖਦੇ ਸਨ ਤੇ ਰਿਸ਼ਤੇ ਵਲੋਂ ਉਹ ਆਪ ਦੇ ਬਾਬਾ ਲੱਗਦੇ ਸਨ।

ਇਸ ਲਈ ਆਪ ਦੇ ਬਚਨਾਂ ਦਾ ਸਾਫ਼ ਮਤਲਬ ਇਹੀ ਸੀ ਕਿ ਪਿੰਡ ਬਕਾਲਾ ਵਿਖੇ ਸਾਡੇ ਬਾਬਾ ਰਹਿੰਦੇ ਹਨ, ਸਾਡੇ ਮਗਰੋਂ ਉਹੀ ਗੁਰਗੱਦੀ ਦੀ ਜ਼ਿਮੇਵਾਰੀ ਸੰਭਾਲਣਗੇ।

ਪਰ ਧੀਰ ਮੱਲ ਤੇ ਰਾਮਰਾਇ ਜਿਹੇ ਗੁਰੂ ਘਰਾਣੇ ਨਾਲ ਸੰਬੰਧ ਰਖਣ ਵਾਲੇ ਅਨੇਕਾਂ ਬੰਦੇ ਗੁਰਗੱਦੀ ਉੱਤੇ ਕਬਜ਼ਾ ਜਮਾਉਣ ਦੇ ਚਾਹਵਾਨ ਸਨ।

ਹੁਣ ਜਦ ਕਿ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਹੱਥੀਂ ਗੁਰਿਆਈ ਦਿੱਤੇ ਬਿਨਾਂ ਜੋਤੀ ਜੋਤ ਸਮਾ ਗਏ ਅਤੇ ਉਹਨਾਂ ਨੇ ਸਪਸ਼ਟ ਰੂਪ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂ ਵੀ ਨਹੀਂ ਲਿਆ ਸੀ।

ਇਸ ਲਈ ਗੁਰਗੱਦੀ ਦੇ ਦਾਵੇਦਾਰਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ‘ਬਾਬਾ ਬਕਾਲੇ' ਸ਼ਬਦਾਂ ਨੂੰ ਆਪਣੇ ਨਾਲ ਜੋੜ ਲੀਤਾ ਤੇ ਬਕਾਲੇ ਪਹੁੰਚ ਕੇ ਹਰੇਕ ਆਪਣੇ ਆਪ ਨੂੰ ‘ਸੋਢੀ ਬਾਬਾ' ਪ੍ਰਗਟ ਕਰਕੇ ਗੁਰੂ ਬਣਾ ਬੈਠਾ।

ਬਕਾਲੇ ਵਿਖੇ ਬਾਈ ਮੰਜੀਆਂ ਕਾਇਮ ਹੋ ਗਈਆਂ ਤੇ ਬਾਈ ਗੁਰੂ ਪ੍ਰਗਟ ਹੋ ਪਏ।

Disclaimer Privacy Policy Contact us About us