ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ


ਮੱਖਣ ਸ਼ਾਹ ਦੇ ਅੰਦਰੋਂ ਕੋਈ ਉਮਾਹ ਜਾਗਿਆ। ਉਹ ਬਜ਼ੁਰਗ ਕਿਸਾਨ ਦੇ ਦਸੇ ਕੋਠੇ ਅੰਦਰ ਗਿਆ।

ਗੁਰੂ ਤੇਗ ਬਹਾਦਰ ਜੀ ਭੋਰੇ ਅੰਦਰ ਸਮਾਧੀ ਲਾਈ ਬੈਠੇ ਸਨ। ਮੱਖਣ ਸ਼ਾਹ ਨੇ ਉਨ੍ਹਾਂ ਦੇ ਦਰਸ਼ਨਾਂ ਵਾਸਤੇ ਬੇਨਤੀ ਕੀਤੀ।

ਪਰ ਮਾਤਾ ਗੁਜਰੀ ਜੀ ਨੇ ਜਵਾਬ ਦਿਤਾ ਕਿ ਮਹਾਰਾਜ ਕਿਸੇ ਨੂੰ ਮਿਲਦੇ ਨਹੀਂ। ਪਰ ਮੱਖਣ ਸ਼ਾਹ ਵੀ ਧੁਨ ਦਾ ਪੱਕਾ ਸੀ। ਉਸ ਨੇ ਮਾਤਾ ਜੀ ਅਗੇ ਤਰਲੇ ਵਾਸਤੇ ਪਾ ਕੇ ਭੋਰੇ ਦਾ ਬੂਹਾ ਖੁਲ੍ਹਵਾਇਆ।

ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਉਸ ਦਾ ਹਿਰਦਾ ਠਰ ਗਿਆ। ਆਤਮਾ ਖਿੜ ਗਈ।

ਉਸ ਨੇ ਸੁਭਾਵਕ ਰੂਪ ਵਿਚ ਪਹਿਲੇ ਵਾਂਗ ਹੀ ਦੋ ਮੁਹਰਾਂ ਅੱਗੇ ਰਖਕੇ ਮੱਥਾ ਟੇਕਿਆ ਤੇ ਚਰਨਾਂ ਦੀ ਧੂੜ ਲਈ।

ਗੁਰੂ ਜੀ ਸਮਾਧੀ ਤੋਂ ਸਾਵਧਾਨ ਹੋਏ। ਆਪ ਜਾਣ ਗਏ ਕਿ ਹੁਣ ਪ੍ਰਗਟ ਹੋ ਕੇ ਗੁਰਗੱਦੀ ਦੀ ਸੇਵਾ ਸੰਭਾਲ ਦਾ ਸਮਾਂ ਆ ਪੁਜਾ ਹੈ।

ਆਪ ਨੇ ਮੱਖਣ ਸ਼ਾਹ ਵਲ ਤੱਕ ਕੇ ਕਿਹਾ, 'ਭਾਈ ਪੁਰਖਾ! ਗੁਰੂ ਦੀ ਅਮਾਨਤ ਪੂਰੀ ਦਿੱਤੀ ਹੀ ਭਲੀ ਹੁੰਦੀ ਹੈ। ਤੂੰ ਹਜ਼ਾਰ ਵਿਚੋਂ ਕੇਵਲ ਦੋ ਦੇ ਰਿਹਾ ਹੈ ਇਹ ਕਿਉਂ?'

ਸਤਿਗੁਰਾਂ ਦੇ ਇਹ ਬਚਨ ਸੁਣ ਕੇ ਭਾਈ ਮੱਖਣ ਸ਼ਾਹ ਦੀ ਖ਼ੁਸ਼ੀ ਦਾ ਪਾਰਾਵਾਰ ਨਾ ਰਿਹਾ। ਉਸ ਨੇ ਝਟ ਨਾਲ ਹਜ਼ਾਰ ਮੁਹਰਾਂ ਗੁਰੂ ਜੀ ਦੇ ਸਾਹਮਣੇ ਡੇਰ ਕਰ ਦਿੱਤੀਆਂ ਤੇ ਚਰਨਾਂ ਉਪਰ ਸੀਸ ਨਿਵਾ ਕੇ ਕੋਠੇ ਵਲ ਨੱਸਿਆ।

ਉਪਰ ਜਾ ਕੇ ਉਸ ਨੇ ਜ਼ੋਰ ਜ਼ੋਰ ਦੀ ਪੱਲਾ ਫੇਰਨਾ ਸ਼ੁਰੂ ਕੀਤਾ ਤੇ ਉੱਚੀ ਉੱਚੀ ਪੁਕਾਰਨ ਲੱਗਾ, 'ਗੁਰੂ ਲਾਧੋ ਰੇ, ਗੁਰੂ ਲਾਧੋ ਰੇ!'

ਲੋਕਾਂ ਨੇ ਭਾਈ ਮੱਖਣ ਸ਼ਾਹ ਦਾ ਹੋਕਾ ਸੁਣਿਆ। ਆਸ ਤੇ ਨਿਰਾਸ ਵਿਚਕਾਰ ਲਟਕਦੇ ਉਨ੍ਹਾਂ ਦੇ ਚਿਹਰਿਆਂ ਉੱਤੇ ਰੌਣਕ ਆ ਗਈ।

ਪਲਾਂ ਛਿਨਾਂ ਵਿਚ ਇਹ ਖ਼ਬਰ ਸਾਰੇ ਥਾਈਂ ਫੈਲ ਗਈ। ਮੇਲੇ ਵਿਚ ਜੁੜਿਆਂ ਸੰਗਤਾਂ ਚਾਅ ਤੇ ਉਮਾਹ ਵਿਚ ਭਰ ਕੇ ਉਧਰ ਨੂੰ ਨੱਸ ਤੁਰੀਆਂ।

ਵੇਖਦਿਆਂ ਵੇਖਦਿਆਂ ਗੁਰੂ ਜੀ ਦੇ ਕੋਠੇ ਦੇ ਦੁਆਲੇ ਅਥਾਹ ਭੀੜ ਜੁੜ ਗਈ। ਚਾਰੇ ਪਾਸੇ ਸਿੱਖਾਂ ਦਾ ਸਮੁੰਦਰ ਠਾਠਾਂ ਮਾਰਦਾ ਨਜ਼ਰ ਆਉਣ ਲੱਗਾ।

ਸੰਗਤਾਂ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਜੀ ਬਾਹਰ ਆ ਕੇ ਦਰਸ਼ਨ ਦਿੱਤੇ। ਸੰਗਤਾਂ ਨਿਹਾਲ ਹੋ ਗਈਆਂ।

Disclaimer Privacy Policy Contact us About us