ਸੁਆਰਥੀ ਗੁਰੂਆਂ ਦਾ ਪ੍ਰਚਾਰ


ਇਹਨਾਂ ਗੁਰੂਆਂ ਵਿਚੋਂ ਹਰੇਕ ਦੇ ਦੁਆਲੇ ਸੁਆਰਥੀ ਚੇਲਿਆਂ ਤੇ ਉਪਾਸ਼ਕਾਂ ਦੀਆਂ ਭੀੜਾਂ ਜੁੜ ਗਈਆਂ। ਇਹ ਚੇਲੇ ਭੋਲੇ ਭਾਲੇ ਸਿੱਖਾਂ ਨੂੰ ਭਰਮ ਭੁਚਲਾ ਕੇ ਆਪਣੇ ਆਪਣੇ ਗੁਰੂ ਦੀ ਹਜ਼ੂਰੀ ਵਿਚ ਖਿੱਚ ਕੇ ਲੈ ਜਾਂਦੇ।

ਉਨ੍ਹਾਂ ਪਾਸੋਂ ਕਾਰ ਭੇਟਾ ਵਸੂਲ ਕਰਦੇ ਤੇ ਉਨ੍ਹਾਂ ਨੂੰ ਯਕੀਨ ਦੁਆਉਂਦੇ ਕਿ ਕੇਵਲ ਸਾਡਾ ਗੁਰੂ ਹੀ ਅਸਲੀ ਗੁਰੂ ਹੈ, ਦੂਜੇ ਐਵੇਂ ਝੂਠੇ ਗੁਰੂ ਬਣ ਬੈਠੇ ਹਨ। ਉਹਨਾਂ ਦੇ ਜਾਲ ਵਿਚ ਨਾ ਫਸੋ।

ਭੋਲੀਆਂ ਸੰਗਤਾਂ ਨੂੰ ਆਪਣੇ ਆਪਣੇ ਵਲ ਖਿੱਚਣ ਲਈ ਕਈ ਵਾਰ ਇਹਨਾਂ ਚੇਲਿਆਂ ਦਾ ਆਪਸ ਵਿਚ ਲੜਾਈ ਝਗੜਾ ਵੀ ਹੋ ਜਾਂਦਾ ਤੇ ਅੱਛਾ ਖਾਸਾ ਹੰਗਾਮਾ ਮਚ ਜਾਂਦਾ।

ਸੰਗਤਾਂ ਇਹ ਵੇਖ ਵੇਖ ਕੇ ਅਸਚਰਜ ਹੁੰਦੀਆਂ। ਉਨ੍ਹਾਂ ਨੂੰ ਸਮਝ ਨਾ ਪੈਂਦੀ ਕਿ ਕਿਹੜਾ ਅਸਲੀ ਗੁਰੂ ਹੈ ਤੇ ਕਿਹੜਾ ਨਕਲੀ?

ਜਿਸ ਗੁਰੂ ਪਾਸ ਵੀ ਉਹ ਜਾਂਦੇ ਉਹ ਉਨ੍ਹਾਂ ਦੀ ਗੰਢ ਗੱਠੜੀ ਵਲ ਨਜ਼ਰਾਂ ਗਾੜ ਦਿੰਦਾ ਕਿਸੇ ਦੇ ਬਚਨਾਂ ਤੋਂ ਉਨ੍ਹਾਂ ਨੂੰ ਆਤਮਕ ਸ਼ਾਂਤੀ ਤੇ ਰਸ ਪ੍ਰਾਪਤ ਨਾ ਹੁੰਦਾ।

ਹਿਰਦਿਆਂ ਨੂੰ ਠੰਢ ਨਾ ਪੈਂਦੀ ਸਗੋਂ ਮਨ ਦੀ ਭਟਕਣਾ ਵੱਧ ਜਾਂਦੀ, ਠੱਗੇ ਠੱਗੇ ਜਾਣ ਦਾ ਅਹਿਸਾਸ ਹੁੰਦਾ।

ਤਦ ਉਨ੍ਹਾਂ ਦੇ ਅੰਦਰੋਂ ਪੁਕਾਰ ਉੱਠਦੀ, 'ਹੇ ਸੱਚੇ ਪਾਤਸ਼ਾਹ! ਗੁਰੂ ਨਾਨਕ ਦੀ ਜੋਤ! ਪ੍ਰਗਟ ਹੋਵੋ, ਆਪਣੇ ਸੇਵਕਾਂ ਦੀ ਰਾਹ ਦਸਾਈ ਕਰੋ'।

ਸ੍ਰੀ ਗੁਰੂ ਤੇਗ ਬਹਾਦਰ ਜੀ ਇਹ ਸਭ ਕੁਝ ਸੁਣਦੇ ਜਾਣਦੇ ਸਨ। ਦੁਖੀ ਵੀ ਹੁੰਦੇ ਸਨ। ਪਰ ਉਹ ਕਿਸੇ ਝਗੜੇ ਝਾਂਜੇ ਵਿਚ ਨਹੀਂ ਪੈਣਾ ਚਾਹੁੰਦੇ ਸਨ। ਉਹ ਉਸੇ ਤਰ੍ਹਾਂ ਅਡੋਲ ਤੇ ਸ਼ਾਂਤ, ਜਾਪ ਸਿਮਰਨ ਵਲ ਲੱਗੇ ਰਹੇ।

ਇਸ ਰਾਮ ਰੌਲੇ ਵਿਚ ਪੂਰਾ ਬਰਸ ਬੀਤ ਗਿਆ।

Disclaimer Privacy Policy Contact us About us